ਰਜਿ: ਨੰ: PB/JL-124/2018-20
RNI Regd No. 23/1979

ਮੋਹਾਲੀ ਨੇੜਲੇ ਪਿੰਡ ਬਹਿਲੋਲਪੁਰ ਅਤੇ ਝਾਮਪੁਰ ਦੀਆਂ ਗੈਰਕਾਨੂੰਨੀ ਕਲੋਨੀਆਂ ਤੇ ਚੱਲਿਆ ਗਮਾਡਾ ਦਾ ਪੀਲਾ ਪੰਜਾ 
 
BY admin / February 23, 2021
ਐਸ.ਏ.ਐਸ.ਨਗਰ,  23 ਫਰਵਰੀ-(ਗੁਰਵਿੰਦਰ ਸਿੰਘ ਮੋਹਾਲੀ) ਮੋਹਾਲੀ ਦੇ ਨਾਲ ਲੱਗਦੇ ਪਿੰਡਾਂ ਵਿੱਚ ਕੁੱਝ ਬਿਲਡਰਾਂ ਵਲੋਂ ਖੇਤਾਂ ਦੀਆਂ ਜਮੀਨਾਂ ਤੇ ਅਣਅਧਿਕਾਰਤ ਕਾਲੋਨੀਆਂ ਕੱਟ ਕੇ ਪਲਾਟ ਵੇਚਣ ਦੀ ਕਾਰਵਾਈ ਤੇ ਰੋਕ ਲਗਾਉਣ ਦੀ ਮੁਹਿੰਮ ਦੇ ਤਹਿਤ ਅੱਜ ਗਮਾਡਾ ਦੇ ਐਸ ਡੀ ਓ ਸ੍ਰ. ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਗਮਾਡਾ ਦੇ ਨਾਜਾਇਜ ਕਬਜੇ ਹਟਾਉਣ ਵਾਲੀ ਟੀਮ ਵਲੋਂ ਅਣਅਧਿਕਾਰਤ ਕਾਲੋਨੀਆਂ ਵਿੱਚ ਚਲ ਰਹੀਆਂ ਅਤੇ ਪਹਿਲਾਂ ਤੋਂ ਕੀਤੀਆਂ ਉਸਾਰੀਆਂ ਨੂੰ ਜੇ ਸੀ ਬੀ ਮਸੀਨ ਦੀ ਮਦਦ ਨਾਲ ਢਾਹ ਦਿੱਤਾ ਗਿਆ. ਇਸ ਦੌਰਾਨ ਅੱਜ ਪਿੰਡ ਬਹਿਲੋਲਪੁਰ ਅਤੇ ਝਾਮਪੁਰ ਵਿੱਚ ਕੀਤੀਆਂ ਗਈਆਂ ਅਜਿਹੀਆਂ 20 ਦੇ ਕਰੀਬ ਉਸਾਰੀਆਂ ਨੂੰ ਢਾਹਿਆ ਗਿਆ ਹੈ.   ਗਾਮਾਡਾ ਦੀ ਇਹ ਕਾਰਵਾਈ ਪਿੰਡ ਬਹਿਲੋਲਪੁਰ ਤੋਂ ਆਰੰਭ ਹੋਈ ਅਤੇ ਉਸ ਤੋਂ ਬਾਅਦ ਗਮਾਡਾ ਦੀ ਟੀਮ ਵਲੋਂ ਪਿੰਡ ਝਾਮਪੁਰ ਵਿੱਚ ਵੀ ਵੱਖ ਵੱਖ ਥਾਵਾਂ ਤੇ ਬਣੀਆਂ ਅਣਅਧਿਕਾਰਤ ਉਸਾਰੀਆਂ ਢਾਹ ਦਿੱਤੀਆਂ ਗਈਆਂ. ਇਸ ਦੌਰਾਨ ਪਿੰਡ ਬਹਿਲੋਲਪੁਰ ਵਿੱਚ  ਬਣਾਈ ਜਾ ਰਹੀ ਇੱਕ ਅਣਿਅਕਾਰਤ ਕਾਲੋਨੀ ਦੇ ਮਾਲਕਾਂ ਵਲੋਂ ਮਿੱਟੀ ਪਾ ਕੇ ਕੀਤੀ ਜਾ ਰਹੀ ਸੜਕ ਦੀ ਉਸਾਰੀ ਅਤੇ ਉੱਥੇ ਬਣਾਏ ਗਏ ਸੀਵਰੇਜ ਦੇ ਟੈਂਕ ਨੂੰ ਵੀ ਜੇ ਸੀ ਬੀ ਮਸੀਨ ਨਾਲ ਤੋੜ ਦਿੱਤਾ ਗਿਆ. ਇਸੇ ਤਰ੍ਹਾਂ ਪਿੰਡ ਝਾਮਪੁਰ ਵਿੱਚ ਖਾਲੀ ਪਲਾਟਾਂ ਤੇ ਕੀਤੀਆਂ ਜਾ ਰਹੀਆਂ ਉਸਾਰੀਆਂ ਅਤੇ ਕੰਧਾਂ ਨੂੰ ਜੇ ਸੀ ਬੀ ਮਸੀਨ ਨਾਲ ਢਾਹ ਦਿੱਤਾ ਗਿਆ. ਪਿੰਡ ਬਹਿਲੋਲਪੁਰ ਵਿੱਚ ਨਵੀਂ ਬਣਾਈ ਜਾ ਰਹੀ ਇੱਕ ਅਣਅਧਿਕਾਰਤ ਕਾਲੋਨੀ, ਜਿੱਥੇ ਸਸਤੇ ਪਲਾਟ ਅਤੇ ਸਸਤੀਆਂ ਦੁਕਾਨਾਂ ਵੇਚਣ ਸੰਬੰਧੀ ਬਕਾਇਦਾ ਬੋਰਡ ਲਗਾਏ ਗਏ ਸਨ, ਵਿੱਚ ਕੀਤੀਆਂ ਜਾ ਰਹੀਆਂ ਉਸਾਰੀਆਂ ਨੂੰ ਵੀ ਗਮਾਡਾ ਦੀ ਟੀਮ ਵਲੋਂ ਢਾਹ ਦਿੱਤਾ ਗਿਆ. ਪਿੰਡ ਝਾਮਪੁਰ ਵਿੱਚ ਵੀ ਗਮਾਡਾ ਦੀ ਟੀਮ ਵਲੋਂ ਅਜਿਹੀਆਂ ਕਈ ਉਸਾਰੀਆਂ ਢਾਹ ਦਿੱਤੀਆਂ ਗਈਆਂ. 
ਕੀ ਕਹਿੰਦੇ ਹਨ ਗਮਾਡਾ ਅਧਿਕਾਰੀ:- ਸੰਪਰਕ ਕਰਨ ਤੇ ਗਮਾਡਾ ਦੇ ਐਸ ਡੀ ਓ ਸ੍ਰ. ਹਰਪ੍ਰੀਤ ਸਿੰਘ ਨੇ ਕਿਹਾ ਕਿ ਗਮਾਡਾ ਵਲੋਂ ਇਹਨਾਂ ਪਿੰਡਾਂ ਵਿੱਚ ਅਣਅਧਿਕਾਰਤ ਕਾਲੋਨੀਆਂ/ ਉਸਾਰੀਆਂ ਤੇ ਮੁਕੰਮਲ ਰੋਕ ਹੈ ਅਤੇ ਜਦੋਂ ਵੀ ਅਜਿਹੀ ਕਿਸੇ ਉਸਾਰੀ ਦੀ ਗੱਲ ਸਾਮ੍ਹਣੇ ਆਉਂਦੀ ਹੈ ਗਮਾਡਾ ਵਲੋਂ ਉਸਨੂੰ ਢਾਹ ਦਿੱਤਾ ਜਾਂਦਾ ਹੈ । ਉਹਨਾਂ ਕਿਹਾ ਕਿ ਇਹ ਕਾਰਵਾਈ ਹੁਣ ਲਗਾਤਾਰ ਚਾਲੂ ਰਹੇਗੀ ਅਤੇ ਜਿੱਥੇ ਕਿਤੇ ਵੀ ਨਾਜਾਇਜ ਉਸਾਰੀਆਂ ਹੋਈਆਂ ਹਨ ਉਹਨਾਂ ਨੂੰ ਢਾਹ ਦਿੱਤਾ ਜਾਵੇਗਾ ਅਤੇ ਗਮਾਡਾ ਦੇ ਅਧਿਕਾਰੀ ਕਿਸੇ ਵੀ ਸਿਆਸੀ ਦਬਾਅ ਥੱਲੇ ਨਹੀਂ ਆਉਣਗੇ।