ਰਜਿ: ਨੰ: PB/JL-124/2018-20
RNI Regd No. 23/1979

ਖੰਨਾ ਵਿੱਚ ਤੇਜ਼ ਰਫ਼ਤਾਰ ਕਾਰ ਨੇ ਬੈਂਚ ਉਪਰ ਬੈਠੇ ਨੌਜਵਾਨਾਂ ਨੂੰ ਦਰੜਿਆ, ਦੋ ਦੀ ਮੌਤ, ਇਕ ਗੰਭੀਰ
 
BY admin / May 22, 2023
ਖੰਨਾ, 22 ਮਈ (ਪ. ਪ.)-ਖੰਨਾ ਵਿਚ ਦੇਰ ਰਾਤ ਤੇਜ਼ ਰਫਤਾਰ ਕਾਰ ਨੇ ਦੋ ਨੌਜਵਾਨਾਂ ਦੀ ਜਾਨ ਲੈ ਲਈ। ਤੀਜਾ ਨੌਜਵਾਨ ਵੀ ਗੰਭੀਰ ਜਖ਼ਮੀ ਹੈ। ਇਹ ਨੌਜਵਾਨ ਸੜਕ ਕਿਨਾਰੇ ਬੈਂਚ ਉਪਰ ਬੈਠੇ ਸਨ। ਹਾਦਸੇ ਵਿਚ ਕਾਰ ਚਾਲਕ ਵੀ ਜਖ਼ਮੀ ਹੋਇਆ। ਮੌਕੇ ਉਤੇ ਮੌਜੂਦ ਲੋਕਾਂ ਅਨੁਸਾਰ ਨਸ਼ਾ ਕਰਕੇ ਗੱਡੀ ਚਲਾਉਣ ਨਾਲ ਇਹ ਹਾਦਸਾ ਵਾਪਰਿਆ। ਹਾਦਸਾ ਸਮਰਾਲਾ ਰੋਡ ਉਤੇ ਵਾਪਰਿਆ। ਜਿੱਥੇ ਇਹ ਨੌਜਵਾਨ ਸੜਕ ਦੇ ਕੋਲ ਲੱਗੇ ਸੀਮੇਂਟ ਦੇ ਬੈਂਚ ਉਪਰ ਬੈਠੇ ਸੀ। ਦੋਸ਼ ਹਨ ਕਿ ਕਾਰ ਸਵਾਰ ਮੁੰਡਿਆਂ ਨੇ ਨਸ਼ਾ ਕੀਤਾ ਹੋਇਆ ਸੀ ਜਿਸ ਕਰਕੇ ਕਾਰ ਉਪਰ ਕੰਟਰੋਲ ਨਹੀਂ ਹੋਇਆ ਅਤੇ ਕਾਰ ਬੇਕਾਬੂ ਹੋ ਕੇ ਦਰੱਖਤ ਨੂੰ ਤੋੜਦੀ ਹੋਈ ਨੌਜਵਾਨਾਂ ਉਪਰ ਚੜ੍ਹ ਗਈ। ਚਸ਼ਮਦੀਦ ਪਰਮਜੀਤ ਸਿੰਘ ਨੇ ਦੱਸਿਆ ਕਿ ਤਿੰਨ ਨੌਜਵਾਨ ਜਦੋਂ ਬੈਂਚ ਉਪਰ ਬੈਠੇ ਸੀ ਤਾਂ ਤੇਜ ਰਫ਼ਤਾਰ ਨਾਲ ਕਾਰ ਆਈ। ਕਾਰ ਡਰਾਈਵਰ ਨੇ ਕੋਈ ਬ੍ਰੇਕ ਨਹੀਂ ਲਗਾਈ। ਕਾਰ ਦਰੱਖਤ ਨੂੰ ਤੋੜਦੀ ਹੋਈ ਆਟਾ ਚੱਕੀ ਦੇ ਬਾਹਰ ਪਏ ਇੱਕ ਭਾਰੀ ਪੱਥਰ ਵਿਚ ਵੱਜੀ ਅਤੇ ਫਿਰ ਨੌਜਵਾਨਾਂ ਉਪਰ ਚੜ੍ਹ ਗਈ। ਪੱਥਰ ਇੱਕ ਨੌਜਵਾਨ ਉਪਰ ਜਾ ਕੇ ਡਿੱਗਿਆ। ਉਸ ਦੀ ਮੌਕੇ ਉਤੇ ਮੌਤ ਹੋ ਗਈ। ਦੂਜੇ ਨੌਜਵਾਨ ਦੀ ਵੀ ਮੌਤ ਹੋ ਗਈ। ਤੀਜਾ ਵੈਂਟੀਲੇਟਰ ਉਤੇ ਹੈ। ਲੋਕਾਂ ਦਾ ਦੋਸ਼ ਹੈ ਕਿ ਪੁਲਿਸ ਜਾਂਚ ਲਈ ਆਈ ਸੀ ਤਾਂ ਕਾਰ ਵਾਲਿਆਂ ਦਾ ਹੀ ਸਾਥ ਦੇ ਰਹੀ ਸੀ। ਇੱਕ ਹੋਰ ਚਸ਼ਮਦੀਦ ਅਮਰਦੀਪ ਸਿੰਘ ਅਨੁਸਾਰ ਉਹ ਆਪਣੀ ਪਤਨੀ ਨਾਲ ਸੈਰ ਕਰ ਰਿਹਾ ਸੀ ਤਾਂ ਉਸ ਦੀਆਂ ਅੱਖਾਂ ਸਾਹਮਣੇ ਇਹ ਦਰਦਨਾਕ ਹਾਦਸਾ ਵਾਪਰਿਆ। ਕਾਰ ਵਿਚ ਤਿੰਨ ਨੌਜਵਾਨ ਸਵਾਰ ਸਨ ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ। ਜਿਹੜਾ ਪੱਥਰ 10 ਜਣੇ ਮੁਸ਼ਕਲ ਨਾਲ ਚੁੱਕ ਸਕਦੇ ਹਨ, ਉਹ ਪੱਥਰ ਕਾਰ ਨੇ 25 ਕਦਮ ਦੂਰ ਚੁੱਕ ਕੇ ਮਾਰਿਆ। ਪੁਲਿਸ ਦੀ ਕਾਰਵਾਈ ਉਪਰ ਸਵਾਲ ਚੁੱਕਦੇ ਹੋਏ ਅਮਰਦੀਪ ਨੇ ਕਿਹਾ ਕਿ ਪੁਲਿਸ ਸਬੂਤ ਮਿਟਾਉਣ ਦੇ ਮਕਸਦ ਨਾਲ ਹਾਦਸੇ ਤੋਂ ਤੁਰੰਤ ਬਾਅਦ ਗੱਡੀ ਲੈਣ ਆ ਗਈ ਸੀ ਕਿਉਂਕਿ ਕਾਰ ਵਿਚ ਸ਼ਰਾਬ ਦੀਆਂ ਬੋਤਲਾਂ ਅਤੇ ਹੋਰ ਸਾਮਾਨ ਸੀ। ਇੱਕ ਮ੍ਰਿਤਕ ਨੌਜਵਾਨ ਦੇ ਪਿਤਾ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਬੇਟੇ ਦੇ ਨਾਲ ਉਸ ਦੇ 2 ਭਤੀਜੇ ਬੈਠੇ ਸੀ। ਇਨ੍ਹਾਂ ਉਪਰ ਕਾਰ ਆ ਚੜ੍ਹੀ। ਦੂਜੇ ਪਾਸੇ ਪੁਲਿਸ ਨੇ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਮੌਕੇ ਉਤੇ ਮੌਜੂਦ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਰ ਦੀ ਸਪੀਡ ਬਹੁਤ ਤੇਜ਼ ਸੀ। ਕਾਰ ਸਵਾਰਾਂ ਨੇ ਨਸ਼ਾ ਵੀ ਕੀਤਾ ਹੋਇਆ ਸੀ। ਜਿਸ ਕਰਕੇ ਇਸ ਹਾਦਸੇ ਵਿਚ ਦੋ ਮੌਤਾਂ ਹੋਈਆਂ।