ਰਜਿ: ਨੰ: PB/JL-124/2018-20
RNI Regd No. 23/1979

ਨੌਜਵਾਨਾਂ ਦੀ ਪਹਿਲੀ ਮਹਾਂ-ਪੰਚਾਇਤ ਤੇ ਰੋਸ ਰੈਲੀ ’ਚ ਅੱਜ ਮਹਿਰਾਜ ਵਿਖੇ ਹੁੰਮ-ਹੁਮਾ ਕੇ ਪਹੁੰਚੋ : ਭਾਈ ਰਣਜੀਤ ਸਿੰਘ 
 
BY admin / February 22, 2021
ਅੰਮਿ੍ਰਤਸਰ, 22 ਫਰਵਰੀ (ਨਿਰਮਲ ਸਿੰਘ ਚੌਹਾਨ)  ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮੂਹ ਪੰਜਾਬ ਵਾਸੀਆਂ ਅਤੇ ਖ਼ਾਸਕਰ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ 26 ਜਨਵਰੀ ਦੀ ਟਰੈਕਟਰ ਪਰੇਡ ਤੋਂ ਬਾਅਦ ਕਿਸਾਨ ਸੰਘਰਸ਼ ਉੱਤੇ ਕੀਤੇ ਜਾ ਰਹੇ ਜ਼ੁਲਮ-ਤਸ਼ੱਦਦ ਅਤੇ ਲੱਖਾ ਸਿਧਾਣਾ, ਦੀਪ ਸਿੱਧੂ, ਇਕਬਾਲ ਸਿੰਘ, ਜੁਗਰਾਜ ਸਿੰਘ, ਨੌਦੀਪ ਕੌਰ, ਰਣਜੀਤ ਸਿੰਘ, ਦਿਸ਼ਾ ਰਵੀ, ਸ਼ਿਵ ਕੁਮਾਰ ਅਤੇ ਹੋਰ 250 ਦੇ ਕਰੀਬ ਨੌਜਵਾਨਾਂ ’ਤੇ ਕੀਤੇ ਗਏ ਝੂਠੇ ਪਰਚੇ ਰੱਦ ਕਰਵਾਉਣ ਅਤੇ ਗਿ੍ਰਫਤਾਰ ਕੀਤੇ ਨੌਜਵਾਨਾਂ ਦੀ ਰਿਹਾਈ ਲਈ ਸਰਕਾਰ ’ਤੇ ਦਬਾਅ ਬਣਾਉਣ ਅਤੇ ਕਾਲ਼ੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ 23 ਫਰਵਰੀ ਨੂੰ ਬਠਿੰਡਾ ਜ਼ਿਲ੍ਹਾ ਦੇ ਪਿੰਡ ਮਹਿਰਾਜ ਦੀ ਦਾਣਾ ਮੰਡੀ ’ਚ ਕੀਤੀ ਜਾ ਰਹੀ ਰੋਸ ਰੈਲੀ ’ਚ ਹੁੰਮ-ਹੁਮ ਕੇ ਪਹੁੰਚਣ। ਉਹਨਾਂ ਕਿਹਾ ਕਿ ਇਹ ਨੌਜਵਾਨਾਂ ਦੀ ਇੱਕ ਪਹਿਲੀ ਇਤਿਹਾਸਕ ਮਹਾਂ-ਪੰਚਾਇਤ ਹੋਵੇਗੀ। ਉਹਨਾਂ ਕਿਹਾ ਕਿ ਕਿਸਾਨ ਮੋਰਚੇ ਦੌਰਾਨ ਸ਼ਹੀਦ ਹੋਏ ਸਮੂਹ ਨੌਜਵਾਨਾਂ ਨੂੰ ਸਮਰਪਿਤ ਇਹ ਇਕੱਠ ਹੋਵੇਗਾ ਤੇ ਉਹਨਾਂ ਨੂੰ ਸ਼ਰਧਾਂਜਲੀ ਅਰਪਣ ਕੀਤੀ ਜਾਵੇਗੀ ਤੇ ਸੰਘਰਸ਼ ਨੂੰ ਅਗਾਂਹ ਜਾਰੀ ਰੱਖਣ ਲਈ ਗੰਭੀਰ ਵਿਚਾਰ-ਵਟਾਂਦਰੇ ਕਰਕੇ ਅਹਿਮ ਫ਼ੈਸਲੇ ਲਏ ਜਾਣਗੇ।