ਰਜਿ: ਨੰ: PB/JL-124/2018-20
RNI Regd No. 23/1979

ਅਕਾਲੀ ਦਲ ਨੇ ਆਪ ਸਰਕਾਰ ਵੱਲੋਂ ’ਭ੍ਰਿਸ਼ਟਾਚਾਰ ਮੁਕਤ ਰੁਤਬੇ’ ਦੇ ਦੇਸ਼ ਭਰ ਵਿਚ ਪ੍ਰਚਾਰ ਕਰਨ ’ਤੇ ਕਰੋੜਾਂ ਰੁਪਏ ਬਰਾਬਾਦ ਕਰਨ ਦੀ ਕੀਤੀ ਨਿਖੇਧੀ
 
BY admin / May 25, 2023
ਚੰਡੀਗੜ੍ਹ, 25 ਮਈ, (ਯੂ.ਐਨ.ਆਈ.)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਵੱਲੋਂ ਇਸਦੇ ’ਭ੍ਰਿਸ਼ਟਾਚਾਰ ਮੁਕਤ ਰੁਤਬੇ’ ਦੇ ਦੇਸ਼ ਭਰ ਵਿਚ ਪ੍ਰਚਾਰ ’ਤੇ ਕਰੋੜਾਂ ਰੁਪਏ ਬਰਾਬਾਦ ਕਰਨ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਅਸਲੀਅਤ ਇਹ ਹੈ ਕਿ ਸੂਬੇ ਵਿਚ ਵਿਆਪਕ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ ਤੇ ਆਪ ਦੇ ਮੰਤਰੀ ਤੇ ਵਿਧਾਇਕ ਭ੍ਰਿਸ਼ਟਾਚਾਰ ਲੱਗੇ ਹਨ। ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਦੇਸ਼ ਭਰ ਵਿਚ ਪੂਰੇ ਸਫੇ ਦਾ ਇਸ਼ਤਿਹਾਰ ਦੇ ਕੇ ਪੰਜਾਬ ਦੇ ਭ੍ਰਿਸ਼ਟਾਚਾਰ ਮੁਕਤ ਹੋਣ ਦੇ ਦਾਅਵੇ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬੀਆਂ ਨੂੰ ਦੱਸਣ ਕਿ ਉਹਨਾਂ ਭ੍ਰਿਸ਼ਟ ਕੈਬਨਿਟ ਮੰਤਰੀਆਂ ਖਿਲਾਫ ਹੁਣ ਤੱਕ ਕਾਰਵਾਈ ਕਿਉਂ ਨਹੀਂ ਕੀਤੀ। ਅਕਾਲੀ ਆਗੂ ਨੇ ਸੂਬੇ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੂੰ ਵੀ ਅਪੀਲ ਕੀਤੀ ਕਿ ਆਪ ਸਰਕਾਰ ਵੱਲੋਂ ਚੋਣਾਂ ਵਿਚ ਸਿਆਸੀ ਲਾਹਾ ਲੈਣ ਵਾਸਤੇ ਸੂਬੇ ਤੋਂ ਬਾਹਰ ਦਿੱਤੇ ਸਾਰੇ ਇਸ਼ਤਿਹਾਰਾਂ ਦੀ ਜਾਂਚ ਕਰਵਾਈ ਜਾਵੇ  ਅਤੇ ਜਾਣ ਉਪਰੰਤ ਅਜਿਹੇ ਸਾਰੇ ਇਸ਼ਤਿਹਾਰਾਂ ਦੇ ਪੈਸੇ ਆਮ ਆਦਮੀ ਪਾਰਟੀ ਕੋਲੋਂ ਵਸੂਲੇ ਜਾਣ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ 750 ਕਰੋੜ ਰੁਪਏ ਦਾ ਇਸ਼ਤਿਹਾਰੀ ਬਜਟ ਦੇਸ਼ ਭਰ ਵਿਚ ਆਪ ਦੇ ਪ੍ਰਚਾਰ ਵਾਸਤੇ ਵਰਤਿਆ ਜਾ ਰਿਹਾ ਹੈ। ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਮੁੱਖ ਮੰਤਰੀ ਨੇ ਸਭ ਤੋਂ ਪਹਿਲਾਂ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਕੈਬਨਿਟ ਵਿਚੋਂ ਕੱਢ ਕੇ ਇਹ ਐਲਾਨ ਕੀਤਾ ਸੀ ਕਿ ਸਿੰਗਲਾ ਨੇ ਉਹਨਾਂ ਨਾਲ ਮੀਟਿੰਗ ਵਿਚ ਆਪਣਾ ਭ੍ਰਿਸ਼ਟਾਚਾਰ ਕਬੂਲ ਕਰ ਲਿਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵਿਜੇ ਸਿੰਗਲਾ ਦੇ ਖਿਲਾਫ ਰਸਮੀ ਸ਼ਿਕਾਇਤ ਦਰਜ ਕਰਵਾਉਣ ਵਿਚ ਵੀ ਨਾਕਾਮ ਰਹੇ ਹਾਲਾਂਕਿ ਉਹਨਾਂ ਦਾਅਵਾ ਕੀਤਾਸੀ  ਕਿ ਉਹਨਾਂ ਨਾਲ ਨਿੱਜੀ ਮੀਟਿੰਗ ਵਿਚ ਮੰਤਰੀ ਨੇ ਆਪਣਾ ਭ੍ਰਿਸ਼ਟਾਚਾਰ ਕਬੂਲ ਕਰ ਲਿਆ ਹੈ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਆਪ ਸਰਕਾਰ ਸਿੰਗਲਾ ਦੇ ਖਿਲਾਫ ਕਾਰਵਾਈ ਕਰਨ ਵਿਚ ਨਾਕਾਮ ਰਹੀ ਹੈ ਤੇ ਸਿੰਗਲਾ ਸਰਕਾਰੀ ਮੀਟਿੰਗਾਂ ਵਿਚ ਮਾਣ ਨਾਲ ਸ਼ਾਮਲ ਹੁੰਦੇ ਹਨ ਜਿਸ ਤੋਂ ਸਾਬਤ ਹੁੰਦਾ ਹੈ ਕਿ ਸਰਕਾਰ ਦਾ ਭ੍ਰਿਸ਼ਟਾਚਾਰ ਖਿਲਾਫ ਕਾਰਵਾਈ ਕਰਨ ਦਾ ਕੋਈ ਇਰਾਦਾ ਨਹੀਂ ਹੈ। ਐਡਵੋਕੇਟ ਕਲੇਰ ਨੇ ਕਿਹਾ ਕਿ ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਭ੍ਰਿਸ਼ਟਾਚਾਰੀਆਂ ਦੀ ਆਡੀਓ ਤੇ ਵੀਡੀਓ ਕਲੀਪਿੰਗ ਦਿੱਤੀ ਜਾਵੇ ਪਰ ਉਹ ਤਤਕਾਲੀ ਜੰਗਲਾਤ ਮੰਤਰੀ ਫੌਜਾ ਸਿੰਘ ਸਰਾਰੀ ਖਿਲਾਫ ਉਦੋਂ ਕਾਰਵਾਈ ਨਹੀਂ ਕਰ ਸਕੇ ਸਨ ਜਦੋਂ ਉਹਨਾਂ ਦੀ ਆਡੀਓ ਰਿਕਾਰਡਿੰਗ ਲੀਕ ਹੋ ਗਈ ਸੀ ਜਿਸ ਵਿਚ ਉਹ ਆਪਣੇ ਨਜ਼ਦੀਕੀ ਨਾਲ ਗੱਲ ਕਰ ਰਹੇ ਸਨ ਤੇ ਕੁਝ ਠੇਕੇਦਾਰਾਂ ਨੂੰ ਸਰਕਾਰੀ ਅਧਿਕਾਰੀਆਂ ਦੀ ਮਦਦ ਨਾਲ ਫਸਾ ਕੇ ਉਹਨਾਂ ਕੋਲੋਂ ਪੈਸੇ ਉਗਰਾਹੁਣ ਦੀ ਗੱਲ ਕਰ ਰਹੇ ਸਨ। ਉਹਨਾਂ ਕਿਹਾ ਕਿ ਸਰਾਰੀ ਦੇ ਨਜ਼ਦੀਕੀ ਨੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਸੀ ਕਿ ਆਡੀਓ ਰਿਕਾਰਡਿੰਗ ਅਸਲੀ ਹੈ ਪਰ ਫਿਰ ਵੀ ਸਰਾਰਾੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਅਕਾਲੀ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਪਬਲੀਸਿਟੀ ਸਟੰਟ ਕਰਨ ਵਿਚ ਦਿਲਚਸਪੀ ਰੱਖਦੇ ਹਨ ਪਰ ਉਹਨਾਂ ਭ੍ਰਿਸ਼ਟਾਚਾਰ ਨੂੰ ਨਕੇਲ ਪਾਉਣ ਵਾਸਤੇ ਕੁਝ ਨਹੀਂ ਕੀਤਾ। ਉਹਨਾਂ ਕਿਹਾ ਕਿ ਹਾਲ ਹੀ ਵਿਚ ਇਕ ਕ੍ਰਿਕਟ ਮੈਚ ਵੇਖਣ ਲਈ ਉਹ ਧਰਮਸ਼ਾਲਾ ਗਏ ਸਨ ਤੇ ਦਾਅਵਾ ਕੀਤਾ ਸੀ ਕਿ ਉਥੇ ਪੰਜਾਬ ਦੇ ਇਕ ਖਿਡਾਰੀ ਨੇ ਉਹਨਾਂ ਨੂੰ ਦੱਸਿਆ ਸੀ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਸਨੂੰ ਸਰਕਾਰੀ ਨੌਕਰੀ ਦੇਣ ਬਦਲੇ ਦੋ ਕਰੋੜ ਰੁਪਏ ਦੀ ਮੰਗ ਕੀਤੀ ਸੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਨਾ ਤਾਂ ਕੇਸ ਦੀ ਜਾਂਚ ਦੇ ਹੁਕਮ ਦਿੱਤੇ ਤੇ ਨਾ ਹੀ ਇਹਨਾਂ ਦੋਸ਼ਾਂ ਤਹਿਤ ਕੋਈ ਐਫ ਆਈ ਆਰ ਦਰਜ ਕਰਵਾਈ। ਉਹਨਾਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਅਜਿਹੇ ਬਿਆਨ ਸਿਰਫ ਸਸਤੀ ਪਬਲੀਸਿਟੀ ਵਾਸਤੇ ਹੀ ਹਨ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਮੁੱਖ ਮੰਤਰੀ ਨੇ ਪਹਿਲਾਂ ਸਿੱਧੂ ਮੂਸੇਵਾਲਾ ਦੇ ਕਾਤਲ ਗੋਲਡੀ ਬਰਾੜ ਨੂੰਅਮਰੀਕਾ  ਵਿਚ ਫੜੇ ਜਾਣ ਦਾ ਝੂਠਾ ਬਿਆਨ ਦਿੱਤਾ ਸੀ ਤੇ ਇਹ ਵੀ ਐਲਾਨ ਕੀਤਾ ਸੀ ਕਿ ਬੀ ਐਮ ਡਬਲਿਊ ਵੱਲੋਂ ਪੰਜਾਬ ਵਿਚ ਇਕ ਪਲਾਂਟ ਲਗਾਇਆ ਜਾਵੇਗਾ। ਉਹਨਾਂ ਕਿਹਾ ਕਿ ਇਹ ਸਾਰੇ ਬਿਆਨ ਸਿਰਫ ਲੋਕਾਂ ਦਾ ਧਿਆਨ ਮੁਸ਼ਕਿਲਾਂ ਤੋਂ ਪਾਸੇ ਕਰ ਕੇ ਸਿਆਸੀ ਲਾਹਾ ਲੈਣ ਵਾਸਤੇ ਦਿੱਤੇ ਗਏ ਸਨ ਤੇ ਫਿਰ ਇਹ ਬਿਆਨ ਭੁਲਾ ਦਿੱਤੇ ਗਏ।