ਰਜਿ: ਨੰ: PB/JL-124/2018-20
RNI Regd No. 23/1979

ਬਰਨਾਲਾ ਦੀ ਮਹਾਂ ਪੰਚਾਇਤ ਵਿਚ ਵੀ ਕਿਸਾਨਾਂ ਨੇ ਦਿੱਤਾ ਭਾਜਪਾ ਦੇ ਸਮਾਜਿਕ ਬਾਈਕਾਟ ਦਾ ਸੱਦਾ
 
BY admin / February 21, 2021
ਬਰਨਾਲਾ, 21 ਫਰਵਰੀ, (ਤਰਸੇਮ ਸ਼ਰਮਾ)- ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਬਾਰੇ ਕੇਂਦਰ ਸਰਕਾਰ ਦੀ ਰਵੱਈਏ ਤੋਂ ਕਿਸਾਨ ਬੇਹੱਦ ਖਫਾ ਹਨ। ਇਸ ਦਾ ਖਮਿਆਜਾ ਬੀਜੇਪੀ ਲੀਡਰਾਂ ਨੂੰ ਭਗਤਣਾ ਪੈ ਰਿਹਾ ਹੈ। ਅੱਜ ਬਰਨਾਲਾ ਵਿੱਚ ਮਜ਼ਦੂਰ ਕਿਸਾਨ ਏਕਤਾ ਮਹਾ ਰੈਲੀ ਦੌਰਾਨ ਬੁਲਾਰਿਆਂ ਦੇ ਨਿਸ਼ਾਨੇ ਉੱਪਰ ਬੀਜੇਪੀ ਹੀ ਰਹੀ। ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਬੀਜੇਪੀ ਲੀਡਰਾਂ ਤੇ ਵਰਕਰਾਂ ਦਾ ਸਮਾਜਿਕ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਮਹਾ ਰੈਲੀ ਵਿੱਚ ਸ਼ਾਮਲ ਕਿਸਾਨਾਂ ਦੇ ਹੱਥ ਖੜ੍ਹੇ ਕਰਵਾ ਕੇ ਇਸ ‘ਤੇ ਉਨ੍ਹਾਂ ਦੀ ਸਹਿਮਤੀ ਲਈ। ਇਸ ਲਈ ਪੰਜਾਬ ਅੰਦਰ ਬੀਜੇਪੀ ਨੂੰ ਹੋਰ ਵੱਡਾ ਝਟਕਾ ਲੱਗ ਸਕਦਾ ਹੈ। ਮਹਾ ਰੈਲੀ ਦੌਰਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਨੂੰ ਪਰਜੀਵੀ ਆਖਿਆ ਗਿਆ ਹੈ। ਇਸ ਲਈ ਪ੍ਰਧਾਨ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਕਿਸਾਨਾਂ ਵੱਲੋਂ ਪੈਦਾ ਕੀਤੇ ਗਏ ਅਨਾਜ ਨੂੰ ਖਾਣ ਦਾ ਕੋਈ ਅਧਿਕਾਰ ਨਹੀਂ ਹੈ। ਚੰਡੀਗੜ੍ਹ ਦੇ ਸੈਕਟਰ-25 ਵਿਚ ਸ਼ਨੀਵਾਰ ਨੂੰ ਹੋਈ ਕਿਸਾਨ ਮਹਾਪੰਚਾਇਤ ਵਿਚ ਕਿਸਾਨ ਨੇਤਾਵਾਂ ਨੇ ਐਲਾਨ ਕਰ ਦਿੱਤਾ ਕਿ ਉਹ ਪੁਲਸ ਦੇ ਸਾਹਮਣੇ ਪੇਸ਼ ਨਹੀਂ ਹੋਣਗੇ। ਦਿੱਲੀ ਵਿਚ ਲਾਲ ਕਿਲ੍ਹੇ ’ਤੇ ਹਿੰਸਾ ਦੀ ਘਟਨਾ ਤੋਂ ਬਾਅਦ ਜਿਨ੍ਹਾਂ ਕਿਸਾਨਾਂ ਨੂੰ ਪੁਲਸ ਨੇ ਨੋਟਿਸ ਜਾਰੀ ਕਰ ਕੇ ਪੇਸ਼ ਹੋਣ ਲਈ ਕਿਹਾ ਗਿਆ ਹੈ, ਉਹ ਡਰਨ ਨਾ। ਪੁਲਸ ਵਲੋਂ ਦਿੱਤੇ ਜਾ ਰਹੇ ਨੋਟਿਸਾਂ ਨੂੰ ਗੰਭੀਰਤਾ ਨਾਲ ਨਾ ਲਓ, ਜਿਨ੍ਹਾਂ ’ਤੇ ਵੀ ਕੇਸ ਦਰਜ ਹੋਏ ਹਨ, ਉਨ੍ਹਾਂ ਦੇ ਕੇਸ ਸੰਯੁਕਤ ਕਿਸਾਨ ਮੋਰਚਾ ਲੜੇਗਾ। ਹਰਿਆਣਾ ਦੇ ਕਿਸਾਨ ਨੇਤਾ ਅਤੇ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਸਮੇਤ ਕਿਸਾਨ ਨੇਤਾਵਾਂ ਨੇ ਮਹਾਪੰਚਾਇਤ ਵਿਚ ਆਪਣੇ ਵਿਚਾਰ ਰੱਖੇ। ਨੌਜਵਾਨ ਕਿਸਾਨ ਏਕਤਾ ਚੰਡੀਗੜ੍ਹ ਦੇ ਐਲਾਨ ’ਤੇ ਕਿਸਾਨ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ ਸੀ। ਗੁਰਨਾਮ ਸਿੰਘ ਚੜੂਨੀ ਨੇ ਵੀ ਸਾਰੇ ਕਿਸਾਨਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੇ ਪਿੰਡ ਵਿਚ ਪੁਲਸ ਕਿਸੇ ਕਿਸਾਨ ਨੇਤਾ ਨੂੰ ਗਿ੍ਰਫ਼ਤਾਰ ਕਰਨ ਆਵੇ ਤਾਂ ਪੁਲਸ ਕਰਮਚਾਰੀਆਂ ਨੂੰ ਫੜ ਕੇ ਬਿਠਾ ਲਓ। ਉਸ ਨਾਲ ਮਾਰਕੁੱਟ ਨਾ ਕਰੋ। ਉਨ੍ਹਾਂ ਨੂੰ ਪੂਰਾ ਸਨਮਾਨ ਦਿਓ ਪਰ ਉਦੋਂ ਛੱਡੋ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਇਹ ਭਰੋਸਾ ਦੇਵੇ ਕਿ ਉਹ ਫਿਰ ਪਿੰਡ ਵਿਚ ਨਾ ਆਉਣ। ਕਿਸਾਨ ਨੇਤਾ ਰੁਲਦੂ ਸਿੰਘ ਮਾਨਸਾ, ਜਿਨ੍ਹਾਂ ਖਿਲਾਫ਼ ਨੋਟਿਸ ਜਾਰੀ ਹੋਇਆ ਹੈ, ਦੇ ਪੱਖ ਵਿਚ ਭਾਕਿਊ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਚੰਡੀਗੜ੍ਹ ਪੁਲਸ ਨੂੰ ਕਿਹਾ ਹੈ ਕਿ ਜੇਕਰ ਉਨ੍ਹਾਂ ਵਿਚ ਹਿੰਮਤ ਹੈ ਤਾਂ ਗਿ੍ਰਫ਼ਤਾਰ ਕਰ ਕੇ ਦਿਖਾਉਣ। ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਉਹ ਕਿਸੇ ਦੇ ਸਾਹਮਣੇ ਪੇਸ਼ ਨਹੀਂ ਹੋਣਗੇ, ਜਿਸ ਨੂੰ ਗਿ੍ਰਫ਼ਤਾਰ ਕਰਨਾ ਹੈ, ਕਰ ਲੈਣ। ਉਨ੍ਹਾਂ ਕਿਹਾ ਕਿ ਉਹ 40 ਸਾਲਾਂ ਤੋਂ ਕਿਸਾਨ ਸੰਘਰਸ਼ ਵਿਚ ਭਾਗ ਲੈ ਰਹੇ ਹਨ ਪਰ ਪੁਲਸ ਜਾਂ ਕੇਸ ਦੇ ਡਰ ਤੋਂ ਕਦੇ ਲੁਕ ਕੇ ਨਹੀਂ ਬੈਠੇ। ਗੁਰਨਾਮ ਸਿੰਘ ਚੜੂਨੀ ਅਤੇ ਸਾਰੇ ਕਿਸਾਨ ਨੇਤਾਵਾਂ ਨੇ ਤਿੰਨਾਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦਾ ਸਮਾਜਿਕ ਬਾਈਕਾਟ ਕਰਨ ਨੂੰ ਕਿਹਾ। ਉਨ੍ਹਾਂ ਕਿਹਾ ਕਿ ਇਹ ਲੋਕ ਕਿਸਾਨਾਂ ਦੀ ਗੱਲ ਕਰਨ ਦੀ ਬਜਾਏ ਕਾਰਪੋਰੇਟ ਦੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ ਦੀ ਆਮਦਨ ਕਿਵੇਂ ਵਧੇ, ਉਸ ਲਈ ਕਾਨੂੰਨ ਬਣਾ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਣ ਜਾਂ ਖੇਤੀ ਮੰਤਰੀ ਨਰਿੰਦਰ ਤੋਮਰ, ਸਾਰੇ ਇਸ ਗੱਲ ’ਤੇ ਰਾਜੀ ਹਨ ਕਿ ਖੇਤੀਬਾੜੀ ਕਾਨੂੰਨਾਂ ਵਿਚ ਬਦਲਾਅ ਜਿੰਨੇ ਮਰਜੀ ਕਰਵਾ ਲਵੋ ਪਰ ਰੱਦ ਕਰਵਾਉਣ ਦੀ ਗੱਲ ਨਾ ਕਰੋ, ਕਿਉਂਕਿ ਇਸ ਨਾਲ ਸਰਕਾਰ ਦੀ ਬਦਨਾਮੀ ਹੁੰਦੀ ਹੈ। ਪੰਜਾਬ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਵਿਭਾਗ ਦੇ ਪ੍ਰਮੁੱਖ ਰਹੇ ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਤਿੰਨੇ ਖੇਤੀਬਾੜੀ ਕਾਨੂੰਨ ਖੇਤੀਬਾੜੀ ’ਤੇ ਹਮਲਾ ਨਹੀਂ ਹਨ, ਸਗੋਂ ਪੂਰੇ ਫੂਡ ਸੈਕਟਰ ਨੂੰ ਕਾਰਪੋਰੇਟ ਨੂੰ ਸੌਂਪਣ ਦੀ ਸਾਜਿਸ਼ ਹੈ। ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਡਾ. ਪਿਆਰਾ ਲਾਲ ਗਰਗ ਨੇ ਕਿਹਾ ਕਿ ਇਹ ਤਿੰਨੇ ਕਾਨੂੰਨ ਬਣਾਉਣ ਦਾ ਕੇਂਦਰ ਸਰਕਾਰ ਨੂੰ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਵੀ ਕਿਸਾਨ ਨੇਤਾਵਾਂ ਨੂੰ ਨੋਟਿਸ ਤੋਂ ਨਹੀਂ ਘਬਰਾਉਣ ਦੀ ਗੱਲ ਕਹੀ। ਕਿਸਾਨ ਅੰਦੋਲਨ ਨੂੰ ਹੁਣ ਵਿਦੇਸ਼ੀ ਕਿਸਾਨਾਂ ਦੀ ਵੀ ਹਮਾਇਤ ਮਿਲਣ ਲੱਗੀ ਹੈ। ਅਮਰੀਕਾ ਦੀਆਂ 87 ਕਿਸਾਨ ਜਥੇਬੰਦੀਆਂ ਤੇ ਖੇਤੀ ਤੇ ਖੁਰਾਕੀ ਹੱਕਾਂ ਬਾਰੇ ਸੰਘਰਸ਼ ਕਰਨ ਵਾਲੇ ਸੰਗਠਨਾਂ ਨੇ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਦਾ ਐਲਾਨ ਕੀਤਾ ਹੈ। ਇਨ੍ਹਾਂ ਜਥੇਬੰਦੀਆਂ ਨੇ ਕਿਹਾ ਹੈ ਕਿ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਕਰਦੇ ਹਨਛ ਉਨ੍ਹਾਂ ਨੇ ਭਾਰਤ ਤੇ ਅਮਰੀਕਾ ਦੀਆਂ ਸਰਕਾਰਾਂ ਨੂੰ ਬੇਨਤੀ ਕੀਤੀ ਹੈ ਕਿ ਕਿਸਾਨਾਂ ਦੀ ਮਦਦ ਕੀਤੀ ਜਾਵੇ। ਇਸ ਦੇ ਨਾਲ ਹੀ ਲੱਖਾਂ ਲੋਕਾਂ ਦੀ ਰੋਜੀ-ਰੋਟੀ ਤੇ ਖੁਰਾਕ ਢਾਂਚੇ ਦੀ ਰਾਖੀ ਯਕੀਨੀ ਬਣਾਈ ਜਾਵੇ। ਅਮਰੀਕੀ ਸੰਗਠਨਾਂ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਭਾਰਤ ਦੇ ਕਿਸਾਨਾਂ ਨੇ ਗੈਰਵਾਜਬ ਖੇਤੀ ਕਾਨੂੰਨਾਂ ਖਲਿਾਫ ਵਿਸ਼ਵ ਦੀ ਸਭ ਤੋਂ ਵੱਡੀ ਮੁਹਿੰਮ ਛੇੜੀ ਹੈ। ਉਨ੍ਹਾਂ ਕਾਹਲੀ ਨਾਲ ਕਾਨੂੰਨ ਸੰਸਦ ਵਿੱਚ ਪਾਸ ਕਰਨ ਤੇ ਸ਼ਾਂਤੀਪੂਰਨ ਰੋਸ ਪ੍ਰਗਟਾਉਣ ਦੇ ਹੱਕ ਨੂੰ ਦੱਬਣ ਲਈ ਚੱਲੀਆਂ ਗਈਆਂ ਚਾਲਾਂ ਦਾ ਜਕਿਰ ਵੀ ਕੀਤਾ ਹੈ। ਸੰਗਠਨਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਭਰੋਸੇ ਵਿੱਚ ਲਏ ਬਿਨਾਂ ਮੰਡੀ ਢਾਂਚੇ ਨੂੰ ਆਜਾਦ ਕਰਨਾ ਠੀਕ ਨਹੀਂ। ਅਮਰੀਕੀ ਸੰਗਠਨ ‘ਇੰਸਟੀਚਿਊਟ ਫਾਰ ਐਗਰੀਕਲਚਰ ਐਂਡ ਟਰੇਡ ਪਾਲਿਸੀ’ ਦੀ ਕਾਰਜਕਾਰੀ ਡਾਇਰੈਕਟਰ ਸੋਫੀਆ ਮਰਫੀ ਨੇ ਕਿਹਾ ਕਿ ਉਹ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹਨ ਤੇ ਭਾਰਤ ਦੇ ਕਿਸਾਨਾਂ ਨਾਲ ਖੜ੍ਹੇ ਹਨ।   ਦਿੱਲੀ ਹਿੰਸਾ ਵਿੱਚ ਗਿ੍ਰਫਤਾਰ ਕੀਤੇ ਗਏ ਕਿਸਾਨਾਂ ਦੀਆਂ ਜਮਾਨਤਾਂ ਦਾ ਸਿਲਸਿਲਾ ਜਾਰੀ ਹੈ। ਸ਼ਨੀਵਾਰ ਨੂੰ ਹੋਰ 15 ਜਣਿਆਂ ਨੂੰ ਜ਼ਮਾਨਤ ਦਿੱਤੀ ਗਈ ਹੈ। ਇਹ ਸਾਰੇ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਸਬੰਧੀ ਕੇਸਾਂ ਵਿੱਚ ਗਿ੍ਰਫਤਾਰ ਕੀਤੇ ਗਏ ਸੀ। ਇਨ੍ਹਾਂ ਦੀ ਕਿਸਾਨਾਂ ਦੀ ਰਿਹਾਈ ਲਈ 200 ਦੇ ਕਰੀਬ ਵਕੀਲ ਦਿਨ-ਰਾਤ ਕੰਮ ਕਰ ਰਹੇ ਹਨ। ਸੰਯੁਕਤ ਕਿਸਾਨ ਮੋਰਚੇ ਦੇ ਕਾਨੂੰਨੀ ਸੈੱਲ ਦੇ ਕਨਵੀਨਰ ਪ੍ਰੇਮ ਸਿੰਘ ਭੰਗੂ ਨੇ ਦੱਸਿਆ ਕਿ ਥਾਣਾ ਪੱਛਮੀ ਵਿਹਾਰ ਵਿੱਚ ਬੰਦ ਬਠਿੰਡਾ ਜਲ੍ਹਿੇ ਦੇ ਜਗਸੀਰ ਸਿੰਘ, ਤਲਵੰਡੀ ਸਾਬੋ ਦੇ ਮੱਖਣ ਸਿੰਘ ਤੇ ਬਰਿੰਦਰ ਸਿੰਘ, ਮਾਨਸਾ ਦੇ ਸੁਖਜਿੰਦਰ ਸਿੰਘ ਤੇ ਵਿੱਕੀ, ਮੁਕਤਸਰ ਸਾਹਿਬ ਦੇ ਜਸਵਿੰਦਰ ਸਿੰਘ, ਲੁਧਿਆਣਾ ਦੇ ਪ੍ਰਦੀਪ ਸਿੰਘ, ਫਿਰੋਜਪੁਰ ਦੇ ਸੁਖਰਾਜ ਸਿੰਘ ਤੇ ਹਰਪ੍ਰੀਤ ਸਿੰਘ, ਫਾਜਲਿਕਾ ਦੇ ਯਾਦਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਨੂੰ ਜਮਾਨਤ ਦਿੱਤੀ ਗਈ ਹੈ। ਇਸੇ ਤਰ੍ਹਾਂ ਕਿ ਬੁਰਾੜੀ ਥਾਣੇ ਵਿੱਚ ਬੰਦ ਰਾਜਿੰਦਰ ਸਿੰਘ, ਸਤਬੀਰ ਸਿੰਘ, ਸੰਦੀਪ ਸਿੰਘ, ਸੁਰਜੀਤ ਸਿੰਘ ਤੇ ਰਵੀ ਕੁਮਾਰ ਦੀ ਜ਼ਮਾਨਤ ਮਨਜ਼ੂਰ ਹੋ ਗਈ ਹੈ। ਭੰਗੂ ਨੇ ਦੱਸਿਆ ਕਿ ਜੋਗਿੰਦਰ ਸਿੰਘ (ਮਾਨਸਾ), ਬਲਵਿੰਦਰ ਸਿੰਘ (ਹੁਸ਼ਿਆਰਪੁਰ), ਗੁਰਦਿਆਲ ਸਿੰਘ (ਹੁਸ਼ਿਆਰਪੁਰ) ਤੇ ਪ੍ਰਗਟ ਸਿੰਘ (ਫ਼ਿਰੋਜ਼ਪੁਰ) ਨੂੰ ਤਿਹਾੜ ਜੇਲ੍ਹ ’ਚੋਂ ਰਿਹਾਅ ਕੀਤਾ ਗਿਆ ਹੈ।