ਰਜਿ: ਨੰ: PB/JL-124/2018-20
RNI Regd No. 23/1979

ਬਾਟਲਾ ਹਾਊਸ ਐਨਕਾਊਂਟਰ ਮਾਮਲੇ ’ਚ ਆਰਿਜ਼ ਖ਼ਾਨ ਦੋਸ਼ੀ ਕਰਾਰ, ਸਜ਼ਾ ਦਾ ਐਲਾਨ 15 ਮਾਰਚ ਨੂੰ
 
BY admin / March 08, 2021
ਨਵੀਂ ਦਿੱਲੀ, 8 ਮਾਰਚ, (ਯੂ.ਐਨ.ਆਈ.)- ਰਾਜਧਾਨੀ ਦਿੱਲੀ ਦੇ ਬਾਟਲਾ ਹਾਊਸ ਐਨਕਾਊਂਟਰ  ਮਾਮਲੇ ’ਚ ਅੱਜ ਦਿੱਲੀ ਦੀ ਅਦਾਲਤ ਨੇ ਆਰਿਜ਼ ਖ਼ਾਨ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਆਰਿਜ਼ ਨੂੰ ਸਜ਼ਾ 15 ਮਾਰਚ ਨੂੰ ਸੁਣਾਈ ਜਾਵੇਗੀ। 13 ਵਰ੍ਹੇ ਪੁਰਾਣੇ ਬਾਟਲਾ ਹਾਊਸ ਐਨਕਾਊਂਟਰ ’ਚ ਇੰਡੀਅਨ ਮੁਜਾਹਿਦੀਨ ਦੇ 15 ਲੱਖ ਦੇ ਇਨਾਮੀ ਅੱਤਵਾਦੀ ਆਰਿਜ਼ ਖ਼ਾਨ ਉਰਫ਼ ਜੁਨੈਦ ਨੂੰ ਦਿੱਲੀ ਪੁਲਿਸ ਨੇ ਸਾਲ 2018 ’ਚ ਗਿ੍ਰਫ਼ਤਾਰ ਕੀਤਾ ਸੀ। ਆਰਿਜ਼ ਉੱਤੇ 13 ਸਤੰਬਰ, 2008 ’ਚ ਬਾਟਲਾ ਹਾਊਸ ਐਨਕਾਊਂਟਰ ਤੋਂ ਇਲਾਵਾ ਦਿੱਲੀ, ਅਹਿਮਦਾਬਾਦ, ਯੂਪੀ ਤੇ ਜੈਪੁਰ ’ਚ ਹੋਏ ਧਮਾਕਿਆਂ ’ਚ ਸ਼ਾਮਲ ਹੋਣ ਦਾ ਦੋਸ਼ ਹੈ। ਆਰਿਜ਼ ਖ਼ਾਨ ਉਰਫ਼ ਜੁਨੈਦ ਮੂਲ ਰੂਪ ’ਚ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਦਾ ਰਹਿਣ ਵਾਲਾ ਹੈ। ਸਾਲ 2008 ਤੋਂ ਬਾਅਦ ਉਹ ਕਦੇ ਆਜ਼ਮਗੜ੍ਹ ਵਾਪਸ ਨਹੀਂ ਗਿਆ। ਆਰਿਜ਼ ਖ਼ਾਨ ਇੰਸਪੈਕਟਰ ਮੋਹਨ ਚੰਦਰ ਸ਼ਰਮਾ ਨੂੰ ਗੋਲੀ ਮਾਰ ਕੇ ਫ਼ਰਾਰ ਹੋ ਗਿਆ ਸੀ। ਆਰਿਜ਼ 2007 ਦੇ ਲਖਨਊ ਕੋਰਟ ਬਲਾਸਟ, ਫ਼ੈਜ਼ਾਬਾਦ ਤੇ ਵਾਰਾਨਸੀ ’ਚ ਹੋਏ ਬਲਾਸਟ ਵਿੱਚ ਵੀ ਸ਼ਾਮਲ ਰਿਹਾ ਹੈ। ਕਿਹਾ ਜਾਂਦਾ ਹੈ ਕਿ ਆਰਿਜ਼ ਬੰਬ ਬਣਾਉਣ ਦਾ ਮਾਹਿਰ ਹੈ। 19 ਸਤੰਬਰ, 2008 ਨੂੰ ਦਿੱਲੀ ਦੇ ਜਾਮੀਆ ਨਗਰ ਇਲਾਕੇ ਦੇ ਬਾਟਲਾ ਹਾਊਸ ’ਚ ਇੰਡੀਅਨ ਮੁਜਾਹਿਦੀਨ ਦੇ ਸ਼ੱਕੀ ਅੱਤਵਾਦੀਆਂ ਨਾਲ ਦਿੱਲੀ ਪੁਲਿਸ ਦਾ ਮੁਕਾਬਲਾ ਹੋਇਆ ਸੀ; ਜਿਸ ਵਿੱਚ ਦੋ ਸ਼ੱਕੀ ਅੱਤਵਾਦੀ ਆਤਿਫ਼ ਅਮੀਨ ਤੇ ਮੁਹੰਮਦ ਸਾਜਿਦ ਮਾਰੇ ਗਏ ਸਨ। ਦੋ ਹੋਰ ਸ਼ੱਕੀ ਸੈਫ਼ ਮੁਹੰਮਦ ਤੇ ਆਰਿਜ਼ ਖ਼ਾਨ ਭੱਜਣ ’ਚ ਸਫ਼ਲ ਰਹੇ ਸਨ। ਇੱਕ ਹੋਰ ਮੁਲਜ਼ਮ ਜ਼ੀਸ਼ਾਨ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਸੀ। ਇਸ ਪੂਰੀ ਮੁਹਿੰਮ ਨੂੰ ਦਿੱਲੀ ਪੁਲਿਸ ਦੇ ਇੰਸਪੈਕਟਰ ਤੇ ਐਨਕਾਊਂਟਰ ਸਪੈਸ਼ਲਿਸਟ ਮੋਹਨਚੰਦ ਸ਼ਰਮਾ ਲੀਡ ਕਰ ਰਹੇ ਸਨ। ਮੁਕਾਬਲੇ ਦੌਰਾਨ ਸਿਰ ਦੇ ਪਿੱਛੇ ਹਿੱਸੇ ’ਚ ਗੋਲੀ ਲੱਗਣ ਨਾਲ ਉਨ੍ਹਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਆਪਣੇ ਕਾਰਜਕਾਲ ਦੌਰਾਨ ਮੋਹਨਚੰਦ ਸ਼ਰਮਾ ਨੇ 35 ਤੋਂ ਵੱਧ ਅੱਤਵਾਦੀਆਂ ਨੂੰ ਮਾਰਿਆ ਸੀ ਤੇ 80 ਤੋਂ ਵੱਧ ਅੱਤਵਾਦੀਆਂ ਨੂੰ ਗਿ੍ਰਫ਼ਤਾਰ ਕਰਵਾਇਆ ਸੀ। ਉਸ ਮੁਕਾਬਲੇ ਤੋਂ ਬਾਅਦ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ’ਚ ਵਿਆਪਕ ਵਿਰੋਧ ਪ੍ਰਦਰਸ਼ਨ ਹੋਏ ਸਨ।