ਰਜਿ: ਨੰ: PB/JL-124/2018-20
RNI Regd No. 23/1979

ਲੁਧਿਆਣਾ ਦੇ ਪ੍ਰਮੁੱਖ ਨਿੱਜੀ ਸਕੂਲਾਂ ’ਚ ਕੋਰੋਨਾ ਨੇ ਦਿੱਤੀ ਦਸਤਕ,1 ਟੀਚਰ ਸਮੇਤ 2 ਵਿਦਿਆਰਥੀ ਪਾਜ਼ੇਟਿਵ
 
BY admin / February 23, 2021
ਲੁਧਿਆਣਾ, 23 ਫਰਵਰੀ, (ਰਜੇਸ਼ ਸੂਦ)- ਸਰਕਾਰੀ ਸਕੂਲਾਂ ’ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ ਆਉਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਅਤੇ ਹੁਣ ਨਿੱਜੀ ਸਕੂਲਾਂ ਵਿਚ ਵੀ ਕੋਵਿਡ-19 ਦੇ ਕੇਸ ਆਉਣ ਲੱਗੇ ਹਨ ਪਰ ਸਿੱਖਿਆ ਮਹਿਕਮੇ ਅਤੇ ਪੰਜਾਬ ਸਰਕਾਰ ਇਸ ਸਬੰਧੀ ਚੁੱਪ ਸਾਧੀ ਬੈਠੀ ਹੈ। ਅੱਜ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਲੁਧਿਆਣਾ ਡਾ. ਸੁਖਜੀਵਨ ਕੱਕੜ ਨੇ ਦੱਸਿਆ ਕਿ ਅੱਜ ਆਈ ਤਾਜ਼ਾ ਰਿਪੋਰਟ ਵਿਚ ਵੱਖ-ਵੱਖ ਸਕੂਲਾਂ ਦੇ 5 ਵਿਦਿਆਰਥੀ ਅਤੇ 2 ਟੀਚਰ ਕੋਰੋਨਾ ਪਾਜੇਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਡੀ. ਪੀ. ਐੱਸ. ਦੇ 2 ਵਿਦਿਆਰਥੀ ਅਤੇ 1 ਟੀਚਰ, ਸਰਕਾਰੀ ਸਕੂਲ ਪਿੰਡ ਚੌਂਤਾ ਦੇ 2 ਵਿਦਿਆਰਥੀ, ਮਲਟੀਪਰਪਜ਼ ਸਕੂਲ ਲੁਧਿਆਣਾ ਦਾ 1 ਟੀਚਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਦਾ 1 ਵਿਦਿਆਰਥੀ ਕੋਰੋਨਾ ਵਾਇਰਸ ਤੋਂ ਪੀੜਤ ਪਾਇਆ ਗਿਆ ਹੈ। ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਪ੍ਰੀ-ਬੋਰਡ ਪ੍ਰੀਖਿਆਵਾਂ ਲਈਆਂ ਜਾ ਰਹੀਆਂ ਹਨ, ਜਿੱਥੇ 1 ਪਾਸੇ ਅਜੇ ਕੋਰੋਨਾ ਦਾ ਖਤਰਾ ਨਹੀਂ ਟਲਿਆ, ਉਥੇ ਸਿੱਖਿਆ ਮਹਿਕਮੇ ਵੱਲੋਂ ਪਹਿਲੀ ਵਾਰ ਇੰਨੇ ਵੱਡੇ ਪੱਧਰ ’ਤੇ ਪ੍ਰੀ-ਬੋਰਡ ਪ੍ਰੀਖਿਆਵਾਂ ਕਰਵਾਈਆਂ ਜਾ ਰਹੀਆਂ ਹਨ। ਨਾਨ-ਬੋਰਡ ਕਲਾਸਾਂ ਦੇ ਵੀ ਪ੍ਰੀ-ਬੋਰਡ ਐਗਜ਼ਾਮ ਲਏ ਜਾ ਰਹੇ ਹਨ। ਸਾਰੇ ਵਿਦਿਆਰਥੀਆਂ ਨੂੰ ਜ਼ੁਬਾਨੀ ਰੂਪ ਨਾਲ ਇਨ੍ਹਾਂ ਪ੍ਰੀ-ਬੋਰਡ ਪ੍ਰੀਖਿਆਵਾਂ ਲਈ ਸਕੂਲ ਆਉਣ ਲਈ ਕਿਹਾ ਜਾ ਰਿਹਾ ਹੈ। ਮਹਿਕਮੇ ਵੱਲੋਂ ਸਾਰੇ ਸਕੂਲਾਂ ਤੋਂ ਰੋਜ਼ਾਨਾ ਕਲਾਸ ਵਾਈਜ਼ ਅਟੈਂਡੈਂਸ ਰਿਪੋਰਟ ਮੰਗਵਾਈ ਜਾ ਰਹੀ ਹੈ ਅਤੇ ਜਿਨ੍ਹਾਂ ਸਕੂਲਾਂ ਵਿਚ ਵਿਦਿਆਰਥੀਆਂ ਦੀ ਹਾਜ਼ਰੀ ਘੱਟ ਹੈ, ਉਥੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਅਟੈਂਡੈਂਸ ਵਧਾਉਣ ਲਈ ਜ਼ੁਬਾਨੀ ਤੌਰ ’ਤੇ ਦਬਾਅ ਬਣਾਇਆ ਜਾ ਰਿਹਾ ਹੈ। ਸਾਰੀਆਂ ਕਲਾਸਾਂ ਦੀਆਂ ਪ੍ਰੀਖਿਆਵਾਂ ਚਲਦੀਆਂ ਹੋਣ ਕਾਰਨ ਅਤੇ ਸਕੂਲਾਂ ’ਚ ਕਮਰਿਆਂ ਅਤੇ ਬੈਠਣ ਦੀ ਵਿਵਸਥਾ ਦੀ ਕਮੀ ਵਿਚ ਵਿਦਿਆਰਥੀਆਂ ਨੂੰ 1 ਦੂਜੇ ਦੇ ਨਾਲ ਲੱਗ ਕੇ ਬੈਠਣਾ ਪੈ ਰਿਹਾ ਹੈ। ਅਜਿਹੇ ਵਿਚ ਕੋਵਿਡ-19 ਸਬੰਧੀ ਜਾਰੀ ਗਾਈਡਲਾਈਨਜ਼ ਅਤੇ ਐੱਸ. ਓ. ਪੀ. ਦੀ ਪਾਲਣਾ ਕਿਵੇਂ ਕੀਤੀ ਜਾ ਸਕਦੀ ਹੈ। ਇਹ ਤਾ ਵਿਭਾਗ ਦੇ ਅਧਿਕਾਰੀ ਹੀ ਦੱਸ ਸਕਦੇ ਹਨ। ਪੰਜਾਬ ਭਰ ਦੇ ਵੱਖ-ਵੱਖ ਸਕੂਲਾਂ ਵਿਚ ਕੋਵਿਡ-19 ਦੇ ਕਈ ਕੇਸ ਆ ਚੁੱਕੇ ਹਨ। ਇਨ੍ਹਾਂ ’ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਲਿਬ ਕਲਾਂ ਦੀ 1 ਅਧਿਆਪਕ ਦੀ ਮੌਤ ਵੀ ਹੋ ਚੁੱਕੀ ਹੈ ਪਰ ਵਿਭਾਗ ਇਸ ਸਾਰੇ ਕੇਸ ’ਤੇ ਚੁੱਪ ਧਾਰੀ ਬੈਠਾ ਹੈ। ਵੱਖ-ਵੱਖ ਅਧਿਆਪਕਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਦੱਸਿਆ ਕਿ ਅਧਿਕਾਰੀ ਖੁਦ ਨੂੰ ਆਪਣੇ ਦਫਤਰਾਂ ’ਚ ਬੰਦ ਰੱਖਦੇ ਹਨ ਅਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਜਾਨ ਨਾਲ ਖੇਡ ਰਹੇ ਹਨ। ਅਧਿਆਪਕਾਂ ਨੇ ਕਿਹਾ ਕਿ ਇਕਦਮ ਸਕੂਲ ਖੋਲ੍ਹਣ ਦਾ ਫੈਸਲਾ ਜਲਦਬਾਜ਼ੀ ਵਿਚ ਲਿਆ ਗਿਆ ਹੈ ਅਤੇ ਹੁਣ ਲਗਾਤਾਰ ਕੋਵਿਡ-19 ਦੇ ਪਾਜ਼ੇਟਿਵ ਕੇਸ ਆਉਣ ’ਤੇ ਵਿਭਾਗ ਚੁੱਪ ਹੈ। ਵਿਭਾਗ ਵੱਲੋਂ ਕਾਰਵਾਈ ਸਿਰਫ ਕਾਗਜ਼ਾਂ ਵਿਚ ਕੀਤੀ ਜਾਂਦੀ ਹੈ। ਜ਼ਿਆਦਾਤਰ ਸਰਕਾਰੀ ਸਕੂਲਾਂ ’ਚ ਕੋਵਿਡ-19 ਸਬੰਧੀ ਕੋਈ ਵੀ ਪ੍ਰਬੰਧ ਨਹੀਂ ਹੈ।