ਰਜਿ: ਨੰ: PB/JL-124/2018-20
RNI Regd No. 23/1979

ਪੰਜਾਬ ਦਾ ‘ਬਜਟ’ ਪੇਸ਼ ਕੀਤੇ ਜਾਣ ਦੀ ਤਾਰੀਖ ਬਦਲੀ, ਵਿਧਾਨ ਸਭਾ ਅੰਦਰ ਜਾਣ ਲਈ ‘ਕੋਰੋਨਾ’ ਟੈਸਟ ਲਾਜ਼ਮੀ
 
BY admin / February 26, 2021
ਚੰਡੀਗੜ੍ਹ, 26 ਫਰਵਰੀ, (ਦਵਿੰਦਰਜੀਤ ਸਿੰਘ ਦਰਸ਼ੀ)- ਪੰਜਾਬ ‘ਚ ਬਜਟ ਪੇਸ਼ ਕੀਤੇ ਜਾਣ ਦੀ ਤਾਰੀਖ ਬਦਲ ਦਿੱਤੀ ਗਈ ਹੈ। ਹੁਣ ਪੰਜਾਬ ਦਾ ਬਜਟ 5 ਮਾਰਚ, ਦਿਨ ਸ਼ੁੱਕਰਵਾਰ ਨੂੰ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਬਜਟ ਪੇਸ਼ ਕਰਨ ਲਈ 8 ਮਾਰਚ ਦਾ ਦਿਨ ਤੈਅ ਕੀਤਾ ਗਿਆ ਸੀ। ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ 1 ਮਾਰਚ ਤੋਂ 10 ਮਾਰਚ ਤੱਕ ਚੱਲੇਗਾ। ਪੰਜਾਬ ਵਿਧਾਨ ਸਭਾ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਰਾਜਪਾਲ ਵੱਲੋਂ 15ਵੀਂ ਪੰਜਾਬ ਵਿਧਾਨ ਸਭਾ ਨੂੰ ਇਸ ਦੇ 14ਵੇਂ ਸਮਾਗਮ (ਬਜਟ) ਲਈ 1 ਮਾਰਚ ਨੂੰ ਸਵੇਰੇ 11 ਵਜੇ ਵਿਧਾਨ ਸਭਾ ਹਾਲ, ਚੰਡੀਗੜ੍ਹ ਵਿਖੇ ਬੁਲਾਇਆ ਗਿਆ ਹੈ। ਪੰਜਾਬ ‘ਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਚੱਲਦੇ ਸਪੀਕਰ ਰਾਣਾ ਕੇ. ਪੀ. ਸਿੰਘ ਵੱਲੋਂ ਸਾਰੇ ਮੰਤਰੀਆਂ, ਵਿਧਾਇਕਾਂ ਅਤੇ ਵਿਧਾਨ ਸਭਾ ਦੀ ਕਾਰਵਾਈ ‘ਚ ਸ਼ਮੂਲੀਅਤ ਕਰਨ ਵਾਲੇ ਹੋਰ ਅਮਲੇ ਨੂੰ ਕੋਰੋਨਾ ਟੈਸਟ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਹੁਕਮਾਂ ‘ਚ ਕਿਹਾ ਗਿਆ ਹੈ ਕਿ ਜਿਹੜਾ ਵੀ ਵਿਧਾਇਕ ਵਿਧਾਨ ਸਭਾ ਅੰਦਰ ਦਾਖਲ ਹੁੰਦਾ ਹੈ, ਉਸ ਕੋਲ ਕੋਰੋਨਾ ਨੈਗੇਟਿਵ ਰਿਪੋਰਟ ਹੋਣੀ ਲਾਜਮੀ ਹੈ। ਲਿਹਾਜਾ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਕੋਰੋਨਾ ਟੈਸਟ ਕਰਵਾਏ ਜਾ ਰਹੇ ਹਨ। 1 ਮਾਰਚ ਤੋਂ ਪੰਜਾਬ ਸਰਕਾਰ ਦੇ ਆਖਰੀ ਬਜਟ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਮੰਤਰੀ ਨੂੰ ਕੋਰੋਨਾ ਹੋ ਗਿਆ ਹੈ। ਸੂਬੇ ਦੇ ਜਲ ਵਿਭਾਗ ਦੇ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੂੰ ਕੋਰੋਨਾ ਮਹਾਮਾਰੀ ਹੋਣ ਦੀ ਪੁਸ਼ਟੀ ਹੋਈ ਹੈ। ਸੁੱਖ ਸਰਕਾਰੀਆ ਦੀ ਕੋਰੋਨਾ ਰਿਪੋਰਟ ਪਾਜੇਟਿਵ ਪਾਈ ਗਈ ਹੈ।