ਰਜਿ: ਨੰ: PB/JL-124/2018-20
RNI Regd No. 23/1979

ਮਾਮਲਾ ਪਿੰਡ ਦਿਉਣ ਵਿਖੇ ਮੋਬਾਇਲ ਟਾਵਰ ਲਾਉਣ ਦਾ..
 
BY admin / February 22, 2021
ਪਿੰਡ ਵਾਸੀਆਂ ਤੇ ਕਿਸਾਨ ਯੂਨੀਅਨ ਨੇ ਕੀਤਾ ਰੋਸ ਪ੍ਰਦਰਸ਼ਨ  
ਬਠਿੰਡਾ 22 ਫਰਵਰੀ ( ਸੁਖਵਿੰਦਰ ਸਿੰਘ ਸਰਾਂ ) ਜ਼ਿਲ੍ਹਾ ਬਠਿੰਡਾ ਦੇ ਪਿੰਡ ਦਿਉਣ ਵਿਖੇ ਮੋਬਾਇਲ ਟਾਵਰ  ਲਾਉਣ ਦਾ ਮਾਮਲਾ ਭਖਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਪਿੰਡ ਵਾਸੀਆਂ ਅਤੇ ਕਿਸਾਨ ਯੂਨੀਅਨ ਵੱਲੋਂ ਉਕਤ ਮੋਬਾਇਲ ਟਾਵਰ ਲਾਉਣ ਦਾ ਵਿਰੋਧ ਕਰਦਿਆਂ ਜਲ੍ਹਿਾ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪਿੰਡ ਇਕਾਈ ਆਗੂ ਰਾਮ ਸਿੰਘ ਇਹ ਕਿਹਾ ਕਿ ਪਿੰਡ ਦੇ ਹੀ ਵਿਅਕਤੀ ਵੱਲੋਂ ਪਿੰਡ ਦੀ ਸੰਘਣੀ ਆਬਾਦੀ ਵਿਚ ਇਕ ਮੋਬਾਇਲ ਕੰਪਨੀ ਦਾ ਟਾਵਰ ਲਗਵਾਇਆ ਜਾ ਰਿਹਾ ਹੈ  ਜਿਸ ਨਾਲ ਇਲਾਕੇ ਵਿਚ ਭਿਆਨਕ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਆਂਗਣਵਾੜੀ ਵਰਕਰ ਰਾਜ ਕੌਰ ਨੇ ਦੱਸਿਆ ਕਿ ਉਸ ਦੇ ਘਰ ਦੇ ਸਾਹਮਣੇ  ਮੋਬਾਇਲ ਟਾਵਰ ਲਾਇਆ ਜਾ ਰਿਹਾ ਹੈ ਜੋ ਕਿ ਸੰਘਣੀ ਆਬਾਦੀ ਵਿਚ ਹੈ  ਅਤੇ ਟਾਵਰ ਲਵਾਉਣ ਵਾਲੇ ਪਿੰਡ ਦੇ ਹੀ ਉਕਤ ਵਿਅਕਤੀ ਨੂੰ ਟਾਵਰ ਲਾਉਣ ਤੋਂ ਮਨ੍ਹਾ ਕੀਤਾ ਸੀ ਪਰ ਉਸ ਨੇ ਧੱਕੇ ਨਾਲ ਹੀ ਟਾਵਰ ਲਗਾਉਣਾ ਸ਼ੁਰੂ ਕਰ ਦਿੱਤਾ  ਤੇ ਅਸੀਂ ਕਿਸੇ ਵੀ ਕੀਮਤ ਤੇ ਪਿੰਡ ਵਿਚ ਮੋਬਾਇਲ ਟਾਵਰ ਨਹੀਂ ਲੱਗਣ ਦੇਵਾਂਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਮੋਬਾਇਲ ਟਾਵਰ ਲਾਉਣ ਦਾ ਕੰਮ ਬੰਦ ਨਾ ਕਰਵਾਇਆ ਤਾਂ ਉਹ ਤਿੱਖਾ ਸੰਘਰਸ਼ ਲਈ ਮਜਬੂਰ ਹੋਣਗੇ। ਇਸ ਮੌਕੇ ਦਰਸ਼ਨ ਸਿੰਘ ਖਾਲਸਾ, ਨਛੱਤਰ ਸਿੰਘ  ਭਾਰਤ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਅਤੇ ਮਹਿਲਾਵਾਂ ਹਾਜ਼ਰ ਸਨ।