ਰਜਿ: ਨੰ: PB/JL-124/2018-20
RNI Regd No. 23/1979

ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਰਜਿਸਟਰਡ ਪਰਿਵਾਰ ਈ-ਕਾਰਡ ਬਣਵਾਉਣ: ਸਿਵਲ ਸਰਜਨ
 
BY admin / February 22, 2021
ਬਰਨਾਲਾ, 22 ਫਰਵਰੀ (ਤਰਸੇਮ ਸ਼ਰਮਾ)- ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਰਜਿਸਟਰਡ ਪਰਿਵਾਰਾਂ ਨੂੰ ਪ੍ਰਤੀ ਸਾਲ 5 ਲੱਖ ਰੁਪਏ ਤੱਕ ਦਾ ਨਗਦੀ ਰਹਿਤ ਇਲਾਜ ਮੁਫਤ ਹੈ, ਇਸ ਲਈ ਰਜਿਸਟਰਡ ਪਰਿਵਾਰ ਆਪਣੇ ਈ-ਕਾਰਡ ਜ਼ਰੂਰ ਬਣਵਾਉਣ। ਇਹ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰਜੀਤ ਸਿੰਘ ਵੱਲੋਂ ਹਫਤਾਵਰੀ ਫੇਸਬੁਕ ਲਾਈਵ ਸੈਸ਼ਨ ਦੌਰਾਨ ਕੀਤਾ ਗਿਆ। ਉਨਾਂ ਦੱੱਸਿਆ ਕਿ ਜਿਹੜੇ ਵਸਨੀਕ ਸਮਾਰਟ ਰਾਸ਼ਨ ਕਾਰਡ ਧਾਰਕ, ਕਿਰਤ ਵਿਭਾਗ ਨਾਲ ਰਜਿਸਟਰਡ ਮਜ਼ਦੂਰ, ਜੇ ਫਾਰਮ ਧਾਰਕ ਕਿਸਾਨ, ਐਕਰੀਡੇਟਿਡ ਅਤੇ ਪੀਲੇ ਕਾਰਡ ਧਾਰਕ ਪੱਤਰਕਾਰ, ਆਬਕਾਰੀ ਅਤੇ ਟੈਕਸ ਵਿਭਾਗ ਨਾਲ ਰਜਿਸਟਰਡ ਛੋਟੇ ਵਪਾਰੀ ਆਦਿ ਹਨ, ਉਹ ਸਰਕਾਰ ਵੱਲੋਂ ਸੂਚੀਬੱਧ ਹਸਪਤਾਲਾਂ ਵਿੱਚ ਪ੍ਰਤੀ ਪਰਿਵਾਰ 5 ਲੱਖ ਰੁਪਏ ਪ੍ਰਤੀ ਸਾਲ ਮੁਫ਼ਤ ਇਲਾਜ ਦਾ ਲਾਭ ਲੈਣ ਲਈ ਈ-ਕਾਰਡ ਜ਼ਰੂਰ ਬਣਵਾਉਣ। ਇਸ ਕੰਮ ਵਿਚ ਤੇਜ਼ੀ ਲਿਆਉਂਦਿਆਂ ਮਾਰਕੀਟ ਕਮੇਟੀਆਂ ਅਤੇ ਹਸਪਤਾਲ ਵਿਚ ਸਥਾਈ ਕੈਂਪ ਲਗਾ ਕੇ ਈ-ਕਾਰਡ ਬਣਾਏੇ ਜਾ ਰਹੇ ਹਨ ਅਤੇ ਕਾਮਨ ਸਰਵਿਸ ਸੈਂਟਰਾਂ (ਸੀ.ਐਸ.ਸੀਜ਼.) ’ਤੇ ਵੀ ਬਣਵਾਏ ਜਾ ਸਕਦੇ ਹਨ।    ਇਸ ਤੋਂ ਇਲਾਵਾ ਜ਼ਿਲੇ ਦੇ ਸੇਵਾ ਕੇਂਦਰਾਂ ਵਿੱਚ ਵੀ ਇਹ ਸਹੂਲਤ ਉਪਲੱਬਧ ਹੈ, ਇਸ ਲਈ 28 ਫਰਵਰੀ ਤੋਂ ਪਹਿਲਾਂ ਪਹਿਲਾਂ ਸਬੰਧਤ ਸ਼ੇ੍ਰਣੀਆਂ ਨਾਲ ਸਬੰਧਤ ਵਿਅਕਤੀ ਆਪਣਾ ਅਤੇ ਆਪਣੇ ਪਰਿਵਾਰਕ ਮੈਂਬਰਾਂ ਦਾ ਕਾਰਡ ਜ਼ਰੂਰ ਬਣਵਾਉਣ। ਉਨਾਂ ਦੱਸਿਆ ਕਿ ਈ-ਕਾਰਡ ਬਣਾਉਣ ਲਈ ਜਰੂਰੀ ਦਸਤਾਵੇਜ਼ ਆਧਾਰ ਕਾਰਡ ਅਤੇ ਪਰਿਵਾਰ ਪਹਿਚਾਣ ਦਸਤਾਵੇਜ਼ ਜਿਵੇਂ ਕਿ ਰਾਸ਼ਨ ਕਾਰਡ ਹਨ। ਜੇ ਰਾਸ਼ਨ ਕਾਰਡ ਨਹੀਂ ਹੈ ਤਾਂ ਸਰਪੰਚ ਜਾਂ ਮਿਉਂਸਿਪਲ ਕੌਂਸਲਰ ਵੱਲੋਂ ਦਸਤਖਤ ਅਤੇ ਮੋਹਰ ਲੱਗਿਆ ਘੋਸ਼ਣਾ ਪੱਤਰ (ਇਹ ਫਾਰਮ .... ’ਤੇ ਉਪਲੱਬਧ ਹੈ)।  ਉਨਾਂ ਦੱਸਿਆ ਕਿ ਈ-ਕਾਰਡ ਦੀ ਫੀਸ 30 ਰੁਪਏ ਪ੍ਰਤੀ ਕਾਰਡ ਹੈ। ਇਸ ਯੋਜਨਾ ਸਬੰਧੀ ਕਿਸੇ ਵੀ ਹੋਰ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।    ਇਸ ਦੇ ਨਾਲ ਹੀ ਸਿਵਲ ਸਰਜਨ ਨੇ ਦੱਸਿਆ ਕਿ ਸੂਬੇ ਵਿਚ ਅਜੇ ਵੀ ਕਰੋਨਾ ਵਾਇਰਸ ਦੇ ਨਵੇਂ ਕੇਸ ਦੇਖਣ ਨੂੰ ਮਿਲ ਰਹੇ ਹਨ, ਇਸ ਲਈ ਜ਼ਿਲਾ ਵਾਸੀ ਲੋੜੀਂਦੇ ਇਹਤਿਆਤ ਜ਼ਰੂਰ ਵਰਤਣ। ਇਸ ਤੋਂ ਇਲਾਵਾ ਵਾਰੀ ਆਉਣ ’ਤੇ ਕਰੋਨਾ ਵੈਕਸੀਨ ਜ਼ਰੂਰ ਲਵਾਉਣ, ਜੋ ਕਿ ਬਿਲਕੁਲ ਸੁਰੱਖਿਅਤ ਹੈ।  ਇਸ  ਮੌਕੇ ਐਸਐਚਏ ਕੋਆਰਡੀਨੇਟਰ ਸੰਦੀਪ ਸਿੰਘ ਵੀ ਹਾਜ਼ਰ ਸਨ।