ਰਜਿ: ਨੰ: PB/JL-124/2018-20
RNI Regd No. 23/1979

ਪੰਜ ਰਾਜਾਂ ਵਿਚ ਚੋਣ ਤਾਰੀਖ਼ਾਂ ਦਾ ਐਲਾਨ
 
BY admin / February 26, 2021
ਨਵੀਂ ਦਿੱਲੀ, 26 ਫਰਵਰੀ, (ਯੂ.ਐਨ.ਆਈ.)- ਦੇਸ਼ ਦੇ ਪੰਜ ਸੂਬਿਆਂ ‘ਚ ਚੋਣਾਂ ਦੀ ਤਿਆਰੀ ਸ਼ੁਰੂ ਹੈ।ਇਨ੍ਹਾਂ ਚੋਣਾਂ ਦੇ ਲਈ ਭਾਰਤੀ ਚੋਣ ਕਮਿਸ਼ਨ ਨੇ ਅੱਜ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ।ਪੱਛਮੀ ਬੰਗਾਲ, ਤਾਮਿਲਨਾਡੂ, ਅਸਾਮ, ਕੇਰਲ ਅਤੇ ਪੁਡੂਚੇਰੀ ਰਾਜਾਂ ਵਿੱਚ ਚੋਣ ਹੋਣੀਆਂ ਹਨ। ਇਨ੍ਹਾਂ ਰਾਜਾਂ ਵਿੱਚ ਅਪ੍ਰੈਲ-ਮਈ ਨੂੰ ਸਰਕਾਰਾਂ ਦਾ ਕਾਰਜਕਾਲ ਪੂਰਾ ਹੋਣ ਵਾਲਾ ਹੈ।ਪੱਛਮੀ ਬੰਗਾਲ ਵਿੱਚ 294 ਸੀਟਾਂ, ਤਾਮਿਲਨਾਡੂ ਵਿੱਚ 234 ਸੀਟਾਂ, ਕੇਰਲ ਵਿੱਚ 140 ਸੀਟਾਂ, ਅਸਾਮ ਵਿੱਚ 126 ਅਤੇ ਪੁਡੂਚੇਰੀ ਵਿੱਚ 30 ਸੀਟਾਂ ਲਈ ਵੋਟਾਂ ਪੈਣੀਆਂ ਹਨ। ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਰਾਜ ਵਿਚ 8 ਪੜਾਵਾਂ ਵਿਚ ਵੋਟਾਂ ਪਾਈਆਂ ਜਾਣਗੀਆਂ ਅਤੇ ਨਤੀਜੇ ਚਾਰ ਹੋਰ ਰਾਜਾਂ ਦੇ ਨਾਲ 2 ਮਈ ਨੂੰ ਆਉਣਗੇ। ਚੋਣ ਕਮਿਸਨ ਅਨੁਸਾਰ ਪੱਛਮੀ ਬੰਗਾਲ ਵਿੱਚ 1 ਲੱਖ ਇੱਕ ਹਜਾਰ 916 ਪੋਲਿੰਗ ਸਟੇਸਨ ਸਥਾਪਤ ਕੀਤੇ ਜਾਣਗੇ। ਪਹਿਲੇ ਪੜਾਅ ਲਈ ਵੋਟਿੰਗ 27 ਮਾਰਚ ਨੂੰ ਹੋਵੇਗੀ। ਦੂਜੇ ਪੜਾਅ ਲਈ 1 ਅਪ੍ਰੈਲ ਨੂੰ ਵੋਟਾਂ ਪੈਣੀਆਂ ਹਨ, ਤੀਜਾ ਪੜਾਅ 6 ਅਪ੍ਰੈਲ ਨੂੰ, ਚੌਥਾ ਪੜਾਅ 10 ਅਪ੍ਰੈਲ ਨੂੰ, ਪੰਜਵਾਂ ਪੜਾਅ 17 ਅਪ੍ਰੈਲ ਨੂੰ, ਛੇਵਾਂ ਪੜਾਅ 22 ਅਪ੍ਰੈਲ ਨੂੰ, ਸੱਤਵਾਂ ਪੜਾਅ 26 ਅਪ੍ਰੈਲ ਨੂੰ ਅਤੇ ਅੱਠਵੇਂ ਪੜਾਅ ਲਈ 29 ਅਪ੍ਰੈਲ ਨੂੰ ਵੋਟਿੰਗ ਹੋਏਗੀ। ਚੋਣ ਕਮਿਸਨ ਨੇ ਅਸਾਮ ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦਿੱਤਾ ਹੈ। ਚੋਣ ਕਮਿਸਨ ਦੇ ਅਨੁਸਾਰ ਵਿਧਾਨ ਸਭਾ ਦੀਆਂ 126 ਸੀਟਾਂ ਦੀਆਂ ਚੋਣਾਂ ਤਿੰਨ ਪੜਾਵਾਂ ਵਿੱਚ ਹੋਣਗੀਆਂ।ਪਹਿਲੇ ਪੜਾਅ ਲਈ 27 ਮਾਰਚ ਨੂੰ ਵੋਟਿੰਗ ਹੋਵੇਗੀ। ਦੂਜੇ ਪੜਾਅ ਲਈ 1 ਅਪ੍ਰੈਲ ਅਤੇ 6 ਅਪ੍ਰੈਲ ਨੂੰ ਤੀਜੇ ਪੜਾਅ ਦੀਆਂ ਚੋਣਾਂ ਹੋਣਗੀਆਂ।ਅਸਾਮ ਵਿੱਚ 33 ਹਜਾਰ ਪੋਲਿੰਗ ਸਟੇਸਨ ਹੋਣਗੇ।ਪਿਛਲੀਆਂ ਚੋਣਾਂ ਦੇ ਮੁਕਾਬਲੇ ਰਾਜ ਵਿੱਚ ਤਕਰੀਬਨ 30 ਪ੍ਰਤੀਸਤ ਪੋਲਿੰਗ ਸਟੇਸਨਾਂ ਵਿੱਚ ਵਾਧਾ ਕੀਤਾ ਗਿਆ ਹੈ। ਚੋਣ ਕਮਿਸਨ ਨੇ ਕਿਹਾ ਕਿ ਕੇਰਲ ਵਿਧਾਨ ਸਭਾ ਦੀਆਂ 140 ਸੀਟਾਂ ਲਈ 6 ਅਪ੍ਰੈਲ ਨੂੰ ਵੋਟਾਂ ਪਾਈਆਂ ਜਾਣਗੀਆਂ।ਕੇਰਲ ਵਿੱਚ ਮੌਜੂਦਾ ਸਰਕਾਰ ਦਾ ਕਾਰਜਕਾਲ 1 ਜੂਨ 2021 ਨੂੰ ਖਤਮ ਹੋ ਜਾਵੇਗਾ। ਤਾਮਿਲਨਾਡੂ ਵਿੱਚ ਕੁੱਲ 234 ਵਿਧਾਨ ਸਭਾ ਸੀਟਾਂ ਲਈ ਵੀ 6 ਅਪ੍ਰੈਲ ਨੂੰ ਹੀ ਵੋਟਿੰਗ ਹੋਏਗੀ। ਇੱਥੇ ਕਿਸੇ ਵੀ ਪਾਰਟੀ ਨੂੰ ਸੰਪੂਰਨ ਬਹੁਮਤ ਵਾਲੀ ਸਰਕਾਰ ਬਣਾਉਣ ਲਈ ਘੱਟੋ ਘੱਟ 118 ਸੀਟਾਂ ਦੀ ਜਰੂਰਤ ਹੁੰਦੀ ਹੈ।ਤਾਮਿਲਨਾਡੂ ਵਿੱਚ ਮੌਜੂਦਾ ਸਰਕਾਰ ਦਾ ਕਾਰਜਕਾਲ 24 ਮਈ 2021 ਨੂੰ ਖਤਮ ਹੋਵੇਗਾ। ਪੁਡੂਚੇਰੀ ਦੀਆਂ 30 ਸੀਟਾਂ ਤੇ ਵੀ 6 ਅਪ੍ਰੈਲ ਨੂੰ ਹੀ ਵੋਟਿੰਗ ਹੋਏਗੀ।30 ਮੈਂਬਰਾਂ ਦੇ ਇਸ ਕੇਂਦਰੀ ਸਾਸਤ ਪ੍ਰਦੇਸ ਵਿੱਚ ਵਰਤਮਾਨ ਵਿੱਚ ਰਾਸਟਰਪਤੀ ਸਾਸਨ ਲਾਗੂ ਹੈ। ਰਾਜ ਵਿਚ ਸੰਪੂਰਨ ਬਹੁਮਤ ਵਾਲੀ ਸਰਕਾਰ ਬਣਾਉਣ ਲਈ ਘੱਟੋ ਘੱਟ 17 ਸੀਟਾਂ ਦੀ ਜਰੂਰਤ ਹੈ। ਮੁੱਖ ਚੋਣ ਕਮਿਸਨਰ ਸੁਨੀਲ ਅਰੋੜਾ ਦੇ ਅਨੁਸਾਰ, ਅਸਾਮ ‘ਚ 2016 ਦੀਆਂ ਵਿਧਾਨ ਸਭਾ ਚੋਣਾਂ ਵਿੱਚ 24,890 ਚੋਣ ਕੇਂਦਰ ਸਨ, ਪਰ 2021 ਵਿੱਚ ਚੋਣ ਕੇਂਦਰਾਂ ਦੀ ਗਿਣਤੀ 33,530 ਹੋਵੇਗੀ। ਸਾਲ 2016 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤਾਮਿਲਨਾਡੂ ਵਿੱਚ 66,007 ਚੋਣ ਕੇਂਦਰ ਸਨ, ਪਰ 2021 ਵਿੱਚ ਚੋਣ ਕੇਂਦਰਾਂ ਦੀ ਗਿਣਤੀ 88,936 ਹੋਵੇਗੀ।ਸੁਨੀਲ ਅਰੋੜਾ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਹੈ ਕਿ ਕੇਰਲ ਵਿੱਚ 21,498 ਚੋਣ ਕੇਂਦਰ ਸਨ, ਪਰ ਹੁਣ ਚੋਣ ਕੇਂਦਰਾਂ ਦੀ ਗਿਣਤੀ ਵਧਕੇ 40,771 ਹੋਵੇਗੀ। ਪੱਛਮੀ ਬੰਗਾਲ ਵਿਚ ਵੀ ਸਾਲ 2016 ਵਿੱਚ 77,413 ਚੋਣ ਕੇਂਦਰ ਸਨ, ਹੁਣ ਇੱਥੇ  ਵੀ ਚੋਣ ਕੇਂਦਰ ਦੀ ਗਿਣਤੀ ਵੱਧਕੇ 1,01,916 ਹੋਵੇਗੀ। ਸੁਨੀਲ ਅਰੋੜਾ ਨੇ ਕਿਹਾ ਕਿ ਉਮੀਦਵਾਰ ਸਣੇ ਪੰਜ ਲੋਕਾਂ ਨੂੰ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਨ ਦੀ ਇਜਾਜਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੀਆਰਪੀਐਫ ਨੂੰ ਬੰਗਾਲ ਸਣੇ ਹੋਰ ਰਾਜਾਂ ਵਿੱਚ ਵੀ ਤਾਇਨਾਤ ਕੀਤਾ ਜਾਵੇਗਾ। ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ। ਸੀਆਰਪੀਐਫ ਦੇ ਜਵਾਨ ਸਾਰੇ ਸੰਵੇਦਨਸੀਲ ਬੂਥਾਂ ‘ਤੇ ਤਾਇਨਾਤ ਹੋਣਗੇ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਲਈ ਨਾਮਜਦਗੀ ਪੱਤਰ ਭਰਨ ਲਈ ਆਨਲਾਈਨ ਸਹੂਲਤ ਵੀ ਹੋਵੇਗੀ।