ਰਜਿ: ਨੰ: PB/JL-124/2018-20
RNI Regd No. 23/1979

ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਗੁਜਰਾਤ ਤੋਂ ਦਿੱਲੀ ਲਿਆਂਦਾ ਗਿਆ, ਸੁਰੱਖਿਆ ਕਾਰਨਾਂ ਕਰਕੇ ਮੰਡੋਲੀ ਜੇਲ੍ਹ ’ਚ ਤਬਦੀਲ
 
BY admin / May 25, 2023
ਨਵੀਂ ਦਿੱਲੀ, 25 ਮਈ, (ਯੂ.ਐਨ.ਆਈ.)- ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਵੀਰਵਾਰ ਸਵੇਰੇ ਗੁਜਰਾਤ ਦੀ ਇੱਕ ਜੇਲ੍ਹ ਤੋਂ ਦਿੱਲੀ ਲਿਆਂਦਾ ਗਿਆ ਅਤੇ ਰਾਸ਼ਟਰੀ ਰਾਜਧਾਨੀ ਦੀ ਮੰਡੋਲੀ ਜੇਲ੍ਹ ਵਿੱਚ ਬੰਦ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਕਾਰਨਾਂ ਕਰਕੇ ਬਿਸ਼ਨੋਈ ਨੂੰ ਮੰਡੋਲੀ ਜੇਲ੍ਹ ਭੇਜ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਫੈਸਲਾ ਇਸ ਮਹੀਨੇ ਦੇ ਸ਼ੁਰੂ ਵਿੱਚ ਤਿਹਾੜ ਜੇਲ੍ਹ ਵਿੱਚ ਟਿੱਲੂ ਤਾਜਪੁਰੀਆ ਦੇ ਕਤਲ ਤੋਂ ਬਾਅਦ ਲਿਆ ਗਿਆ ਹੈ। ਜੇਲ੍ਹ ਪ੍ਰਸ਼ਾਸਨ ਨੇ ਗੈਂਗ ਵਾਰ ਦੀ ਕਿਸੇ ਸੰਭਾਵਨਾ ਨੂੰ ਰੋਕਣ ਲਈ ਬਿਸ਼ਨੋਈ ਨੂੰ ਵੱਖਰੀ ਜੇਲ੍ਹ ਵਿੱਚ ਰੱਖਣ ਦਾ ਫੈਸਲਾ ਕੀਤਾ ਹੈ। ਦੱਸ ਦੇਈਏ ਕਿ ਮਈ ਦੇ ਸ਼ੁਰੂਆਤੀ ਹਫ਼ਤੇ ਦਿੱਲੀ ਦੀ ਰੋਹਿਣੀ ਕੋਰਟ ਗੋਲੀ ਕਾਂਡ ਦੇ ਦੋਸ਼ੀ ਤਾਜਪੁਰੀਆ ਨੂੰ 2 ਮਈ ਨੂੰ ਤਿਹਾੜ ਜੇਲ੍ਹ ਵਿੱਚ ਵਿਰੋਧੀ ਗਿਰੋਹ ਦੇ ਮੈਂਬਰਾਂ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਸੂਤਰਾਂ ਮੁਤਾਬਕ ਲਾਰੇਂਸ ਬਿਸ਼ਨੋਈ ਨੂੰ ਜੇਲ੍ਹ ਦੇ ਸੈੱਲ ਨੰਬਰ 15 ਵਿੱਚ ਰੱਖਿਆ ਗਿਆ ਹੈ। ਇਸ ਬਦਨਾਮ ਗੈਂਗਸਟਰ ਨੂੰ ਸਖ਼ਤ ਸੁਰੱਖਿਆ ਵਿਚਕਾਰ ਰਾਤ 12.30 ਵਜੇ ਦੇ ਕਰੀਬ ਗੁਜਰਾਤ ਤੋਂ ਦਿੱਲੀ ਹਵਾਈ ਅੱਡੇ ’ਤੇ ਲਿਆਂਦਾ ਗਿਆ। ਪਿਛਲੇ ਮਹੀਨੇ, ਬਿਸ਼ਨੋਈ ਨੂੰ ਗੁਜਰਾਤ ਦੇ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐੱਸ.) ਨੇ ਸਰਹੱਦ ਪਾਰ ਡਰੱਗ ਤਸਕਰੀ ਦੇ ਮਾਮਲੇ ’ਚ ਹਿਰਾਸਤ ’ਚ ਲਿਆ ਸੀ। ਗੁਜਰਾਤ ਏਟੀਐਸ ਨੂੰ ਕੱਛ ਦੇ ਨਲੀਆ ਵਿੱਚ ਇੱਕ ਮੈਜਿਸਟਰੇਟ ਦੀ ਅਦਾਲਤ ਨੇ ਬਿਸ਼ਨੋਈ ਦੀ 14 ਦਿਨਾਂ ਦੀ ਹਿਰਾਸਤ ਦਿੱਤੀ ਸੀ। ਇਸ ਤੋਂ ਪਹਿਲਾਂ ਬਿਸ਼ਨੋਈ ਐਨਆਈਏ ਅਤੇ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਵੀ ਸੀ। ਇਸ ਦੌਰਾਨ, ਬੁੱਧਵਾਰ ਨੂੰ, ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਰਾਸ਼ਟਰੀ ਰਾਜਧਾਨੀ ਵਿੱਚ ਇੱਕ ਮੁਕਾਬਲੇ ਤੋਂ ਬਾਅਦ ਲਾਰੈਂਸ ਬਿਸ਼ਨੋਈ-ਜਤੇਂਦਰ ਗੋਗੀ ਸਿੰਡੀਕੇਟ ਦੇ ਇੱਕ ਕਥਿਤ ਮੈਂਬਰ ਨੂੰ ਗ੍ਰਿਫਤਾਰ ਕੀਤਾ। ਗ੍ਰਿਫ਼ਤਾਰ ਮੁਲਜ਼ਮ ਦਿੱਲੀ ਵਿੱਚ ਕਤਲ ਦੀ ਕੋਸ਼ਿਸ਼ ਦੇ ਇੱਕ ਕੇਸ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਫਰਾਰ ਹੋ ਗਿਆ ਸੀ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ੀ ਬਿਸ਼ਨੋਈ ਨੂੰ ਪੰਜਾਬ ਪੁਲਿਸ ਨੇ ਪਿਛਲੇ ਸਾਲ ਗ੍ਰਿਫਤਾਰ ਕੀਤਾ ਸੀ।