ਰਜਿ: ਨੰ: PB/JL-124/2018-20
RNI Regd No. 23/1979

ਸਰਕਾਰ ਨੇ ਖੇਤੀ ਕਾਨੂੰਨਾਂ ਰਾਹੀਂ ਕਿਸਾਨਾਂ ਦੀ ਪੱਗ ਨੂੰ ਪਾਇਆ ਹੱਥ 
 
BY admin / February 23, 2021
ਨਵੀਂ ਦਿੱਲੀ, 23 ਫਰਵਰੀ, (ਯੂ.ਐਨ.ਆਈ.)- ਅੱਜ ਦੇਸ਼ ਭਰ ਵਿੱਚ ‘ਪੱਗੜੀ ਸੰਭਾਲ’ ਦਿਵਸ ਮਨਾਇਆ ਜਾ ਰਿਹਾ ਹੈ। ਦੇਸ਼ ਭਰ ਦੇ ਕਿਸਾਨ ਆਪਣੇ ਖੇਤਰ ਦੀਆਂ ਰਵਾਇਤੀ ਪੱਗਾਂ ਸਿਰਾਂ ਉਪਰ ਸਜਾਉਣਗੇ। ਇਸ ਦੇ ਨਾਲ ਹੀ ਮੰਗ ਪੱਤਰ ਸੌਂਪੇ ਜਾਣਗੇ। ਕਿਸਾਨ ਜਥੇਬੰਦੀਆਂ ਆਪਣੇ ਅੰਦੋਲਨ ਦੀਆਂ ਜੜ੍ਹਾਂ ਇਤਿਹਾਸ ਨਾਲ ਜੋੜ ਕੇ ਇਸ ਨੂੰ ਹੋਰ ਵਿਸ਼ਾਲ ਕਰਨ ਦੀ ਕੋਸ਼ਿਸ਼ ਵਿੱਚ ਜੁੱਟੀਆਂ ਹੋਈਆਂ ਹਨ। ਦੱਸ ਦਈਏ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਵੱਲੋਂ ਅੰਗਰੇਜ਼ਾਂ ਖ਼ਿਲਾਫ਼ ‘ਪੱਗੜੀ ਸੰਭਾਲ ਜੱਟਾ’ ਲਹਿਰ ਸ਼ੁਰੂ ਕੀਤੀ ਗਈ ਸੀ। ਇਹ ਲਹਿਰ 9 ਮਹੀਨੇ ਤੱਕ ਚੱਲੀ ਸੀ। ਅੱਜ ਅਜੀਤ ਸਿੰਘ ਦਾ ਜਨਮ ਦਿਵਸ ਹੈ। ਇਸ ਲਈ ਇਸ ਦਿਹਾੜੇ ਨੂੰ ਕਿਸਾਨ ਜਥੇਬੰਦੀਆਂ ਨੇ ‘ਪੱਗੜੀ ਸੰਭਾਲ’ ਦਿਵਸ ਵਜੋਂ ਮਨਾਉਣ ਦਾ ਸੱਦਾ ਦਿੱਤਾ ਹੈ। ਕਿਸਾਨ ਲੀਡਰ ਡਾ. ਦਰਸ਼ਨਪਾਲ ਨੇ ਕਿਹਾ ਕਿ ‘ਪੱਗੜੀ ਸੰਭਾਲ’ ਪ੍ਰੋਗਰਾਮ ਦਾ ਮਕਸਦ ਕਿਸਾਨਾਂ ਦੀ ਪੱਗ ਨੂੰ ਕੇਂਦਰ ਸਰਕਾਰ ਵੱਲੋਂ ਤਿੰਨਾਂ ਕਾਨੂੰਨਾਂ ਰਾਹੀਂ ਹੱਥ ਪਾਉਣ ਤੇ ਕਿਸਾਨਾਂ ਨੂੰ ਕਾਰਪੋਰੇਟਾਂ ਦੇ ਰਹਿਮੋ-ਕਰਮ ਉਪਰ ਛੱਡ ਦੇਣ ਦੀ ਨੀਤੀ ਖ਼ਿਲਾਫ਼ ਸ਼ਾਂਤਮਈ ਪ੍ਰਦਰਸ਼ਨ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਾਂਤਮਈ ਅੰਦੋਲਨਾਂ ਦੀ ਧਾਰ ਨਾਲ ਹੀ ਕੌਮਾਂਤਰੀ ਪੱਧਰ ਦੇ ਘੋਲ ਲੜੇ ਤੇ ਜਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ ਹੀ ਮੋਰਚੇ ਵੱਲੋਂ ਸਵਾਮੀ ਸਹਿਜਾਨੰਦ ਸਰਸਵਤੀ ਨੂੰ ਯਾਦ ਕੀਤਾ ਜਾਵੇਗਾ ਤੇ ਕਿਸਾਨ ਆਪਣੇ ਆਤਮ ਸਨਮਾਨ ਦਾ ਪ੍ਰਗਟਾਵਾ ਕਰਨ ਲਈ ਆਪਣੇ ਖੇਤਰ ਦੀਆਂ ਰਵਾਇਤੀ ਪੱਗਾਂ ਸਿਰਾਂ ਉਪਰ ਸਜਾਉਣਗੇ। ਸਵਾਮੀ ਸਹਿਜਾਨੰਦ ਸਰਸਵਤੀ ਦਾ ਜਨਮ 22 ਫਰਵਰੀ 1889 ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਦੇ ਪਿੰਡ ਦੇਵਾ (ਨੇੜੇ ਦੱਲ੍ਹਪੁਰ) ਵਿਖੇ ਹੋਇਆ ਸੀ। ਬੁੱਧੀਜੀਵੀ, ਸਮਾਜ ਸੁਧਾਰਕ, ਲੇਖਕ ਤੇ ਉੱਘੇ ਕ੍ਰਾਂਤੀਕਾਰੀ ਸਹਿਜਾਨੰਦ ਸਰਸਵਤੀ ਨੇ ਬਿਹਾਰ ਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਕਿਸਾਨਾਂ ਦੀ ਆਵਾਜ ਬੁਲੰਦ ਕੀਤੀ ਸੀ। ਉਨ੍ਹਾਂ ਦਾ ਦੇਹਾਂਤ 26 ਜੂਨ 1950 ਨੂੰ ਹੋਇਆ ਸੀ। ਦਿੱਲੀ ਪੁਲਿਸ ਵੱਲੋਂ ਟਿਕਰੀ ਬਾਰਡਰ ’ਤੇ ਬੈਠੇ ਕਿਸਾਨਾਂ ਨੂੰ ਚੇਤਾਵਨੀ ਦਿੱਤੀ ਹੈ। ਪੁਲਿਸ ਨੇ ਧਰਨੇ ਵਾਲੀ ਥਾਂ ਤੋਂ ਲੰਘਦੀ ਮੈਟਰੋ ਲਾਈਨ ਦੇ ਖੰਭਿਆਂ ਤੇ ਹੋਰ ਥਾਵਾਂ ’ਤੇ ਹਿੰਦੀ ਤੇ ਪੰਜਾਬੀ ਵਿੱਚ ਪੋਸਟਰ ਲਾਏ ਹਨ। ਪੋਸਟਰਾਂ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਇਹ ਥਾਂ ਖਾਲੀ ਕੀਤੀ ਜਾਵੇ। ਸੰਯੁਕਤ ਕਿਸਾਨ ਮੋਰਚਾ ਨੇ ਪੁਲਿਸ ਦੀ ਇਸ ਕਾਰਵਾਈ ਦੀ ਤਿੱਖੀ ਅਲੋਚਨਾ ਕੀਤੀ ਹੈ। ਅੱਜ ਪ੍ਰੈੱਸ ਨੋਟ ਜਾਰੀ ਕਰਕੇ ਸੰਯੁਕਤ ਕਿਸਾਨ ਮੋਰਚਾ ਤੇ ਹੋਰ ਜਥੇਬੰਦੀਆਂ ਨੇ ਟਿਕਰੀ ਬਾਰਡਰ ’ਤੇ ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਦਿੱਤੇ ਰਹੇ ਧਰਨੇ ਵਾਲੀ ਥਾਂ ਨੂੰ ਖਾਲੀ ਕਰਨ ਲਈ ਦਿੱਲੀ ਪੁਲਿਸ ਵੱਲੋਂ ਲਾਏ ਨੋਟਿਸਾਂ ਦੀ ਨਿਖੇਧੀ ਕੀਤੀ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਦਿੱਲੀ ਪੁਲਿਸ ਵੱਲੋਂ ਟਿਕਰੀ ਬਾਰਡਰ ’ਤੇ ਚੱਲ ਰਹੇ ਧਰਨੇ ਵਾਲੀ ਥਾਂ ਉੱਤੋਂ ਲੰਘਦੀ ਮੈਟਰੋ ਲਾਈਨ ਦੇ ਖੰਭਿਆਂ ਅਤੇ ਹੋਰ ਥਾਵਾਂ ’ਤੇ ਹਿੰਦੀ ਤੇ ਪੰਜਾਬੀ ਵਿੱਚ ਇਹ ਪੋਸਟਰ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਸਥਾਨਕ ਮੁੰਡਕਾ ਥਾਣਾ ਪੁਲਿਸ ਵੱਲੋਂ ਇਹ ਨੋਟਿਸ ਲਾਏ ਗਏ ਹਨ ਪਰ ਕਿਸਾਨਾਂ ਨੂੰ ਇਸ ਚਿਤਾਵਨੀ ਤੋਂ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਇਹ ਪੋਸਟਰਾਂ ਦੀ ਕੋਈ ਅਹਿਮੀਅਤ ਨਹੀਂ ਕਿਉਂਕਿ ਕਿਸਾਨ ਆਪਣੀਆਂ ਮੰਗਾਂ ਲਈ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਧਮਕੀਆਂ, ਚਿਤਾਵਨੀਆਂ ਰਾਹੀਂ ਸੰਘਰਸ਼ਸ਼ੀਲ ਪ੍ਰਦਰਸ਼ਨਾਂ ਤੇ ਕਿਸਾਨ ਅੰਦੋਲਨ ਨੂੰ ਖਤਮ ਕਰਨ ਦਾ ਵਿਰੋਧ ਕਰਦਿਆਂ ਅੰਦੋਲਨ ਨੂੰ ਹੋਰ ਮਜ਼ਬੂਤ ਤੇ ਅਜਿਹੀਆਂ ਸਾਜਸ਼ਿਾਂ ਖਲਿਾਫ ਕਿਸਾਨਾਂ ਨੂੰ ਲਾਮਬੰਦ ਕੀਤਾ ਜਾਵੇਗਾ। ਗਣਤੰਤਰ ਦਿਵਸ ਮੌਕੇ ‘ਤੇ ਦਿੱਲੀ ਦੇ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਦਾ ਮਾਸਟਰਮਾਈਂਡ ਅਖਵਾਉਣ ਵਾਲੇ ਦੀਪ ਸਿੱਧੂ ਦਾ 7 ਦਿਨਾਂ ਪੁਲਿਸ ਰਿਮਾਂਡ ਅੱਜ ਖਤਮ ਹੋਣ ਜਾ ਰਿਹਾ ਹੈ। ਅੱਜ ਦੀਪ ਸਿੱਧੂ ਨੂੰ ਤੀਸ ਹਜਾਰੀ ਕੋਟ ‘ਚ ਪੇਸ਼ ਕੀਤਾ ਜਾਵੇਗਾ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਅੱਜ ਪੁਲਿਸ ਫਿਰ ਕੋਰਟ ਤੋਂ ਰਿਮਾਂਡ ਦੀ ਮੰਗ ਕਰੇਗੀ। ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਦੀ ਜਾਂਚ ਅਜੇ ਜਾਰੀ ਹੈ ਤੇ ਮਾਮਲੇ ‘ਚ ਕਈ ਗਿ੍ਰਫਤਾਰੀਆਂ ਹੋਣੀਆਂ ਬਾਕੀ ਹਨ। ਅਜਿਹੇ ‘ਚ ਪੁਲਿਸ ਕੋਰਟ ‘ਚ ਇਹ ਤਰਕ ਦੇ ਕੇ ਦੀਪ ਸਿੱਧੂ ਦੀ ਰਿਮਾਂਡ ਦੀ ਫਿਰ ਮੰਗ ਕਰ ਸਕਦੀ ਹੈ। ਦੀਪ ਸਿੱਧੂ ਨੂੰ 8 ਫਰਵਰੀ ਦਾ ਰਾਤ ਹਰਿਆਣਾ ਦੇ ਕਰਨਾਲ ਬਾਇਪਾਸ ਤੋਂ ਗਿ੍ਰਫ਼ਤਾਰ ਕੀਤਾ ਗਿਆ ਸੀ। 26 ਜਨਵਰੀ ਨੂੰ ਪ੍ਰਦਰਸ਼ਨਕਾਰੀਆਂ ਨੇ ਲਾਲ ਕਿਲ੍ਹੇ ‘ਤੇ ਧਾਰਮਿਕ ਝੰਡਾ ਲਹਿਰਾਇਆ ਸੀ। ਸਿੱਧੂ ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।