ਰਜਿ: ਨੰ: PB/JL-124/2018-20
RNI Regd No. 23/1979

ਨਨਕਾਣਾ ਸਾਹਿਬ ਜਾਣ ਲਈ ਸਿੱਖ ਜੱਥੇ ਨੂੰ ਆਗਿਆ ਦੇਣ ਤੋਂ ਨਾਂਹ ਕਰਨਾ ਸਿੱਖ  ਕੌਮ ’ਤੇ ਹਮਲੇ ਬਰਾਬਰ : ਸੁਖਬੀਰ ਸਿੰਘ ਬਾਦਲ
 
BY admin / February 21, 2021
ਗੁਰਦਾਸਪੁਰ, 21 ਫਰਵਰੀ, (ਵਿਨੋਦ ਦੱਤਾ)- ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਵਾਪਰੇ ਸਾਕਾ ਸ੍ਰੀ ਨਨਕਾਣਾ ਸਾਹਿਬ ਦੀ 100ਵੀਂ ਵਰੇਗੰਢ ਮਨਾਉਣ ਲਈ ਸਿੱਖ ਜੱਥੇ ਨੂੰ ਜਾਣ ਦੀ ਆਗਿਆ ਦੇਣ ਤੋਂ ਨਾਂਹ ਕਰਨ ਦਾ ਫੈਸਲਾ ਸਿੱਖ ਕੌਮ ’ਤੇ ਹਮਲਾ ਕਰਨ ਬਰਾਬਰ ਹੈ। ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਦੱਸੇ ਕਿ ਉਸਨੇ ਜੱਥੇ ਜਿਸਦੀ ਅਗਵਾਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਰ ਰਹੇਸਨ, ਨੂੰ ਰਵਾਨਗੀ ਤੋਂ ਇਕ ਦਿਨ ਪਹਿਲਾਂ ਆਗਿਆ ਦੇਣ ਤੋਂ ਨਾਂਹ ਕਿਉ ਕੀਤੀ। ਉਹਨਾਂ ਕਿਹਾ ਕਿ ਪਹਿਲਾਂ ਵੀ ਨਵੰਬਰ ਵਿਚ  ਅਜਿਹਾ ਹੀ ਜੱਥਾ ਪਾਕਿਸਤਾਨ ਗਿਆ ਸੀ। ਕੁਝ ਦਿਨ ਪਹਿਲਾਂ ਵੀ ਮੁੱਖ ਮੰਤਰੀ ਕੈਪਟਨ  ਅਮਰਿੰਦਰ ਸਿੰਘ ਦੇ ਕਹਿਣ ’ਤੇ ਕੁਝ ਲੋਕਾਂ ਨੂੰ ਪਾਕਿਸਤਾਨ ਜਾਣ ਦੀ ਆਗਿਆ ਦਿੱਤੀ ਗਈ। ਉਹਨਾਂ ਨੇ ਮੁੱਖ ਮੰਤਰੀ ਨੂੰ ਵੀ ਪੁੱਛਿਆ ਕਿ ਉਹਨਾਂ ਨੇ ਜੱਥੇ ਨੂੰ ਆਗਿਆ ਦੇਣ ਦੀ ਲੋੜ ਦਾ ਮਾਮਲਾ ਕੇਂਦਰ ਸਰਕਾਰ ਕੋਲ ਕਿਉ ਨਹੀਂ ਚੁੱਕਿਆ।  ਸ੍ਰੀ ਸੁਖਬੀਰ ਸਿੰਘ ਬਾਦਲ, ਜੋ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਕਾ ਨਨਕਾਣਾ ਸਾਹਿਬ ਦੀ 100ਵੀਂ ਵਰੇਗੰਢ ਮੌਕੇ ਆਯੋਜਿਤ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ, ਨੇ ਕਿਹਾ ਕਿ ਸਿੱਖ ਕੌਮ ਦੁਨੀਆਂ ਭਰ ਵਿਚ ਸੇਵਾ ਤੇ ਸ਼ਹਾਦਤ ਲਈ ਜਾਣੀ ਜਾਂਦੀ ਹੈ। ਉਹਨਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਸਿੱਖ ਕੌਮ ਨੇ ਦਿੱਤੀਆਂ ਹਨ ਤੇ ਮਹਾਤਮਾ ਗਾਂਧੀ ਨੇ ਵੀ ‘ਚਾਬੀਆਂ ਦੇ ਮੋਰਚੇ’ ਨੂੰ ਆਜ਼ਾਦੀ ਦੀ ਪਹਿਲੀ ਲੜਾਈ ਮੰਨਿਆ ਸੀ।  ਸਾਕਾ ਨਨਕਾਣਾ ਸਾਹਿਬ ਨੁੰ ਇਤਿਹਾਸਕ ਕਰਾਰ ਦਿੰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਇਸ ਦਿਨ ਕੌਮ ਨੇ ਗੁਰੂਘਰ ਨੁੰ ਮਹੰਤਾਂ ਦੇ ਕਬਜ਼ੇ ਤੋਂ ਮੁਕਤ ਕਰਵਾਉਣ ਦਾ ਬੀੜਾ ਚੁੱਕਿਆ ਸੀ। ਉਹਨਾਂ ਕਿਹਾ ਕਿ ਸ਼ਹੀਦ ਲਛਮਣ ਸਿੰਘ ਧਾਰੋਵਾਲੀ ਦੀਪ ਅਗਵਾਈ ਹੇਠ ਸਿੱਖਾਂ ਦੀ ਸ਼ਹਾਦਤ ਨਾਲ ਸਿੱਖ ਇਕਜੁੱਟ ਹੋ ਗਏ ਤੇ ਮਹੰਤਾਂ ਨੁੰ ਗੁਰਦੁਆਰਾ ਸਾਹਿਬਾਨਾਂ ਵਿਚੋਂ ਬਾਹਰ ਕਰ ਦਿੱਤਾ।  ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਉਸੇ ਤਰੀਕੇ ਸਿੱਖਾਂ ਨੁੰ ਸ੍ਰੀ ਨਨਕਾਣਾ ਸਾਹਿਬ ਜਾਣ ਤੋਂ  ਰੋਕਿਆ ਹੈ ਜਿਵੇਂ ਅੰਗਰੇਜ਼ਾਂ ਨੇ ਕਰਤਾਰ ਸਿੰਘ ਝੱਬਰ ਦੀ ਅਗਵਾਈ ਵਾਲੇ ਜੱਥੇ ਨੂੰ ਗੁਰਦੁਆਰਾ ਸਾਹਿਬ ਨੂੰ ਮਹੰਤਾਂ ਦੇ ਕੰਟਰੋਲ ਤੋਂ ਮੁਕਤ ਕਰਵਾਉਣ ਤੋਂ ਰੋਕਿਆ ਸੀ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਸ੍ਰੀ ਨਨਕਾਣਾ ਸਾਹਿਬ ਜਾਣ ਲਈ ਜੱਥੇ ਨੂੰ ਆਗਿਆ ਸਿਰਫ ਇਸ ਕਰ ਕੇ ਨਹੀਂ ਦਿੱਤੀ ਕਿਉਕਿ ਉਹ ਚਾਹੁੰਦੀ ਹੈ ਕਿ ਸਿੱਖ ਭਾਈਚਾਰਾ ਤਿੰਨ ਖੇਤੀ ਕਾਨੂੰਨਾਂ ਖਿਲਾ ਦਿੱਲੀ ਦੇ ਬਾਰਡਰਾਂ ’ਤੇ ਡਟੇ ਸਿੱਖਾਂ ਨੂੰ ਵਾਪਸ ਸੱਦ ਲਵੇ। ਉਹਨਾਂ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਹਰ ਸਾਲ ਸਿੱਖ ਜੱਥਿਆਂ ਨੂੰ ਆਗਿਆ ਦੇਣ ਤੋਂ ਇਨਕਾਰ ਕਰ ਦੇਵੇ ਪਰ ਅਜਿਹਾ ਕਦੇ ਨਹੀਂ ਹੋਵੇਗਾ ਕਿ ਅਸੀਂ ਸਿੱਖਾਂ ਨੁੰ ਦਿੱਲੀ ਦੇ ਬਾਰਡਰਾਂ ਤੋਂ ਵਾਪਸ ਸੱਦੀਏ।  ਸਿੱਖ ਕੌਮ ਨੂੰ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਅਸੀਂ ਆਪਸ ਵਿਚ ਲੜ ਰਹੇ ਹਾਂ। ਜੇਕਰ ਅਸੀਂ ਅਜਿਹਾ ਹੀ ਕਰਦੇ ਰਹੇ ਤਾਂ ਸਾਡੀ ਹੋਂਦ ਵੀ ਦਾਅ ’ਤੇ ਲੱਗ ਜਾਵੇਗੀ। ਉਹਨਾਂ ਨੇ ਦੇਸ਼ ਵਿਚ ਇਸ ਵੇਲੇ ਚਲ ਰਹੇ ਧਰੁਵੀਕਰਨ ਦੀ ਰਾਜਨੀਤੀ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਭਵਿੱਖ ਵਿਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਸਾਨੂੰ ਇਕਜੁੱਟ ਹੋ ਕੇ ਸਿਆਸੀ ਤੌਰ ’ਤੇ ਵੀ ਸ਼ਕਤੀਸ਼ਾਲੀ ਬਣ ਕੇ ਇਸਨੁੰ ਰੋਕਣਾ ਪਵੇਗਾ।  ਇਸ ਮੌਕੇ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਿੱਖਾਂ ਨੂੰ ਸ਼ੋ੍ਰਮਣੀ ਕਮੇਟੀ ਦੇ ਬੈਨਰ ਹੇਠ ਇਕਜੁੱਟ ਹੋਣ ਦਾ ਸੱਦਾ ਦਿੱਤਾ ਤੇ ਹਰ ਕਿਸੇ ਨੂੰ ਸਿੱਖੀ ਸਿਧਾਂਤਾਂ ’ਤੇ ਚੱਲਣ ਅਤੇ ਇਸਦੀਆਂ ਸਿੱਖਿਆਵਾਂ ਤੇ ਸੰਸਥਾਵਾਂ ’ਤੇ ਮਾਣ ਕਰਨ ਵਾਸਤੇ ਆਖਿਆ। ਉਹਨਾਂ ਇਹ ਵੀ ਐਲਾਨ ਕੀਤਾ ਕਿ ਸ਼ੋ੍ਰਮਣੀ ਕਮੇਟੀ ਸਾਕਾ ਨਨਕਾਣਾ ਸਾਹਿਬ ਦੀ ਯਾਦ ਵੱਖ ਵੱਖ ਸੰਸਥਾਵਾਂ ਵਿਚ ਸਾਰਾ ਸਾਲ ਮਨਾਏਗੀ ਤੇ ਮਾਤਾ ਇੰਦਰਜੀਤ ਕੌਰ ਦੀ ਯਾਦ ਵਿਚ ਗੁਰੂ ਕੇ ਲੰਗਰ ਦਾ ਹਾਲ ਅਤੇ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੇ ਪਿੰਡਾਂ ਵਿਚ ਉਹਨਾਂ ਦੀ ਯਾਦ ਵਿਚ ਲਾਇਬ੍ਰੇਰੀਆਂ ਬਣਾਏਗੀ।  ਇਸ ਮੌਕੇ ਸ਼ਹੀਦ ਲੱਛਮਣ ਸਿੰਘ ਧਾਰੋਵਾਲੀ ਦੇ ਪਰਿਵਾਰਕ ਮੈਂਬਰਾਂ ਤੇ ਹੋਰ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਤੇ ਵੱਖ ਵੱਖ ਧਾਰਮਿਕ ਤੇ ਸਿਆਸੀ ਸ਼ਖਸੀਅਤਾਂ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੰੂਦੜ, ਬਿਕਰਮ ਸਿੰਘ ਮਜੀਠੀਆ ਤੇ ਡਾ. ਦਲਜੀਤ ਸਿੰਘ ਚੀਮਾ ਵੀ ਹਾਜ਼ਰ ਸਨ।