ਰਜਿ: ਨੰ: PB/JL-124/2018-20
RNI Regd No. 23/1979

“ਨਵੀਂ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਓ, ਦੇਸ਼ ਨੂੰ ਖੁਸ਼ਹਾਲ ਬਣਾਉ”
 
BY admin / February 22, 2021
ਭਾਰਤ ਗੁਰੂਆਂ, ਪੀਰਾਂ, ਯੋਧਿਆਂ,ਸ਼ਹੀਦਾਂ, ਸੂਰਵੀਰਾਂ ਦੀ ਧਰਤੀ ਹੈ ਦੇਸ਼ ਦੇ ਨੌਜਵਾਨਾਂ ਨੇ ਦੁਨੀਆਂ ਭਰ ਵਿੱਚ ਤਰੱਕੀ ਦੇ ਝੰਡੇ ਗੱਡੇ ਹਨ, ਸੰਸਾਰ ਭਰ ਵਿੱਚ ਐਸਾ ਕੋਈ ਦੇਸ਼ ਨਹੀਂ ਹੋਣਾ ਜਿੱਥਾ ਭਾਰਤੀ ਨਾਂ ਵਸਦੇ ਹੋਣ। ਨੌਜਵਾਨ ਦੇਸ਼ ਦੀ ਰੀੜ ਦੀ ਹੱਡੀ ਹੁਦੇ ਹਨ। ਅੱਜ ਨਸ਼ਾਖੋਰੀ ਦੇ ਵਧਦੇ ਰੁਝਾਨ ਵੱਲ ਨਿਗਾਹ ਮਾਰੀ ਜਾਵੇ ਤਾਂ ਨੌਜਵਾਨ ਨਸ਼ਾਖੋਰੀ ਦੀ ਭਿਆਨਕ ਬੁਰਾਈ ਤੋਂ ਗ੍ਰਸਤ ਹਨ। ਪੁਰਾਣੀਆਂ ਕਹਾਣੀਆਂ ਅਨੁਸਾਰ ਨਸ਼ੇ ਸ਼ੈਤਾਨ ਦੀ ਦੇਣ ਹਨ। ਚਿੱਟੇ ’ਤੇ ਹੋਰ ਸਾਰੇ ਤਰਾਂ ਦੇ ਨਸ਼ਿਆਂ ਖਿਲਾਫ ਛੇੜੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸ਼ਰਾਬ,ਬੀਅਰ ਤੋਂ ਇਲਾਵਾ ਚਿੱਟੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦਾ ਵਧਦਾ ਰੁਝਾਨ ਚਿੰਤਾ ਦਾ ਵਿਸ਼ਾ ਹੈ। ਅੱਜ ਦੀ ਜਵਾਨੀ ਜਿਵੇਂ ਕਿਵਂੇ ਕਹਿ ਲਵੋ ਚਿੱਟੇ ਦੀ ਲਪੇਟ ਵਿੱਚ ਆ ਰਹੀ ਹੈ। ਇਸ ਚਿੱਟੇ ਨੇ ਪਿਛਲੇ ਕਈ ਵਰਿਆ ਤੋਂ ਪੰਜਾਬ ਵਿੱਚ ਵੀ ਆਪਣੇ ਪੈਰ ਪਸਾਰ ਲਏ ਹਨ। ਇਸ ਚਿੱਟੇ ਨੇ ਕਈ ਮਾਵਾਂ ਤੇ ਪੁੱਤ ਖੋ ਲਏ ਹਨ। ਬੜਾ ਦੁੱਖ ਹੁੰਦਾ ਹੈ ਸੁਣ ਕੇ ਕਿ ਅੱਜ ਕੱਲ ਕਈ ਕੁੜੀਆਂ ਵੀ ਨਸ਼ੇ ਦੀਆਂ ਆਦਿ ਬਣ ਚੁੱਕੀਆਂ ਹਨ। ਪਰਾਣਿਆਂ ਸਮਿਆਂ ਵਿੱਚ ਕੋਈ ਬੇਈਮਾਨ ਆਦਮੀ ਆਪਣੇ ਵਿਰੋਧੀ ਨੂੰ ਕਮਜ਼ੋਰ ਕਰਨ ਲਈ ਉਸ ਦੇ ਬੱਚਿਆਂ ਨੂੰ ਧੋਖੇ ਨਾਲ ਅਫੀਮ ਦੇ ਕੇ ਅਮਲੀ ਬਣਾ ਕੇ ਵੈਰ ਕਮਾਉਂਦਾ ਸੀ ਅੱਜ ਕੱਲ ਦੀ ਨੌਜਵਾਨ ਪੀੜੀ ਖੁਦ ਹੀ ਮਾੜੀ ਸੰਗਤ ਸਦਕਾ ਨਸ਼ਿਆਂ ਦੀ ਆਦਿ ਬਣਦੀ ਜਾ ਰਹੀ ਹੈ। ਕਈ ਤਾਂ ਚਿੱਟਾ,ਮਹਿੰਗੀ ਸ਼ਰਾਬ, ਨਸ਼ੇ ਦੀਆਂ ਦਵਾਈਆਂ,ਚਰਸ, ਹੀਰੋਇਨ, ਸਿਗਰਟਾਂ ਆਦਿ ਨਾਲ ਨਸ਼ੇ ਕਰਨਾ ਆਪਣਾ ਉੱਚਾ ਸਟੇਟਸ ਮੰਨਣ ਲੱਗ ਪਏ ਹਨ।  ਮੇਰੀੇ ਦੇਸ਼ ਦੇ ਨੋਜਵਾਨ ਵੀਰਾਂ ਤੇ ਭੈਣਾਂ ਨੂੰ ਅਪੀਲ ਹੈ ਕਿ ਸੰਭਲ ਜਾਉ ਇਸ ਨਾਲ ਨਸ਼ਾ ਵੇਚਣ ਵਾਲਿਆਂ ਦਾ ਨਸ਼ਾ ਵਿਕਾਉਣ ਵਾਲਿਆਂ ਦਾ ਤੇ ਸਮੇਂ ਦੇ ਹਾਕਮਾ ਦਾ ਕੋਈ ਨੁਕਸਾਨ ਨਹੀਂ । ਸਗੋਂ ਪੂਰਾ ਨੁਕਸਾਨ ਤੁਹਾਡਾ ਅਤੇ ਤੁਹਾਡੇ ਪ੍ਰੀਵਾਰ ਦਾ ਹੈ। ਨਸ਼ਾ ਤੁਹਾਡੀ ਪ੍ਰਾਪਰਟੀ ਵਿਕਾ ਦਿੰਦਾ ਹੈ । ਤੁਹਾਡੀ ਜਿੰਦਗੀ ਖਰਾਬ ਕਰਦਾ ਹੈ ਤੇ ਨਾਲ ਨਾਲ ਤੁਹਾਡੀ ਬਣੀ ਬਣਾਈ ਇੱਜਤ ਵੀ ਮਿੱਟੀ ਵਿੱਚ ਮਿਲਾ ਦਿੰਦਾ ਹੈ ’ਤੇ ਫਿਰ ਇੱਕ ਐਸਾ ਦਿਨ ਆ ਜਾਂਦਾ ਹੈ ਕਿ ਇਹੀ ਨਸ਼ਾ ਬੰਦੇ ਨੂੰ ਮੌਤ ਦੇ ਮੂੰਹ ਵਿੱਚ ਲੈ ਜਾਦਾ ਹੈ। ਭਾਰਤ ਦੇ ਗੁਜਰਾਤ ਰਾਜ ਵਾਂਗ ਸਾਰੇ ਰਾਜਾਂ ਵਿੱਚ ਸ਼ਰਾਬ, ਚਿੱਟਾ ਆਦਿ ਨਸ਼ੇ ਬੰਦ ਹੋਣੇ ਚਾਹੀਦੇ ਹਨ।  ਸਾਡੀ ਜੀਵਨਸ਼ੈਲੀ ਤੇ ਬੱਚਿਆਂ ਦੇ ਪਾਲਣ-ਪੋਸ਼ਣ ’ਚ ਹੀ ਕੁਝ ਅਜਿਹੀਆਂ ਕਮੀਆਂ ਹਨ, ਜੋ ਉਨਾਂ ’ਚ ਨਸ਼ਾਖੋਰੀ ਦੇ ਰੁਝਾਨ ਵਧਣ ਦੀ ਵਜਾ ਬਣ ਰਹੀਆਂ ਹਨ। ਜਿਵੇਂ ਸਾਡੇ ਸਮਾਜ ’ਚ ਪ੍ਰਹੁਣਿਆਂ ਦਾ ਆਦਰ ਸਤਿਕਾਰ ਹੁੰਦਾ ਹੈ ਅਤੇ ਜ਼ਿਆਦਾਤਰ ਲੋਕ ਪ੍ਰਹੁਣਿਆਂ ਦੀ ਸਭ ਤੋਂ ਵੱਡੀ ਸੇਵਾ ਸ਼ਰਾਬ ਆਦਿ ਪਿਆਉਣ ਨੂੰ ਮੰਨਦੇ ਹਨ। ਘਰ ਵਿੱਚ ਕੋਈ ਵੀ ਖੁਸ਼ੀ ਦਾ ਮੌਕਾ ਹੋਵੇ ਤਾਂ ਵੀ ਸ਼ਰਾਬ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ, ਹੌਲੀ ਹੌਲੀ ਬੱਚੇ ਦੇ ਦਿਮਾਗ ’ਚ ਇਹ ਗੱਲ ਘਰ ਕਰ ਜਾਂਦੀ ਹੈ ਕਿ ਸ਼ਰਾਬ ਖਾਸ ਰਿਸ਼ਤੇਦਾਰਾਂ ਦੀ ਸੇਵਾ ਲਈ ਹੀ ਵਰਤੀ ਜਾਣ ਕਰਕੇ ਖਾਸ ਚੀਜ ਹੈ ਤੇ ਉਹ ਸ਼ਰਾਬ ਪੀਣ ਦੀ ਇੱਛਾ ਤੇ ਆਦਤ ਪਾਲ ਲੈਂਦੇ ਹਨ ਜਾਂ ਕਈ ਲੋਕ ਮਜਾਕ ’ਚ ਹੀ ਬੱਚਿਆਂ ਨੂੰ ਨਸ਼ਾ ਕਰਵਾ ਦਿੰਦੇ ਹਨ ਤੇ ਇਹ ਮਜ਼ਾਕ ਹੌਲੀ ਹੌਲੀ ਬੱਚੇ ਦਾ ਸ਼ੌਂਕ ਤੇ ਆਦਤ ਬਣ ਜਾਂਦਾ ਹੈ । ਬੱਚੇ ਨਸ਼ਾ ਕਰਨਾ ਘਰੋਂ ਹੀ ਸਿੱਖ ਜਾਂਦੇ ਹਨ ਜੋ ਕਿ ਸਮਾਜ ਲਈ ਬਹੁਤ ਹੀ ਨੁਕਸਾਨਦੇਹ ਹੈ। ਜਿਸਦਾ ਨਤੀਜਾ ਅੱਜ ਅਸੀਂ ਅਜੋਕੇ ਸਮਾਜ ਵਿੱਚ ਭਲੀ ਭਾਂਤ ਦੇਖ ਸਕਦੇ ਹਾਂ। ਦਿੱਲੀ ਦੇ ਏਮਜ਼ ਹਸਪਤਾਲ ਦੇ ਇਕ ਐਨ.ਜੀ.ਓ ‘ਸੋਸਾਇਟੀ ਫਾਰ ਪ੍ਰਮੋਸ਼ਨ ਆਫ ਯੂਥ ਐਂਡ ਮਾਸਿਜ਼’ ਦੇ ਸਹਿਯੋਗ ਨਾਲ ਪੰਜਾਬ ਵਿੱਚ ਨਸ਼ਿਆਂ ਬਾਰੇ ਇਕ ਸਰਵੇਖਣ ਕਰਵਾਇਆ ਜਿਸ ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਹਰ ਸਾਲ 7500 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਵਿਕਦੇ ਹਨ। ਪ੍ਰਮੁੱਖ ਉੁਦਯੋਗਿਕ ਦੇਸ਼ਾਂ ਦੇ ਆਰਥਕ ਸਹਿਯੋਗ ਅਤੇ ਵਿਕਾਸ ਸੰਗਠਨ ਦੀ ਰੀਪੋਰਟ ਅਨੁਸਾਰ ਦੁਨੀਆਂ ਵਿੱਚ ਟੀ.ਬੀ, ਹਿੰਸਾ ਅਤੇ ਏਡਜ਼ ਨਾਲ ਹੋਣ ਵਾਲੀਆਂ ਮੌਤਾਂ ਤੋਂ ਵੀ ਜ਼ਿਆਦਾ ਮੌਤਾਂ ਸ਼ਰਾਬ ਕਰਕੇ ਹੁੰਦੀਆਂ ਹਨ, ਦੁਨੀਆਂ ਵਿੱਚ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ ਦੇ ਕਾਰਨਾਂ ਵਿੱਚ ਸ਼ਰਾਬ 5ਵਾਂ ਸਭ ਤੋਂ ਵੱਡਾ ਕਾਰਨ ਹੈ, ਸੰਨ 2000 ਤੋਂ ਬਾਅਦ ਪੂਰੀ ਦੁਨੀਆਂ ਵਿੱਚ ਮੁੰਡਿਆਂ-ਕੁੜੀਆਂ ਵਿੱਚ ਸ਼ਰਾਬ ਪੀਣ ਦਾ ਰੁਝਾਨ ਜ਼ਿਆਦਾ ਵਧਿਆ ਹੈ। ਨਸ਼ਿਆਂ ਕਰਕੇ ਲੱਖਾਂ ਘਰ ਉੱਜੜ ਗਏ, ਨਸ਼ਈਆਂ ਨੇ ਪਤਨੀਆਂ ਅਤੇ ਮਾਪਿਆਂ ਦੇ ਕਤਲ ਕਰ ਦਿੱਤੇ ,ਨਸ਼ਿਆਂ ਕਾਰਨ ਬਹੁਤੇ ਲੜਕੇ ਗ੍ਰਹਿਸਥ ਜੀਵਨ ਦੇ ਕਾਬਲ ਨਹੀਂ ਰਹੇ, ਤਲਾਕ ਹੋ ਰਹੇ ਹਨ, ਬਹੁਤੀਆਂ ਲੜਾਈਆਂ, ਬਲਾਤਕਾਰ ਅਤੇ ਹਾਦਸੇ ਨਸ਼ਿਆਂ ਕਰਕੇ ਹੀ ਹੁੰਦੇ ਹਨ। ਪੀ.ਜੀ.ਆਈ. ਚੰਡੀਗੜ ਵਿੱਚ ਸੈਕਸ ਸਮਰੱਥਾ ਦੀ ਕਮੀ ਤੋਂ ਪੀੜਤ ਰੋਗੀਆਂ ਉਤੇ ਡਾਕਟਰਾਂ ਵਲੋਂ ਕੀਤੇ ਅਧਿਐਨ ਵਿੱਚ 58.4 ਫੀਸਦੀ ਲੋਕਾਂ ਦੀ ਇਹ ਕਮਜ਼ੋਰੀ ਸ਼ਰਾਬ ਦੇ ਸੇਵਨ ਨਾਲ ਹੋਈ ਦੱਸੀ ਗਈ ਹੈ। ਭਾਵੇਂ ਸਰਕਾਰ ਤੇ ਕਈ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਨੇ ਨੌਜਵਾਨ ਪੀੜੀ ਨੂੰ ਸਮਝਾ ਕੇ ਨਸ਼ਿਆਂ ਦੇ ਖਿਲਾਫ ਨਸ਼ਾ ਛੜਾਊ ਮੁਹਿੰਮਾਂ ਵਿੱਢੀਆਂ ਹੋਈਆਂ। ਕਿੰਨੇ ਹੀ ਲੋਕ ਨੌਜਵਾਨ ਪੀੜੀ ਅਤੇ ਸੂਬੇ ਤੇ ਦੇਸ਼ ਦਾ ਭਵਿੱਖ ਬਚਾਉਣ ਲਈ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿਚੋੋਂ ਕੱਢ ਕੇ ਮੁੜ ਆਪਣੀ ਪਹਿਲਾਂ ਵਰਗੀ ਜ਼ਿੰਦਗੀ ਜਿਉਣ ਤੇ ਆਪਣੀਆਂ ਪਰਿਵਾਰਕ ਤੇ ਸਮਾਜਿਕ ਜ਼ਿਮੇਵਾਰੀਆਂ ਨੂੰ ਨਿਭਾਉਣਯੋਗ ਬਣਾਉਣ ਲਈ ਯਤਨਸ਼ੀਲ ਹਨ। ਪਰ ਫਿਰ ਵੀ ਸਮਾਜ ਅਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੀ ਪਰਵਰਿਸ਼ ਦਾ ਖਾਸ ਧਿਆਨ ਰੱਖਣ, ਉਨਾਂ ਨੂੰ ਵੱਧ ਤੋਂ ਵੱਧ ਸਮਾਂ ਦੇਣ, ਉਨਾਂ ਦੇ ਦੋਸਤਾਂ ਮਿੱਤਰਾਂ ਬਾਰੇ ਚੰਗੀ ਤਰਾਂ ਜਾਣਕਾਰੀ ਰੱਖਣ, ਹੋਸਟਲਾਂ ਵਿੱਚ ਰਹਿੰਦੇ ਲੜਕੇ ਲੜਕੀਆਂ ਦੀ ਨਿਗਰਾਨੀ ਹੋਵੇ, ਖੁਦ ਨਸ਼ਿਆਂ ਦੀ ਆਦਤ ਦਾ ਤਿਆਗ ਕਰਨ, ਬੱਚਿਆਂ ਦੇ ਖਰਚੇ ਬਾਰੇ ਜਾਣਕਾਰੀ ਰੱਖਣ। ਨਸ਼ਿਆਂ ਦੇ ਹੜ ਨੂੰ ਰੋਕਣ ਲਈ ਸਾਨੂੰ ਆਪਣੇ ਪੱਧਰ ’ਤੇ ਸ਼ੁਰੂਆਤ ਕਰਨੀ ਪਵੇਗੀ, ਸਿਰਫ ਸਰਕਾਰਾਂ ਤੇ ਡਾਕਟਰੀ ਇਲਾਜ ਤੇ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ। ਆਉ ਅੱਜ ਤੋ ਹੀ ਇਸ ਕੰਮ ਦੀ ਸੁਰੂਆਤ ਕਰੀਏ ਨੇਕ ਕੰਮ ਵਿੱਚ ਦੇਰੀ ਕਿੳਂੁ। ਇਸ ਤਰਾਂ ਕਰਨ ਨਾਲ ਕਦੇ ਕੋਈ ਮਾਂ ਨਹੀਂ ਕਹੇਗੀ ਕਿ ਨਸ਼ਿਆਂ ਨੇ ਪੱੁਤ ਖੋ ਲਏ ਮਾਂਵਾਂ ਦੇ।  ਗਾਣਿਆਂ ਅਤੇ ਫਿਲਮਾਂ ਵਿੱਚ ਨਸ਼ੇ ਅਤੇ ਬੰਦੂਕਾਂ ਦੀ ਪ੍ਰਦਰਸ਼ਨੀ ਬੰਦ ਹੋਣੀ ਚਾਹੀਦੀ ਹੈ। ਹੁਣ ਚੌੜੀਆਂ ਹਿੱਕਾਂ ਵਾਲੇ 6 ਫੁੱਟੇ ਗੱਭਰੂ ਨਹੀਂ ਮਿਲਣੇ ਜੇ ਹੁਣ ਸਮਾਜ ਸੁਧਾਰ ਜਥੇਬੰਦੀਆਂ,ਬੁੱਧੀਮਾਨ ਅਤੇ ਫਿਕਰਮੰਦ ਲੋਕਾਂ ਨੇ ਇਕੱਠੇ ਹੋ ਕੇ ਨੌਜਵਾਨ ਪੀੜੀ ਨੂੰ ਬਚਾਉਣ ਲਈ ਨਸ਼ੇ ਦੇ ਸੌਦਾਗਰਾਂ ਵਿਰੱੁਧ ਹੰਭਲਾ ਨਾ ਮਾਰਿਆ ਤਾਂ ਆਉਣ ਵਾਲੀ ਪੀੜੀ ਬੇਹੱਦ ਕਮਜ਼ੋਰ, ਆਲਸੀ ਅਤੇ ਮਨੋਰੋਗੀ ਹੋਵੇਗੀ। ਆਓ ਅਸੀਂ ਵਾਅਦਾ ਕਰੀਏ ਕਿ ਅਸੀਂ ਖੁਦ ਤਾਂ ਚਿੱਟੇ, ਸ਼ਰਾਬ ਆਦਿ ਨਸ਼ਿਆਂ ਤੋਂ ਬਚਾਂਗੇ ਹੀ ਨਾਲ ਹੀ ਆਉਣ ਵਾਲੀ ਪੀੜੀ ਤੇ ਹੋਰਾਂ ਨੂੰ ਵੀ ਇਸ ਤੋਂ ਬਚਾਉਣ ਤੇ ਯਤਨ ਕਰਾਂਗੇ ਅਤੇ ਦੇਸ਼ ਨੂੰ ਖੁਸ਼ਹਾਲ ਬਣਾਉਣ ਵਿੱਚ ਯੋਗਦਾਨ ਪਾਵਾਂਗੇ। 
 
ਪ੍ਰਮੋਦ 
ਧੀਰ
98550-31081