ਰਜਿ: ਨੰ: PB/JL-124/2018-20
RNI Regd No. 23/1979

ਸ੍ਰੀ ਠਾਕੁਰ ਦਲੀਪ ਸਿੰਘ ਨੇ ਹੋਲੇ-ਮਹੱਲੇ ਸਮਾਗਮ ਦਾ ਸਾਰਾ ਆਯੋਜਨ ਇਸਤਰੀਆਂ ਦੁਆਰਾ ਕਰਵਾ ਸਮਾਜ ਨੂੰ ਦਿੱਤੀ ਨਵੀਂ ਸੇਧ  
 
BY admin / April 06, 2021
* ਮਾਤਾ ਚੰਦ ਕੌਰ ਜੀ ਨੂੰ ਸ਼ਰਧਾਂਜਲੀਆਂ ਦਿੰਦੇ ਹੋਏ ਵਿਸ਼ਾਲ ਸੰਗਤ ਨੇ ਕੀਤੀ ਇਨਸਾਫ਼ ਦੀ ਮੰਗ 
  ਜਲੰਧਰ, 6 ਅਪ੍ਰੈਲ (ਰਾਜ ਪਾਲ)-ਵੀਰ ਰੱਸ ਦਾ ਪ੍ਰਤੀਕ ਨਾਮਧਾਰੀ ਹੋਲਾ ਮਹੱਲਾ, ਗੁਰਦੁਆਰਾ ਸ਼੍ਰੀ ਜੀਵਨ ਨਗਰ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ  ਨਾਲ ਮਨਾਇਆ ਗਿਆ। ਨਾਮਧਾਰੀ ਸੰਗਤ ਵਲੋਂ ਇਸ ਸਾਲ ਦਾ ਹੋਲਾ-ਮਹੱਲਾ ਸਮਾਜ ਨੂੰ ਨਵਾਂ ਦਿਸ਼ਾ ਨਿਰਦੇਸ਼ ਦਿੰਦਾ ਪ੍ਰਤੀਤ ਹੋਇਆ। ਸ਼੍ਰੀ ਸਤਿਗੁਰੂ ਦਲੀਪ ਸਿੰਘ ਜੀ ਦੀ ਆਗਿਆ ਨਾਲ ਇਸ  ਮਹਾਨ ਸਮਾਗਮ ਦਾ ਸਾਰਾ ਪ੍ਰਬੰਧ ਅਤੇ ਜਿੰਮੇਵਾਰੀ ਨਾਮਧਾਰੀ ਇਸਤਰੀਆਂ ਨੇ ਬਾਖੂਬੀ ਨਿਭਾਈ। ਸਤਿਗੁਰੂ ਦਲੀਪ ਸਿੰਘ ਜੀ ਨੇ ਇਸ ਤਰ੍ਹਾਂ ਦੀ ਪਹਿਲ ਕਰ ਸਮਾਜ ਵਿਚ ਇਸਤਰੀਆਂ ਦੀ ਸ਼ਾਨ ਅਤੇ ਅਹਿਮੀਅਤ ਨੂੰ ਵਧਾਉਣ ਦਾ ਖਾਸ ਉਪਰਾਲਾ ਅਤੇ ਸੰਦੇਸ਼ ਦਿੱਤਾ ਹੈ।  ਉਹਨਾਂ ਨੇ ਕਿਹਾ ਕਿ ਆਪਣੀਆਂ ਧੀਆਂ-ਭੈਣਾਂ, ਮਾਤਾਵਾਂ ਨੂੰ ਘਰ ਦੀ ਚਾਰਦੀਵਾਰੀ ਤੋਂ ਬਾਹਰ ਲਿਆਉਣ  ਅਤੇ ਸਮਾਜਿਕ ਕੰਮਾਂ ਵਿਚ ਭਾਗੀਦਾਰ ਬਣਾਉਣ ਨਾਲ ਇਸਤਰੀਆਂ ਦੇ ਹੋਂਸਲੇ ਅਤੇ ਆਤਮਵਿਸ਼ਵਾਸ ਵਿਚ ਵਾਧਾ ਹੁੰਦਾ ਹੈ।  ਹੋਲੇ-ਮਹੱਲੇ ਦਾ ਇਹ ਸਮਾਗਮ ਤਿੰਨ ਦਿਨ ਲਗਾਤਾਰ ਚਲਦਾ ਰਿਹਾ। ਜਿਸ ਦੌਰਾਨ ਨਾਮ-ਸਿਮਰਨ, ਕਥਾ-ਕੀਰਤਨ, ਕਵੀ ਦਰਬਾਰ ਅਤੇ ਗੁਰਬਾਣੀ ਦੇ ਪਾਠਾਂ ਦਾ ਵੀ ਪ੍ਰਵਾਹ ਚੱਲਿਆ।  ਅੱਜ ਇਸ ਸਮਾਰੋਹ ਦੇ ਅੰਤਿਮ ਦਿਨ ਦਾ ਪ੍ਰੋਗਰਾਮ ਅੰਮਿ੍ਰਤ ਵੇਲੇ ‘ਆਸਾ ਦੀ ਵਾਰ’ ਦੀ ਸਮਾਪਤੀ ਦੇ ਉਪਰੰਤ ਸਤਿਗੁਰੂ ਰਾਮ ਸਿੰਘ ਜੀ ਦੁਆਰਾ ਚਲਾਏ ਸਾਦੇ ਅਤੇ ਸਸਤੇ ਅਨੰਦ ਕਾਰਜ ਦੀ ਮਰਿਆਦਾ ਅਨੁਸਾਰ ਦੋ  ਲੜਕੇ -ਲੜਕੀਆਂ ਦੇ ਅਨੰਦ ਕਾਰਜ ਕੀਤੇ ਗਏ। ਇਸ ਦੋਰਾਨ ਅਨੰਦ ਕਾਰਜ ਦੀ ਸਾਰੀਆਂ ਰਸਮਾਂ ਵੀ ਨਾਮਧਾਰੀ ਅੰਮਿ੍ਰਤਧਾਰੀ ਸਿੰਘਣੀਆਂ ਨੇ ਹੀ ਨਿਭਾਈ। ਜਿਸ ਵਿਚ ਅੰਮਿ੍ਰਤ  ਛਕਾਉਂਣ ਤੋਂ ਲੈ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲਾਵਾਂ ਉਚਾਰਣ ਕਰਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਬਾਣੀ ਦੇ ਭੋਗ ਦੇ ਸ਼ਲੋਕ ਪੜ੍ਹਨੇ ਅਤੇ ਅਰਦਾਸ ਆਦਿ ਸ਼ਾਮਿਲ ਸੀ। ਇਸ ਦੌਰਾਨ ਸੰਗਤਾਂ ਵਲੋਂ ਪੰਥ ਅਤੇ ਦੇਸ਼ ਦੀ ਚੜ੍ਹਦੀ ਕਲਾ ਲਈ ਬਹੁਗਿਣਤੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਬਾਣੀ ਦੇ ਪਾਠਾਂ ਦੇ ਭੋਗ ਪਾਏ ਗਏ।    ਜਿਕਰਯੋਗ ਹੈ ਕਿ ਸਤਿਗੁਰੂ ਦਲੀਪ ਸਿੰਘ ਜੀ ਨੇ ਔਰਤ ਜਾਤੀ ਨੂੰ ਉੱਚਾ ਦਰਜਾ ਦੇਣ ਲਈ ਅਨੇਕ ਕ੍ਰਾਂਤਿਕਾਰੀ ਕਦਮ ਚੁੱਕਕੇ ਇਕ ਨਵਾਂ ਇਤਿਹਾਸ ਰੱਚਿਆ ਹੈ ਜਿਵੇਂ ਅਖੰਡ ਪਾਠ ਕਰਨ, ਹਵਨ ਕਰਨ, ਅੰਮਿ੍ਰਤ ਛਕਾਉਣ ਦੀ ਆਗਿਆ ਦੇ ਨਾਲ ਜਨਮ-ਮਰਨ ਦੀ ਸਾਰੀਆਂ ਰਸਮਾਂ ਵਿਚ ਭਾਗੀਦਾਰੀ ਦੀ ਆਗਿਆ ਦੇ ਕੇ ਸਮਾਜ ਵਿਚ ਇਸਤਰੀ ਜਾਤੀ ਦਾ ਮਾਨ ਵਧਾਇਆ ਹੈ। ਆਪ ਜੀ ਸਤਿਗੁਰੂ ਨਾਨਕ ਦੇਵ ਜੀ ਵਲੋਂ ਉਚਾਰਣ ਕੀਤੀ ਬਾਣੀ; ‘ਸੋ ਕਿਉਂ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ“ ਨੂੰ ਅਮਲੀ ਰੂਪ ਦੇਣ ਲਈ ਜਤਨਸ਼ੀਲ ਹਨ।     ਆਪ ਜੀ ਨੇ ਇਸ ਸਮਾਗਮ ਦੌਰਾਨ ਲਾਈਵ ਕਾਨਫਰੈਂਸ ਰਾਹੀਂ, ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿੱਤ ਪਾਵਨ ਬਾਣੀ ਦਾ ਜਾਪ ਕਰਕੇ ਉਸਨੂੰ ਆਪਣੇ ਜੀਵਨ ਵਿੱਚ ਧਾਰਨ ਕਰਕੇ  ਅਸਲ ਰੂਪ ਵਿੱਚ ਖਾਲਸਾ ਬਣਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੱਸਿਆ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿਚ ਉੱਤਮ ਕਾਵਿ ਰਚਨਾ ਹੈ, ਉਸਨੂੰ ਪੜ੍ਹਨ ਅਤੇ ਸਿੱਖਣ ਦੀ ਲੋੜ ਹੈ।  ਨਵੇਂ ਵਿਆਹੇ ਜੋੜੇ ਨੂੰ ਸੁੱਖੀ ਜੀਵਨ ਬਤੀਤ ਕਰਨ ਦਾ ਆਸ਼ਿਰਵਾਦ ਦਿੰਦੇ ਹੋਏ ਪਰਿਵਾਰ ਵਾਲਿਆ ਨੂੰ ਇਹ ਵੀ ਸੰਦੇਸ਼ ਦਿੱਤਾ ਕਿ ਅਜਿਹੇ ਖੁਸ਼ੀ ਦੇ ਮੌਕਿਆਂ ਉੱਤੇ ਫਜੂਲ ਖਰਚਾ ਨਾ ਕਰਕੇ ਕਿਸੇ ਗਰੀਬ ਬੱਚੀ ਨੂੰ ਪੜਾਉਂਣ ਜਾਂ ਕਿਸੀ ਜਰੂਰਤਮੰਦ ਦੀ ਜਰੂਰਤਾਂ ਪੂਰੀਆਂ ਕਰਨ ਵਿੱਚ ਲਗਾਓ, ਜਿਸ ਨਾਲ ਤੁਹਾਨੂੰ ਵਧੇਰੇ ਖੁਸ਼ੀ ਪ੍ਰਾਪਤ ਹੋਵੇਗੀ ਅਤੇ ਸਤਿਗੁਰੂ ਜੀ ਤੁਹਾਡੀਆਂ ਮਨੋਕਾਮਨਾਵਾਂ ਪੂਰੀਆਂ ਕਰਨਗੇ।   
ਇਸ ਮੌਕੇ ਸਤਿਗੁਰੂ ਦਲੀਪ ਸਿੰਘ ਜੀ ਦੇ ਮਹਿਲ ਬੀਬੀ ਗੁਰਮੀਤ ਕੌਰ ਜੀ ਨੇ ਦਰਸ਼ਨ ਅਤੇ ਅਸ਼ੀਰਵਾਦ ਦੇ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਤੋਂ ਇਲਾਵਾ ਕਈ ਸਤਿਕਾਰਯੋਗ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਹਜਾਰਾਂ ਦੀ ਗਿਣਤੀ ਵਿੱਚ ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ‘ ਅਤੇ ‘ਸ੍ਰੀ ਦਸਮ ਗ੍ਰੰਥ ਸਾਹਿਬ‘ ਦੇ ਪਾਠਾਂ ਦੇ ਭੋਗ ਪਾਏ ਗਏ।   ਸਮਾਗਮ ਦੇ ਅਖੀਰ ਵਿਚ  ਨਾਮਧਾਰੀ ਪੰਥ ਦੇ ਪੂਜਨੀਕ ਮਾਤਾ ਚੰਦ ਕੌਰ ਜੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਉਹਨਾਂ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਫੜੇ ਜਾਣ ਅਤੇ ਇਸ ਨਾਲ ਸੰਬੰਧਿਤ ਨਿਆ ਲਈ ਪਾਠ ਅਤੇ ਅਰਦਾਸ ਵੀ ਕੀਤੀ ਗਈ। ਕਿਉਂਕਿ ਅੱਜ ਤੋਂ ਪੰਜ ਸਾਲ ਪਹਿਲਾਂ ਮਾਤਾ ਚੰਦ ਕੌਰ ਜੀ ਦਾ ਭੈਣੀ ਸਾਹਿਬ ਜਿਹੇ ਸੁਰੱਖਿਅਤ ਸਥਾਨ ਤੇ ਕਤਲ ਕਰ ਦਿੱਤਾ ਸੀ ਪਰ ਅਜੇ ਤੱਕ ਕਾਤਿਲ ਦਾ ਕੋਈ ਸੁਰਾਗ ਨਹੀਂ ਮਿਲਿਆ, ਇਸ ਲਈ ਸੰਗਤ ਵਿਚ ਬਹੁਤ ਰੋਸ਼ ਹੈ ਅਤੇ ਇਸ ਮੌਕੇ ਮਾਤਾ ਚੰਦ ਕੌਰ ਐਕਸ਼ਨ ਕਮੇਟੀ ਦੇ ਪ੍ਰਧਾਨ ਮਾਸਟਰ ਸੁਖਦੇਵ ਸਿੰਘ ਅਤੇ ਸੂਬਾ ਦਰਸ਼ਨ ਸਿੰਘ ਨੇ ਵਿਸ਼ਾਲ ਸੰਗਤ ਦੇ ਸਹਿਯੋਗ ਨਾਲ ਪ੍ਰਸ਼ਾਸਨ ਤੋਂ ਜਲਦੀ ਇਨਸਾਫ ਦੀ ਮੰਗ ਕੀਤੀ।    ਇਸ ਸਮਾਗਮ ਦਾ ਪ੍ਰਬੰਧ ਮੁੱਖ ਰੂਪ ਦੇ ਨਾਲ ਨਾਮਧਾਰੀ  ਗੁਰਦੁਆਰਾ ਸਮਿਤੀ ਸ਼੍ਰੀ ਗੁਰੂ ਜੀਵਨ ਨਗਰ  ਕਮੇਟੀ ਦੇ ਸਹਿਯੋਗ ਅਤੇ ਇਸਤਰੀਆਂ ਦੀ ਪ੍ਰਬੰਧਕੀ ਕਮੇਟੀ ਦੀ ਜਿੰਮੇਵਾਰੀ ਨਾਲ ਸਮਾਪਤ ਹੋਇਆ। ਇਸ ਮੌਕੇ ਜਸਪਾਲ ਸਿੰਘ, ਪ੍ਰਧਾਨ ਸੁਖਦੇਵ ਸਿੰਘ, ਰਘੁਬੀਰ ਸਿੰਘ ਸੱਗੂ , ਅਜੀਤ ਸਿੰਘ, ਸੂਬਾ ਬਲਜੀਤ ਸਿੰਘ, ਮੋਹਨ ਸਿੰਘ ਝੰਬਰ, ਅੰਗਰੇਜ ਸਿੰਘ, ਨਰਿੰਦਰ ਸਿੰਘ, ਗੁਰਨਾਮ ਸਿੰਘ, ਗੁਰਭੇਜ ਸਿੰਘ, ਮੁਖਤਿਆਰ ਸਿੰਘ , ਬੀਬੀ ਦਲਜੀਤ ਕੋਰ, ਸਤਨਾਮ ਕੌਰ, ਜਸਵੀਰ ਕੌਰ, ਮਨਜੀਤ ਕੋਰ, ਰਾਜਪਾਲ ਕੋਰ, ਭੁਪਿੰਦਰ ਕੌਰ, ਸੰਦੀਪ ਕੋਰ, ਭਗਵੰਤ ਕੋਰ, ਗੁਰੂਵੰਤ ਕੋਰ, ਹਰਪ੍ਰੀਤ ਕੋਰ, ਰਣਜੀਤ ਕੋਰ, ਬਲਵਿੰਦਰ ਕੋਰ, ਜਸਵਿੰਦਰ ਕੌਰ  ਤੋਂ  ਇਲਾਵਾ ਵਿਸ਼ਾਲ ਸੰਗਤ ਹਾਜਰ ਹੋਈ। ਗੁਰੂ ਕਾ ਲੰਗਰ ਅਤੁੱਟ ਵਰਤਿਆ।