ਰਜਿ: ਨੰ: PB/JL-124/2018-20
RNI Regd No. 23/1979

ਦਿੱਲੀ ਅੰਦੋਲਨ ’ਚ ਜਾਨ ਗੁਆਉਣ ਵਾਲੇ ਜਲੰਧਰ ਦੇ 9 ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰ ਦੇਵੇਗੀ ਨੌਕਰੀ
 
BY admin / May 21, 2023
ਚੰਡੀਗੜ੍ਹ, 21 ਮਈ (ਪ. ਪ.)-ਕੇਂਦਰ ਵੱਲੋਂ ਖੇਤੀ ਕਾਨੂੰਨਾਂ ਨੂੰਲੈ ਕੇ ਦੇਸ਼ ਭਰ ਦੇ ਕਿਸਾਨਾਂ ਵੱਲੋਂ ਲੰਬੇ ਸਮੇਂ ਤੋਂ ਸਿੰਘੂ ਬਾਰਡਰ ‘ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਅੰਦੋਲਨ ਵਿਚ ਜ਼ਿਆਦਾਤਰ ਪੰਜਾਬ ਤੇ ਹਰਿਆਣਾ ਦੇ ਕਿਸਾਨ ਮੌਜੂਦ ਰਹੇ ਤੇ ਪੰਜਾਬ ਦੇ 500 ਤੋਂ ਵੱਧ ਕਿਸਾਨਾਂ ਨੇ ਇਸ ਅੰਦੋਲਨ ਵਿਚ ਜਾਨ ਗੁਾ ਦਿੱਤੀ ਸੀ। ਮ੍ਰਿਤਕ ਕਿਸਾਨਾਂ ਦੇ ਪਰਿਵਾਰ ਵਾਲਿਆਂ ਨੂੰ ਨੌਕਰੀ ਦੇਣ ਲਈ ਸਾਂਸਦ ਤੋਂ ਲੈ ਕੇ ਵਿਧਾਨ ਸਭਾ ਤੱਕ ਹੰਗਾਮਾ ਹੋਇਆ ਸੀ। ਕਾਂਗਰਸ ਦੀ ਸਰਕਾਰ ਵਿਚ ਕਈ ਕਿਸਾਨਾਂ ਦੇ ਪਰਿਵਾਰ ਵਾਲਿਆਂ ਨੂੰ ਨੌਕਰੀ ਦਿੱਤੀ ਗਈ ਸੀ ਪਰ ਉਸ ਵਿਚ ਵੀ ਕਈ ਕਿਸਾਨ ਰਹਿ ਗਏ ਸਨ ਜਿਸ ਨੂੰ ਹੁਣ ਆਮ ਆਦਮੀ ਪਾਰਟੀ ਨੌਕਰੀ ਦੇਵੇਗੀ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਸੈਕ੍ਰੇਟਰੀ ਵੱਲੋਂ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੱਚਰ ਜਾਰੀ ਕਰਕੇ ਉਨ੍ਹਾਂ ਨੂੰ ਸਬੰਧਤ ਜ਼ਿਲ੍ਹਿਆਂ ਵਿਚ ਜਿਨ੍ਹਾਂ ਕਿਸਾਨਾਂ ਦੀ ਅੰਦੋਲਨ ਦੌਰਾਨ ਮੌਤ ਹੋ ਚੁੱਕੀ ਹੈ ਉਨ੍ਹਾਂ ਦੀ ਪੂਰੀ ਲਿਸਟ ਭੇਜਦੇ ਹੋਏ ਮ੍ਰਿਤਕ ਕਿਸਾਨਾਂ ਦੇ ਪਰਿਵਾਰ ਦੀ ਪੂਰੀ ਜਾਣਕਾਰੀ ਭੇਜਣ ਲਈ ਕਿਹਾ ਗਿਆ ਹੈ। ਮ੍ਰਿਤਕ ਕਿਸਾਨਾਂ ਦੇ ਪਰਿਵਾਰ ਵਾਲਿਆਂ ਨੂੰ ਤਰਸ ਦੇ ਆਧਾਰ ‘ਤੇ ਨੌਕਰੀ ਦਿੱਤੀ ਜਾ ਰਹੀ ਹੈ ਜਿਸ ਵਿਚ ਉਨ੍ਹਾਂ ਦੇ ਪਰਿਵਾਰ ਦੀ ਪੂਰੀ ਡਿਟੇਲ ਲਈ ਪਟਵਾਰੀ ਪੱਧਰ ‘ਤੇ ਵੈਰੀਫਿਕੇਸ਼ਨ ਕਰਵਾਈ ਗਈਹੈ। ਜਲੰਧਰ ਜ਼ਿਲ੍ਹੇ ਵਿਚ ਇਸ ਵਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 9 ਕਿਸਾਨਾਂ ਦੀ ਲਿਸਟ ਤਿਆਰ ਕੀਤੀ  ਗਈ ਹੈ ਜਿਨ੍ਹਾਂ ਨੂੰ ਨੌਕਰੀ ਦੇਣ ਲਈ ਡਿਪਟੀ ਕਮਿਸ਼ਨਰ ਵੱਲੋਂ ਸਿਫਾਰਸ਼ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਵਿਚ ਜਾਨ ਗੁਆਉਣ ਵਾਲੇ ਜਲੰਧਰ ਦੇ 12 ਕਿਸਾਨ ਸਨ ਜਿਨ੍ਹਾਂ ਵਿਚੋਂ 3 ਕਿਸਾਨਾਂ ਨੂੰ ਕਾਂਗਰਸ ਸਰਕਾਰ ਸਮੇਂ ਨੌਕਰੀ ਮਿਲ ਗਈ ਸੀ ਤੇ ਹੁਣ 9 ਕਿਸਾਨਾਂ ਨੂੰ ਆਪ ਸਰਕਾਰ ਨੌਕਰੀ ਦੇਵੇਗੀ। ਪੰਜਾਬ ਸਰਕਾਰ ਵੱਲੋਂ ਨੌਕਰੀ ਲੈਣ ਵਾਲੇ ਮ੍ਰਿਤਕ ਕਿਸਾਨਾਂ ਦੇ ਪਰਿਵਾਰ ਵਾਲਿਆਂ ਨੂੰ ਖੇਤੀਬਾੜੀ ਵਿਕਾਸ ਵਿਭਾਗ ਵੱਲੋਂ ਉਨ੍ਹਾਂ ਦੀ ਯੋਗਦਾ ਅਨੁਸਾਰ ਕਲੈਰੀਕਲ ਸਟਾਫ ਤੋਂ ਲੈ ਕੇ ਦਰਜਾ-4 ਕਰਮਚਾਰੀ ਦੀ ਨੌਕਰੀ ਦਿੱਤੀ ਜਾਵੇਗੀ। ਪਿੰਡ ਡਰੋਲੀ ਕਲਾਂ ਦੇ ਸਤਨਾਮ ਸਿੰਘ ਦੇ ਬੇਟੇ ਜਸਵਿੰਦਰ ਸਿੰਘ, ਪਿੰਡ ਤਲਵੰਡੀ ਸੰਘੇੜਾ ਦੇ ਸੰਦੀਪ ਕੁਮਾਰ ਦੇ ਭਰਾ ਰਣਜੀਤ, ਪਿੰਡ ਬਡਾਲਾ ਦੇ ਅਰਸ਼ਪ੍ਰੀਤ ਸਿੰਘ ਦੀ ਮਾਂ ਰਵਿੰਦਰ ਕੌਰ, ਪਿੰਡ ਲਸਾੜਾ ਦੇ ਗੁਰਮੇਲ ਸਿੰਘ ਦੇ ਬੇਟੇ ਰਣਜੀਤ ਸਿੰਘ, ਪਿੰਡ ਕਲਿਆਣਪੁਰ ਦੇ ਗੁਰਮੇਲ ਸਿੰਘ ਦੀ ਪਤਨੀ ਜਸਵੀਰ ਕੌਰ, ਪਿੰਡ ਅਕਲਪੁਰ ਦੇ ਕਿਸਾਨ ਗਰੀਬਦਾਸ ਬੇਟੇ ਸ਼ੀਤਲ ਕੁਮਾਰ, ਪਿੰਡ ਸੁਲਤਾਨਪੁਰ ਦੇ ਕਿਸਾਨ ਦਲਜੀਤ ਸਿੰਘ ਦੀ ਭੈਣ ਅਰਸ਼ਦੀਪ, ਪਿੰਡ ਖੇਲਾ ਬਿਲਗਾ ਦੇ ਬਘੇਲਾ ਰਾਮ ਦੇ ਬੇਟੇ ਹੁਸਨ ਲਾਲ ਤੇ ਪਿੰਡ ਡੱਲਾ ਦੇ ਬਲਜੀਤ ਸਿੰਘ ਦੀ ਪਤਨੀ ਰਵਿੰਦਰ ਕੌਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ।