ਰਜਿ: ਨੰ: PB/JL-124/2018-20
RNI Regd No. 23/1979

ਨੌਜਵਾਨਾਂ ਪ੍ਰਤੀ ਆਪਣੇ ਫ਼ਰਜ ਪਹਿਚਾਨਣ ਕਿਸਾਨ ਆਗੂ

BY admin / April 06, 2021
ਜਾਪਦਾ ਹੈ ਕਿ ਕਿਸਾਨ ਸੰਘਰਸ਼ ਦੀ ਲੀਡਰਸ਼ਿਪ ਨੂੰ ਵੀ ਆਪਣੇ ਇਹ ਅੰਨ੍ਹੇ ਸਮਰਥਕ ਹੀ ਪਿਆਰੇ ਨੇ, ਸੰਘਰਸ਼ ਦਾ ਕੁੱਝ ਬਣੇ ਚਾਹੇ ਨਾ। ਖੈਰ ਕਿਸਾਨ ਸੰਘਰਸ਼ ਨੇ ਜਿਥੇ ਰਾਜਿੰਦਰ ਕਾਮਰੇਡ ਤੇ ਉਹੋ ਜਿਹੇ ਲੋਕਾਂ ਦਾ ਹਰ ਪੱਖ ਨੰਗਾ ਕੀਤਾ ਉਥੇ ਬਲਦੇਵ ਸਿੰਘ ਸਿਰਸਾ ਵਰਗੇ ਵੀ ਸਾਹਮਣੇ ਲਿਆਂਦੇ ਜੋ ਹਰ ਹੀਲੇ ਸੰਘਰਸ਼ ਕਾਮਯਾਬ ਕਰਨਾ ਚਾਹੁੰਦੇ ਨੇ। ਇਹ ਇਤਿਹਾਸਕ ਸੱਚ ਹੈ ਕਿ ਰਾਜਿੰਦਰ ਕਾਮਰੇਡ ਵਰਗਿਆਂ ਨੇ ਜਦ ਕਿਸਾਨ ਸੰਘਰਸ਼ ਦੀ ਤੂੜੀ ਦੀ ਪੰਡ ਨਦੀ ਵਿਚਾਲੇ ਖੋਲ੍ਹ ਦਿੱਤੀ ਤੇ ਅੰਨ੍ਹੇ ਹਮਾਇਤੀਆਂ ਨੇ ਇਸ ਹਰਕਤ ਦਾ ਵਿਰੋਧ ਕਰਨ ਵਾਲਿਆਂ ਨੂੰ ਭੰਡਿਆ। ਬਲਦੇਵ ਸਿੰਘ ਸਿਰਸਾ ਨਦੀ ਵਿਚਾਲੇ ਖੁੱਲੀ ਪੰਡ ਦੀ ਤੂੜੀ ਇਕੱਠੀ ਕਰਨਾ ਚਾਹੁੰਦੇ ਨੇ। ਮੈਂ ਇਸ ਸੱਜਣ ਦੇ ਇਸ ਚੰਗੇ ਕੰਮ ਦੀ ਹਮਾਇਤ ਕਰਦਾ ਹਾਂ। ਕੁਝ ਬਣੇ ਨਾ ਬਣੇ, ਸੰਘਰਸ਼ ਦੀ ਹਮਾਇਤ ਤਾਂ ਕਰਦੇ ਰਹਾਂਗੇ। ਇਸ ਮੌਕੇ ਕਿਸਾਨ ਸੰਘਰਸ਼ ਬਾਰੇ ਕਾਮਰੇਟਾਂ ਦੇ ਸਮਰਥਕ ਸਮਝਦੇ ਨੇ ਕਿ ਸੰਘਰਸ਼ ਪੂਰਾ ਬੁਲੰਦ ਹੈ ਤੇ ਹਫਤੇ ਦਸ ਦਿਨ ਵਿੱਚ ਹੀ ਮੋਦੀ ਸਰਕਾਰ ਸਾਡੇ ਲੀਡਰਾਂ ਦੀਆਂ ਮਿੰਨਤਾਂ ਕਰਦੀ ਦਿਸੇਗੀ। ਇਹ ਅੰਨ੍ਹੇ ਸਮਰਥਕ ਸਮਝਦੇ ਨੇ ਕਿ ਸਟੇਜ ਤੋਂ ਲੀਡਰ ਸੌ ਪ੍ਰਤੀਸ਼ਤ ਸੱਚ ਬੋਲਦੇ ਨੇ ਤੇ ਆਮ ਲੋਕ ਝੂਠ ਬੋਲਦੇ ਨੇ। ਇਸਦੇ ਉਲਟ ਕਾਮਰੇਟਾਂ ਦੇ ਮੱਕੜਜਾਲ ਤੋਂ ਆਜਾਦ ਲੋਕ ਬੇਹੱਦ ਚਿੰਤਾ ਵਿੱਚ ਨੇ ਕਿ ਕਾਮਰੇਟਾਂ ਦੀਆਂ ਜਬਲੀਆਂ ਕਰਕੇ ਸੰਘਰਸ਼ ਦੀ ਸਰਗਰਮ ਹਮਾਇਤ ਨੂੰ ਲਗਾਤਾਰ ਖੋਰਾ ਲੱਗ ਰਿਹਾ ਹੈ। ਇਹ ਸੱਜਣ ਪਰੇਸ਼ਾਨ ਨੇ ਕਿ ਪਹਿਲਾਂ 26 ਜਨਵਰੀ ਨੂੰ ਲਾਲ ਕਿਲ੍ਹੇ ਉਤੇ ਝੰਡਾ ਝੁਲਾਉਣ ਵਰਗੀਆਂ ਭੜਕਾਊ ਤਕਰੀਰਾਂ ਨਾਲ ਨੌਜਵਾਨੀ ਨੂੰ ਵੰਗਾਰਿਆ ਤੇ ਫੇਰ ਸਾਫ ਮੁੱਕਰ ਕੇ ਹੁਕਮ ਮੰਨਣ ਵਾਲਿਆਂ ਨੂੰ ਗੱਦਾਰ ਐਲਾਨ ਦਿੱਤਾ। ਇਹ ਲੋਕ ਲੀਡਰਸ਼ਿਪ ਤੋਂ ਦੁਖੀ ਨੇ ਕਿ ਸ਼ਹੀਦ ਨਵਰੀਤ ਸਿੰਘ, ਹਕੂਮਤੀ ਦਹਿਸ਼ਤਗਰਦੀ ਦਾ ਸ਼ਿਕਾਰ ਬਣੇ ਹੋਰ ਲੋਕਾਂ ਤੇ ਗਿ੍ਰਫਤਾਰੀ ਲੋਕਾਂ ਨਾਲ ਖੜ੍ਹਨ ਦੀ ਥਾਂ ਸਭ ਦੇ ਖਿਲਾਫ ਡਟ ਗਏ। 26 ਜਨਵਰੀ ਤੋਂ ਬਾਅਦ ਕਾਮਰੇਡਾਂ ਤੇ ਸਮਰਥਕਾਂ ਨੇ ਆਪਣੇ ਏਜੰਡੇ ਤਹਿਤ ਜੋ ਕੁੱਝ ਕੀਤਾ ਕੱਤਰਿਆ ਉਹਦੇ ਕਰਕੇ ਹੁਣ ਮਹੌਲ “ਚਿੜੀਆ ਚੁਗ ਗਈ ਖੇਤ‘ ਵਾਲਾ ਬਣ ਗਿਆ ਹੈ। ਇਹ ਲੋਕ ਇਸ ਸਥਿਤੀ ਨੂੰ ਮੋੜਾ ਦੇਣਾ ਚਾਹੁੰਦੇ ਨੇ ਪਰ ਕਾਮਰੇਡਾਂ ਦਾ ਇਕੋ ਰਾਗ ਆ ਕੀ ਸੰਘਰਸ਼ ਚੜ੍ਹਦੀ ਕਲਾ ਵਿੱਚ ਹੈ। ਕਾਮਰੇਡਾਂ ਨੇ ਆਪਣੇ ਅੰਨ੍ਹੇ ਸਮਰਥਕਾਂ ਨੂੰ ਸੱਚ ਨਹੀਂ ਦੱਸਣਾ ਤੇ ਤਕਰਾਰ ਮਘਦੀ ਰਹਿਣੀ ਹੈ। ਸਿੱਖ ਜਜਬਾਤਾਂ ਦੀ ਲਗਾਤਾਰ ਹੇਠੀ ਕਰਨ ਨੂੰ ਹੀ ਸੰਘਰਸ਼ ਦੀ ਕਾਮਯਾਬੀ ਸਮਝਣ ਵਾਲੇ ਇਹ ਲੋਕ ਉਨ੍ਹਾਂ ਦੇ ਹੀ ਵਾਰਿਸ ਨੇ ਜਿਨ੍ਹਾਂ ਤੋਂ ਅੱਕ ਕੇ 1982 ਵਿੱਚ ਕਪੂਰੀ ਨਹਿਰ ਵਾਲਾ ਮੋਰਚਾ ਧਰਮ ਯੁੱਧ ਮੋਰਚਾ ਬਣਾਉਣਾ ਪਿਆ ਸੀ। ਉਦੋਂ ਵੀ ਕਾਮਰੇਟਾਂ ਨੇ ਛਿੰਗੜੀ ਛੇੜੀ ਤੇ ਆਪ ਤਿੱਤਰ ਹੋ ਗਏ ਸੀ। ਹੁਣ ਵੀ ਬਲੈਕਮੇਲ ਕਰਦੇ ਨੇ ਕਿ ਇਹ ਸੰਘਰਸ਼ ਸਿੱਖੀ ਤਿਆਗ ਕੇ ਹੀ ਜਿੱਤਿਆ ਜਾ ਸਕਦਾ। ਹੁਣ ਵੀ ਜਾਪਦਾ ਲੜਾਈ ਸਿੱਖਾਂ ਨੂੰ ਈ ਸਿਰੇ ਲਾਉਣੀ ਪਵੇਗੀ। ਮੋਦੀ ਸਰਕਾਰ ਤਸੱਲੀ ਮਹਿਸੂਸ ਕਰਦੀ ਹੋਣੀ ਆ ਕਿ ਅੱਜ ਨਾ ਤਾਂ ਸੰਤ ਭਿੰਡਰਾਂਵਾਲੇ ਨੇ, ਨਾ ਉਹੋ ਜਿਹੇ ਅਕਾਲੀ ਪਰ ਪਤਾ ਨਹੀਂ ਕੀਹਦੇ ਉੱਤੇ ਸਤਿਗੁਰੂ ਦੀ ਕਿਰਪਾ ਹੋ ਜਾਣੀ ਆ। ਇਹ ਲੜਾਈ ਸੱਚ ਬੋਲ ਕੇ ਈ ਜਿਤੀ ਜਾਣੀ ਆ, ਝੂਠ,ਹੰਕਾਰ, ਪਖੰਡ ਨਾਲ ਨਹੀਂ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਕੰਮ-ਢੰਗ ਤੇ ਸੋਚ-ਢੰਗ ਵਿੱਚ ਬੜੀਆਂ ਘਾਟਾਂ, ਕਮਜੋਰੀਆਂ ਤੇ ਊਣਤਾਈਆਂ ਉਜਾਗਰ ਹੋ ਚੁੱਕੀਆਂ ਹਨ ਜਿਨ੍ਹਾਂ ਦੀ ਚਰਚਾ ਕਰਨ ਵਾਲਿਆਂ ਨੂੰ ਸੰਘਰਸ਼ ਦੇ ਦੋਖੀ ਕਹਿ ਕੇ ਬਦਨਾਮ ਕਰਨ ਦੀ ਧਮਕੀ ਹੇਠ ਖਾਮੋਸ਼ ਕਰਵਾਉਣ ਦੀਆਂ ਚਾਲਾਂ ਕਈਆਂ ਨੂੰ ਬਹੁਤ ਵਧੀਆ ਲੱਗਦੀਆਂ ਹੋਣਗੀਆਂ ਪਰ ਇਹ ਵਰਤਾਰਾ ਸੰਘਰਸ਼ ਲਈ ਬੜਾ ਖਤਰਨਾਕ ਹੈ। ਅੰਨ੍ਹੇਵਾਹ ਲੀਡਰਸ਼ਿਪ ਦੀ ਹਮਾਇਤ ਅਤੇ ਅਲੋਚਨਾ ਕਰਨ ਵਾਲਿਆਂ ਨੂੰ ਅੰਨ੍ਹੇਵਾਹ ਭੰਡੀ ਜਾਣ ਵਾਲੇ ਲੋਕ ਇਤਿਹਾਸ ਦੇ ਗੁਨਾਹਗਾਰ ਸਿੱਧ ਹੋਣਗੇ। ਕਿਸਾਨ ਲੀਡਰਸ਼ਿਪ ਦੀਆਂ ਆਪਹੁਦਰੀਆਂ ਤੇ ਲੋਕਾਂ ਨੂੰ ਤੋੜਨ ਤੇ ਖ਼ਾਸਕਰ ਨੌਜਵਾਨਾਂ ‘ਚ ਨਿਰਾਸ਼ਾ ਪੈਦਾ ਕਰਨ ਵਾਲੀਆਂ ਸਰਗਰਮੀਆਂ ਸਦਕਾ ਸੰਘਰਸ਼ ਨੂੰ ਭਾਰੀ ਢਾਹ ਲੱਗ ਰਹੀ ਹੈ, ਜੇ ਹੁਣ ਵੀ ਨਾ ਸੰਭਲੇ ਤਾਂ ਮਾਰੇ ਜਾਵਾਂਗੇ ਤੇ ਮਗਰੋਂ ਇੱਕ-ਦੂਜੇ ਨੂੰ ਤਾਹਨੇ-ਮੇਹਣੇ ਮਾਰਨ ਨਾਲ ਮਸਲੇ ਦਾ ਕੱਖ ਨਹੀਂ ਬਣਨਾ। ਅਜਿਹੇ ਲੋਕਾਂ ਨੂੰ ਲਗਾਮ ਦੇਣ ਦੀ ਲੋੜ ਹੈ ਜਿਹੜੇ ਕਹਿੰਦੇ ਨੇ ਹੁਣ ਗੱਲ ਨਾ ਛੇੜੋ, ਮਗਰੋਂ ਦੇਖਾਂਗੇ, ਇਹ ਲੋਕ ਮਗਰੋਂ ਕਹਿ ਦੇਣਗੇ ਕਿ ਸਾਨੂੰ ਪਤਾ ਹੀ ਨਹੀਂ ਸੀ ਕਿ ਹਕੀਕਤ ਕੀ ਹੈ। ਸੱਚ ਪਛਾਣੋ ਤੇ ਲੀਡਰਸ਼ਿਪ ਦੀਆਂ ਊਣਤਾਈਆਂ ਦੂਰ ਕਰਕੇ ਸੰਘਰਸ਼ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਸਮਾਂ ਮੰਗ ਕਰਦਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਹੁਣ ਦਿਲ ਖੋਲ੍ਹ ਕੇ ਨੌਜਵਾਨਾਂ ਤੋਂ ਮਾਫ਼ੀ ਮੰਗਣ, ਦੀਪ ਸਿੱਧੂ ਅਤੇ ਲੱਖਾ ਸਿਧਾਣਾ ਅਤੇ ਹੋਰਾਂ ‘ਤੇ ਪਏ ਝੂਠੇ ਪਰਚੇ ਰੱਦ ਕਰਵਾਉਣ ਤੇ ਉਹਨਾਂ ਨੂੰ ਸਟੇਜ ਅਤੇ ਸੰਘਰਸ਼ ‘ਚ ਬਰਾਬਰ ਦੇ ਹਿੱਸੇਦਾਰ ਬਣਾਉਣ, ਜੇਲ੍ਹਾਂ ‘ਚ ਰਿਹਾਅ ਹੋ ਰਹੇ ਸਾਰੇ ਨੌਜਵਾਨਾਂ ਨੂੰ ਸਨਮਾਨਿਤ ਕਰਨ ਤੇ ਖ਼ਾਸਕਰ ਯੋਗੇਂਦਰ ਯਾਦਵ ਤੇ ਰਜਿੰਦਰ ਕਾਮਰੇਡ ਨੂੰ ਇਥੋਂ ਦਫ਼ਾ ਕਰਨ ਤੇ ਬਲਬੀਰ ਰਾਜੇਵਾਲ ਅਤੇ ਜੋਗਿੰਦਰ ਉਗਰਾਹਾਂ ਤੇ ਹੋਰਾਂ ਕਾਮਰੇਡਾਂ ਨੂੰ ਸਿੱਖ ਜਜ਼ਬਾਤਾਂ ਦੀ ਖਿੱਲੀ ਉਡਾਉਣ ਤੋਂ ਸਖ਼ਤੀ ਨਾਲ਼ ਰੋਕਣ ਅਤੇ ਫਿਰ ਇਕੱਠੇ ਸਿਰ ਜੋੜ ਕੇ ਬੈਠਣ ਤੇ ਪਾਰਲੀਮੈਂਟ ਘੇਰਨ ਵਰਗਾ ਸਖ਼ਤ ਪ੍ਰੋਗਰਾਮ ਉਲੀਕਣ, ਨੌਜਵਾਨੀ ਨੂੰ ਮੋਰਚੇ ‘ਚ ਆਉਣ ਦਾ ਖੁੱਲ੍ਹਾ ਸੱਦਾ ਦੇਣ ਜਿਸ ਨਾਲ ਕਾਲ਼ੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਮੋਦੀ ਸਰਕਾਰ ਦੀਆਂ ਚੀਕਾਂ ਕਢਵਾਈਆਂ ਜਾ ਸਕਣ। ਕਿਸਾਨ ਆਗੂਓ, ਹੁਣ ਵੀ ਵੇਲ਼ਾ ਹੈ ਸੰਭਲ ਜਾਓ, ਨਹੀਂ ਤਾਂ ਇਤਿਹਾਸ ਤੁਹਾਨੂੰ ਵੀ ਮਾਫ਼ ਨਹੀਂ ਕਰੇਗਾ। ਨੌਜਵਾਨ ਸੰਘਰਸ਼ ਦੀ ਰੀੜ ਦੀ ਹੱਡੀ ਹੁੰਦੇ ਨੇ ਇਸ ਨੂੰ ਟੁੱਟਣ ਤੋਂ ਬਚਾ ਲਵੋ।    
    (ਸਮਾਪਤ)
ਰਣਜੀਤ ਸਿੰੰਘ ਦਮਦਮੀ ਟਕਸਾਲ
ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ
ਮੋ : 88722-93883.