ਮਾਨ ਵੱਲੋਂ ਦਰਿਆਈ ਪਾਣੀ ਰਾਜਸਥਾਨ ਨੂੰ ਦੇਣ ਖ਼ਿਲਾਫ਼ ਅਕਾਲੀ ਦਲ ਸੁਖਬੀਰ ਦੀ ਅਗਵਾਈ ’ਚ ਦੇਵੇਗਾ ਰੋਸ ਧਰਨਾ
ਚੰਡੀਗੜ੍ਹ, 23 ਮਈ, (ਰਾਜ ਕੁਮਾਰ ਵਰਮਾ)- ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਰਾਜਸਥਾਨ ਨੂੰ ਦਰਿਆਈ ਪਾਣੀ ਸਰੰਡਰ ਕਰਨ ਦੇ ਫੈਸਲੇ ਖਿਲਾਫ ਭਲਕੇ ਅਬੋਹਰ ਵਿਖੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਵੇਰੇ 11.00 ਵਜੇ ਧਰਨਾ ਦਿੱਤਾ ਜਾਵੇਗਾ। ਸਰਦਾਰ ਬਾਦਲ ਨੇ ਇਹ ਐਲਾਨ ਅੱਜ ਦੁਪਹਿਰ ਪਾਰਟੀ ਦੇ ਮੁੱਖ ਦਫਤਰ ਵਿਚ ਕੀਤਾ। ਉਹ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਸ ਵੇਲੇ ਦਿੱਤੇ ਜਾ ਰਹੇ 700 ਕਿਊਸਿਕ ਦੀ ਥਾਂ 1200 ਕਿਊਸਿਕ ਵਾਧੂ ਦਰਿਆਈ ਪਾਣੀ ਰਾਜਸਥਾਨ ਨੂੰ ਛੱਡਣ ਦੇ ਕੀਤੇ ਕਰਾਰ ਬਾਰੇ ਮੀਡੀਆ ਵੱਲੋਂ ਕੀਤੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਰਿਪੋਰਟਾਂ ਦਾ ਹਵਾਲਾ ਦਿੰਦਿਆਂ ਰਾਜਸਥਾਨ ਦੇ ਆਗੂ ਸ੍ਰੀ ਹਨੂਮਾਨ ਬੇਨੀਵਾਲ ਨੇ ਦਾਅਵਾ ਕੀਤਾ ਹੈ ਕਿ ਵਾਧੂ ਪਾਣੀ ਛੱਡਣ ਦਾ ਵਾਅਦਾ ਸ੍ਰੀ ਭਗਵੰਤ ਮਾਨ ਨੇ ਐਤਵਾਰ ਨੂੰ ਬਠਿੰਡਾ ਵਿਚ ਕੀਤਾ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਤੇ ਪੰਜਾਬ ਦਾ ਰਾਖਾ ਹੋਣ ਦੇ ਨਾਅਤੇ ਆਪ ਸਰਕਾਰ ਵੱਲੋਂ ਪੰਜਾਬ ਦੇ ਦਰਿਆਈ ਪਾਣੀਆਂ ਗੁਪ ਚੁੱਪ ਤਰੀਕੇ ਰਾਜਸਥਾਨ ਨੂੰ ਸਰੰਡਰ ਕਰਨ ਦੇ ਕੀਤੇ ਕਰਾਰ ਤੇ ਲੁੱਟ ਨੂੰ ਮੂਕ ਦਰਸ਼ਕ ਬਣ ਕੇ ਨਹੀਂ ਵੇਖੇਗਾ। ਸਰਦਾਰ ਬਾਦਲ ਨੇ ਕਿਹਾ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਆਖਿਆ ਹੈ ਕਿ ਉਹ ਇਹਨਾਂ ਰਿਪੋਰਟਾਂ ’ਤੇ ਆਪਣਾ ਸਟੈਂਡ ਸਪਸ਼ਟ ਕਰਨ ਪਰ ਇਕ ਦਿਨ ਬੀਤਣ ਦੇ ਬਾਵਜੂਦ ਵੀ ਮੁੱਖ ਮੰਤਰੀ ਨੇ ਚੁੱਪੀ ਧਾਰੀ ਹੋਈ ਹੈ। ਉਹਨਾਂ ਕਿਹਾ ਕਿ ਅਸੀਂ ਅਜਿਹਾ ਨਹੀਂ ਹੋਣ ਦਿਆਂਗੇ। ਸਰਦਾਰ ਬਾਦਲ ਨੇ ਕਿਹਾ ਕਿ ਇਹ ਪੰਜਾਬ ਵਿਚ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੀਤਾ ਤਾਜ਼ਾ ਸਰੰਡਰ ਹੈ ਜੋ ਇਸ ਵੱਲੋਂ ਪੰਜਾਬ ਅਤੇ ਪੰਥ ਦੇ ਹਰ ਧਾਰਮਿਕ, ਆਰਥਿਕ, ਖੇਤਰੀ ਤੇ ਦਰਿਆਈ ਪਾਣੀਆਂ ਦੇ ਮੁੱਦੇ ’ਤੇ ਕੀਤੇ ਧੋਖੇ ਦੇ ਲੰਬੇ ਇਤਿਹਾਸ ਦੀ ਨਿਰੰਤਰਤਾ ਹੀ ਹੈ। ਉਹਨਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਲੁੱਟ ਦੀ ਅਗਵਾਈ ਕੀਤੀ ਤੇ ਇਹ ਪਾਣੀ ਹਰਿਆਣਾ ਤੇ ਦਿੱਲੀ ਨੂੰ ਦਿੱਤੇ ਤੇ ਸ੍ਰੀ ਭਗਵੰਤ ਮਾਨ ਇਸ ਲੁੱਟ ਪ੍ਰਤੀ ਅੱਖਾਂ ਮੀਟਦੇ ਰਹੇ ਹਨ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਆਪਣੇ ਆਕਾ ਸ੍ਰੀ ਕੇਜਰੀਵਾਲ ਦੀ ਹਦਾਇਤ ’ਤੇ ਭਗਵੰਤ ਮਾਨ ਨੇ ਹੁਣ ਰਾਜਸਥਾਨ ਨੂੰ ਵਾਧੂ ਦਰਿਆਈ ਪਾਣੀ ਦੇਣ ਦੇ ਇਕਰਾਰ ’ਤੇ ਸਹੀ ਪਾਈ ਹੈ ਜਿਸ ਨਾਲ ਪੰਜਾਬ ਦੇ ਪਹਿਲਾਂ ਹੀ ਕਸੂਤੇ ਫਸੇ ਕਿਸਾਨਾਂ ਦੀ ਤਬਾਹੀ ਮਚ ਜਾਵੇਗੀ ਤੇ ਸੂਬੇ ਦੇ ਅਰਥਚਾਰੇ ਨੂੰ ਵੀ ਵੱਡੀ ਸੱਟ ਵੱਜੇਗੀ। ਇਸ ਤੋਂ ਪਹਿਲਾਂ ਸ੍ਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਚ ਹਰਿਆਣਾ ਵੱਲੋਂ ਵੱਖਰੀ ਵਿਧਾਨ ਸਭਾ ਦਾ ਵਿਰੋਧ ਕਰਨ ਦੀ ਥਾਂ ਪੰਜਾਬ ਲਈ ਹੀ ਇਸਦੇ ਰਾਜਧਾਨੀ ਸ਼ਹਿਰ ਚੰਡੀਗੜ੍ਹ ਵਿਚ ਥਾਂ ਮੰਗ ਕੇ ਚੰਡੀਗੜ੍ਹ ’ਤੇ ਆਪਣਾ ਬਣਦਾ ਦਾਅਵਾ ਸਰੰਡਰ ਕਰ ਦਿੱਤਾ ਸੀ।