ਰਜਿ: ਨੰ: PB/JL-124/2018-20
RNI Regd No. 23/1979

ਪੰਜਾਬ ਦੇ ਨੌਜਵਾਨ ਦੀ ਅਮਰੀਕਾ ’ਚ ਗੋਲੀ ਮਾਰ ਕੇ ਹੱਤਿਆ
 
BY admin / February 23, 2021
ਖੰਨਾ, 23 ਫਰਵਰੀ, (ਯੂ.ਐਨ.ਆਈ.)- ਨੇੜਲੇ ਪਿੰਡ ਚਕੋਹੀ ਦੇ ਗੁਰਪ੍ਰੀਤ ਸਿੰਘ ਦਾ ਅਮਰੀਕਾ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਗੁਰਪ੍ਰੀਤ ਅਮਰੀਕਾ ਵਿੱਚ ਸੈਵਨ ਇਲੈਵਨ ਨਾਮਕ ਸਟੋਰ ‘ਚ ਕੰਮ ਕਰਦਾ ਸੀ। ਪਤਾ ਲੱਗਾ ਹੈ ਕਿ ਕੰਮ ‘ਤੇ ਹੀ ਹੋਈ ਝੜਪ ‘ਚ ਉਸ ਨੂੰ ਗੋਲੀ ਮਾਰ ਦਿੱਤੀ ਗਈ। ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕਰਦਿਆਂ ਭਾਰਤ ਸਰਕਾਰ ਤੋਂ ਲਾਸ਼ ਪੰਜਾਬ ਮੰਗਵਾਉਣ ਦੀ ਲਈ ਸਹਾਇਤਾ ਮੰਗੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਦੀ ਉਮਰ ਤਕਰੀਬਨ 31 ਸਾਲ ਸੀ। ਅਮਰੀਕਾ ਵਿੱਚ ਦੋ ਲੁਟੇਰਿਆਂ ਵੱਲੋਂ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ। ਗੁਰਪ੍ਰੀਤ ਦੇ ਮਾਂ ਨੇ ਦੱਸਿਆ ਕਿ  ਪੰਜਾਬ ਵਿੱਚ ਰੁਜਗਾਰ ਨਾ ਮਿਲਣ ਕਰਕੇ ਆਪਣੇ ਚੰਗੇ ਭਵਿੱਖ ਲਈ ਉਨ੍ਹਾਂ ਦਾ ਬੇਟਾ ਤਕਰੀਬਨ ਦੋ ਸਾਲ ਪਹਿਲਾਂ ਵਿਦੇਸ਼ ਗਿਆ ਸੀ। ਉਨ੍ਹਾਂ ਦੱਸਿਆ ਕਿ ਅਮਰੀਕਾ ਦੇ ਸੈਕਰਾਮੈਂਟੋ ਵਿੱਚ ਇੱਕ ਸਟੋਰ ਵਿੱਚ ਕੰਮ ਕਰਦੇ ਸਮੇਂ ਲੁੱਟ ਕਰਨ ਆਏ ਲੁਟੇਰਿਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਦਾ ਪਤਾ ਘਰ ਵਾਲਿਆਂ ਨੂੰ ਕੁਝ ਸਮੇਂ ਬਾਅਦ ਹੀ ਲੱਗ ਗਿਆ। ਗੁਰਪ੍ਰੀਤ ਦੇ ਪਿਤਾ ਜਸਵੰਤ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਦੀ ਪਤਨੀ ਉਸ ਨਾਲ ਫੋਨ ਤੇ ਗੱਲ ਕਰ ਰਹੀ ਸੀ ਤਾਂ ਗੁਰਪ੍ਰੀਤ ਸਿੰਘ ਨੇ ਫੋਨ ਕੱਟ ਦਿੱਤਾ। ਦੁਬਾਰਾ ਵਾਰ-ਵਾਰ ਫੋਨ ਲਾਉਣ ਤੇ ਗੁਰਪ੍ਰੀਤ ਨੇ ਫੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਅਸੀਂ ਆਪਣੇ ਰਿਸ਼ਤੇਦਾਰ ਜਿਹੜਾ ਕਿ ਗੁਰਪ੍ਰੀਤ ਸਿੰਘ ਦੇ ਨਾਲ ਹੀ ਰਹਿੰਦਾ ਹੈ, ਨਾਲ ਰਾਬਤਾ ਬਣਾਇਆ। ਉਸ ਤੋਂ ਸਾਨੂੰ ਸਾਰੀ ਘਟਨਾ ਬਾਰੇ ਜਾਣਕਾਰੀ ਪ੍ਰਾਪਤ ਹੋਈ।