ਰਜਿ: ਨੰ: PB/JL-124/2018-20
RNI Regd No. 23/1979

ਸ਼੍ਰੋਮਣੀ ਕਮੇਟੀ ਗੁਰੂ ਘਰਾਂ ਦਾ ਪ੍ਰਬੰਧ ਕਰਨ ਦੇ ਸਮਰੱਥ ਹੈ, ਮੁੱਖ ਮੰਤਰੀ, ਗੁਰੂ ਘਰਾਂ ਦੇ ਮਾਮਲਿਆਂ ਬਾਰੇ ਸੰਗਤ ’ਚ ਬੇਲੋੜੇ ਵਿਵਾਦ ਅਤੇ ਦੁਵਿਧਾ ਪੈਦਾ ਨਾ ਕਰਨ-ਧਾਮੀ
 
BY admin / May 22, 2023
ਅੰਮ੍ਰਿਤਸਰ, 22 ਮਈ (ਨਿਰਮਲ ਸਿੰਘ ਚੋਹਾਨ)  ਇਕੋ ਚੈਨਲ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਗੁਰਬਾਨੀ ਪ੍ਰੋਗਰਾਮ ਚਲਾਏ ਜਾਣ ਦੇ ਦਿੱਤੇ ਅਧਿਕਾਰਾਂ ਤੇ ਇਤਰਾਜ਼ ਕਰਦਿਆਂ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਇੱਕ ਚੈਨਲ ਨੂੰ ਅਧਿਕਾਰ ਦੇਣ ਦੀ ਬਜਾਏ ਦੂਸਰੇ ਚੈਨਲਾਂ ਨੂੰ ਦਿੱਤੇ ਜਾਣੇ ਚਾਹੀਦੇ ਹਨ ਅਤੇ ਇਸ ਤੇ ਆਉਣ ਵਾਲਾ ਖਰਚਾ ਪੰਜਾਬ ਸਰਕਾਰ ਦੇਵੇਗੀ। ਜਿਸ ਦਾ ਪ੍ਰਤੀਕਰਮ ਦਿੰਦਿਆਂ ਸ਼?ਰੌਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਟਵੀਟ ਕਰਕੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਗੁਰੂ ਘਰਾਂ ਦਾ ਪ੍ਰਬੰਧ ਕਰਨ ਦੇ ਸਮਰੱਥ ਹੈ। ਮੁੱਖ ਮੰਤਰੀ ਜੀ, ਗੁਰਬਾਣੀ ਪ੍ਰਸਾਰਣ ਜਾਂ ਗੁਰੂ ਘਰਾਂ ਦੇ ਮਾਮਲਿਆਂ ਬਾਰੇ ਟਵੀਟ ਕਰਕੇ ਸੰਗਤ ’ਚ ਬੇਲੋੜੇ ਵਿਵਾਦ ਅਤੇ ਦੁਵਿਧਾ ਪੈਦਾ ਨਾ ਕਰੋ। ਸਿੱਖ ਸੰਸਥਾ ਅਤੇ ਕੌਮ ਦੇ ਕੀਤੇ ਜਾਣ ਵਾਲੇ ਪੰਥਕ ਕਾਰਜਾਂ ਦੇ ਅਧਿਕਾਰ ਖੇਤਰ ਹੋਰ ਹੁੰਦੇ ਹਨ ਅਤੇ ਸਰਕਾਰਾਂ ਦੇ ਅਧਿਕਾਰ ਖੇਤਰ ਵੱਖਰੇ ਹੁੰਦੇ ਹਨ।ਸਰਕਾਰ ਦੇ ਅਧਿਕਾਰ ਖੇਤਰ ਵਿੱਚ ਤੁਹਾਡੀ  ਸਰਕਾਰ ਨਾਕਾਮ ਸਾਬਤ ਹੋ ਰਹੀ ਹੈ। ਤੁਸੀਂ ਸ੍ਰੀ ਦਰਬਾਰ ਸਾਹਿਬ ਦੀ ਗੱਲ ਕਰਦੇ ਹੋ, ਇਸ ਕੇਂਦਰੀ ਸਿੱਖ ਅਸਥਾਨ ਦੇ ਆਲੇ-ਦੁਆਲੇ ਸਰਕਾਰ ਤਰਫੋਂ ਕੀਤੇ ਜਾਣ ਵਾਲੇ ਕਾਰਜਾਂ ਦੀ ਸਥਿਤੀ ਦੇਖੋ ਕੀ ਹੈ? ਸਰਕਾਰ ਦੇ ਅਧਿਕਾਰ ਵਾਲਾ ਗਲਿਆਰਾ ਉੱਜੜ ਚੁੱਕਾ ਹੈ। ਵਿਰਾਸਤੀ ਮਾਰਗ ਦੇ ਰੱਖ-ਰਖਾਅ ’ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਂਦੇ ਰਸਤਿਆਂ ਦਾ ਬੁਰਾ ਹਾਲ ਦੇਖੋ। ਭਾਵੇਂ ਸਰਕਾਰ ਕੋਲ ਪੈਸਾ ਹੈ, ਜੋ ਲੋਕਾਂ ਦਾ ਹੀ ਹੈ, ਪਰ ਆਪਣੀ ਤਰਫੋਂ ਪੈਸਾ ਜਿੱਥੇ ਲਾਉਣ ਵਾਲਾ ਹੈ ਉਥੇ ਲਾਓ। ਬਿਨਾ ਮਤਲਬ ਗੁਰਬਾਣੀ ਪ੍ਰਸਾਰਣ ਲਈ ਖ਼ਰਚ ਦੀ ਗੱਲ ਕਰਕੇ ਕੌਮ ਨੂੰ ਦੁਵਿਧਾ ਵਿਚ ਨਾ ਪਾਓ।