ਰਜਿ: ਨੰ: PB/JL-124/2018-20
RNI Regd No. 23/1979

ਭਾਜਪਾ ਨੂੰ ਸਿੱਖ ਚਿਹਰਿਆਂ ਦੀ ਤਲਾਸ਼
 
BY admin / April 06, 2021
ਸ਼ੋ੍ਰਮਣੀ ਅਕਾਲੀ ਦਲ ਵਲੋਂ ਪੰਜਾਬ ਵਿੱਚ ਰੈਲੀਆਂ ਅਤੇ ਉਮੀਦਵਾਰ ਘੋਸ਼ਿਤ ਕਰਨ ਦਾ ਸਿਲਸਿਲਾ ਸ਼ੁਰੂ ਕੀਤੇ ਜਾਣ ਦੇ ਬਾਅਦ ਸੂਬੇ ਦੀ ਰਾਜਨੀਤੀ ਵਿੱਚ ਚੁਣਾਵੀ ਮਾਹੌਲ ਨੇ ਕਰਵਟ ਬਦਲਨੀ ਸ਼ੁਰੂ ਕਰ ਦਿੱਤੀ ਹੈ। ਇਹੀ ਕਾਰਣ ਹੈ ਕਿ ਬਹੁਜਨ ਸਮਾਜ ਪਾਰਟੀ ਵੀ ਹਰਕਤ ਵਿੱਚ ਆ ਗਈ ਹੈ। ਪਿਛਲੇ ਦਿਨੀਂ ਬਸਪਾ ਵਲੋਂ ਪਾਰਟੀ ਦੇ ਬਾਨੀ ਬਾਬੂ ਕਾਂਸ਼ੀ ਰਾਮ ਦੀ ਯਾਦ ਵਿੱਚ ਉਨ੍ਹਾਂ ਦੇ ਪਿੰਡ ’ਚ ਰੈਲੀ ਕੀਤੀ ਗਈ। ਆਮ ਆਦਮੀ ਪਾਰਟੀ ਵੀ ਇਸ ਸਬੰਧ ਵਿੱਚ ਕਾਫ਼ੀ ਸਰਗਰਮ ਦਿਖਾਈ ਦੇ ਰਹੀ ਹੈ। ਇਸ ਸੰਦਰਭ ਵਿੱਚ ਜੇਕਰ ਭਾਜਪਾ ਦੀ ਗੱਲ ਕਰੀਏ ਤਾਂ ਉਸ ਨੂੰ ਪੰਜਾਬ ਦੀ ਰਾਜਨੀਤੀ ਵਿੱਚ ਪੈਰ ਧਰਾਈ ਲਈ ਜਗ੍ਹਾ ਨਹੀਂ ਮਿਲ ਰਹੀ। ਬੇਸ਼ੱਕ ਭਾਜਪਾ ਲੀਡਰ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ ਪਰ ਇਸ ਉਤਸ਼ਾਹ ਦਾ ਆਧਾਰ ਕੀ ਹੈ, ਇਹ ਸਮਝ ਤੋਂ ਬਾਹਿਰ ਹੈ। ‘‘ਸਿੱਖ-ਪ੍ਰਧਾਨ’’ ਸੂਬੇ ਵਿੱਚ ਸਿੱਖਾਂ ਅਤੇ ਕਿਸਾਨਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰਕੇ ਭਾਜਪਾ ਕਿਸ ਤਰ੍ਹਾਂ ਚੋਣਾਂ ਮੌਕੇ ਵੋਟਰਾਂ ਤੋਂ ਵੋਟ ਮੰਗੇਗੀ, ਇਹ ਸਵਾਲ ਭਾਜਪਾ ਲਈ ਪਰੇਸ਼ਾਨੀ ਦਾ ਕਾਰਣ ਬਣ ਸਕਦਾ ਹੈ। ਭਾਜਪਾ ਦੇ ਦਿੱਗਜ ਲੀਡਰ ਜਾਣਦੇ ਹਨ ਕਿ ਪੰਜਾਬ ਦੇ ਵੋਟਰਾਂ ਵਿੱਚ ਜਾਣ ਲਈ ਪਾਰਟੀ ਦੇ ਚਿਹਰੇ-ਮੋਹਰੇ ਤੋਂ ਪੰਜਾਬੀਅਤ ਝਲਕਣੀ ਚਾਹੀਦੀ ਹੈ। ਦੂਜੇ ਸ਼ਬਦਾਂ ਵਿੱਚ ਪੰਜਾਬ ਦੇ ਸਿਆਸੀ ਮੰਜ਼ਰ ਵਿੱਚ ਜੇਕਰ ਸਿੱਖ ਚਿਹਰਾ ਨਹੀਂ ਤਾਂ ਉਸ ਨੂੰ ਪੰਜਾਬੀ ਦੇ ਤੌਰ ’ਤੇ ਤਸਲੀਮ ਨਹੀਂ ਕੀਤਾ ਜਾ ਸਕਦਾ। ਜਿਸ ਤਰ੍ਹਾਂ ਦੂਜੇ ਸੂਬਿਆਂ ਦੀ ਆਪਣੀ ਵੱਖਰੀ ਪਛਾਣ ਹੈ, ਉਸੇ ਤਰ੍ਹਾਂ ਪੰਜਾਬ ਦੀ ਵੀ ਵੱਖਰੀ ਪਛਾਣ ਹੈ। ਸਾਡੇ ਕਹਿਣ ਦਾ ਭਾਵ ਹੈ ਕਿ ਭਾਜਪਾ ਨੇ ਜੇਕਰ ਪੰਜਾਬ ਵਿੱਚ ਆਪਣਾ ਅਕੱਸ ਉਭਾਰਨਾ ਹੈ ਤਾਂ ਉਸ ਨੂੰ ਸਿੱਖਾਂ ਅਤੇ ਕਿਸਾਨਾਂ ਨੂੰ ਆਪਣੇ ਨਾਲ ਜੋੜਨਾ ਹੋਵੇਗਾ। ਹੁਣ ਤੱਕ ਇਸ ਘਾਟ ਨੂੰ ਅਕਾਲੀ ਦਲ ਪੂਰੀ ਕਰਦਾ ਰਿਹਾ ਹੈ। ਹੁਣ ਜਦ ਦੋਨਾਂ ਨੇ ਆਪੋ ਆਪਣਾ ਰਾਹ ਅਖ਼ਤਿਆਰ ਕਰ ਲਿਆ ਹੈ ਉਸ ਸੂਰਤ ਵਿੱਚ ਭਾਜਪਾ ਦੀ ‘‘ਦਿੱਖ’’ ਚੋਂ ਪੰਜਾਬੀਅਤ ਵਾਲੀ ਝਲਕ ਵੇਖਣ ਨੂੰ ਨਹੀਂ ਮਿਲ ਰਹੀ। ਭਾਜਪਾ ਵਿੱਚ ਕੁੱਝ ਸਿੱਖ ਲੀਡਰ ਜ਼ਰੂਰ ਹਨ ਪਰ ਉਨ੍ਹਾਂ ਦੀ ਸਿੱਖੀ ਉਪਰ ਹਿੰਦੂਵਾਦ ਦਾ ਲਿਬਾਸ ਹੋਣ ਕਾਰਣ ਉਨ੍ਹਾਂ ਦੀ ਪਛਾਣ ਬਦਲ ਗਈ ਹੈ। ਅਜਿਹੇ ਹਾਲਾਤ ਵਿੱਚ ਭਾਜਪਾ ਨੂੰ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਲਈ ਸਿੱਖ ਅਤੇ ਕਿਸਾਨ ਚਿਹਰਿਆਂ ਦੀ ਲੋੜ ਹੈ ਜੋ ਉਸਦੀ ਪੰਜਾਬ ਵਿੱਚ ਡੁੱਬ ਰਹੀ ਬੇੜੀ ਲਈ ‘‘ਮੱਲਾਹ’’ ਦੀ ਭੂਮਿਕਾ ਨਿਭਾਅ ਸਕਣ। ਅਜਿਹੀਆਂ ਰਿਪੋਰਟਾਂ ਹਨ ਕਿ ਭਾਜਪਾ ਨੇ ਆਪਣੀਆਂ ਵੱਖ-ਵੱਖ ਯੂਨਿਟਾਂ ਨੂੰ ਸਰਗਰਮ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਦਾ ਕੰਮ ਨਾ ਕੇਵਲ ਭਾਜਪਾ ਦੀ ਮੈਂਬਰਸ਼ਿਪ ਵਿੱਚ ਵਾਧਾ ਕਰਨਾ ਬਲਕਿ ਵੱਧ ਤੋਂ ਵੱਧ ਸਿੱਖਾਂ ਅਤੇ ਕਿਸਾਨਾਂ ਦਾ ਸਮਰਥਨ ਜੁਟਾਉਣਾ ਹੈ। ਵੇਖਿਆ ਜਾਵੇ ਤਾਂ ਇਹ ਆਪਣੇ ਆਪ ਵਿੱਚ ਅਜੀਬ ਹੈ ਕਿਉਕਿ ਇੱਕ ਪਾਸੇ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਾ ਮੰਨਕੇ ਉਨ੍ਹਾਂ ਨਾਲ ਟਕਰਾਅ ਦੇ ਰਸਤੇ ਉਪਰ ਚੱਲ ਰਹੀ ਹੈ ਅਤੇ ਦੂਜੇ ਪਾਸੇ ਪੰਜਾਬ ਵਿੱਚ ਉਹ ਕਿਸਾਨਾਂ ਅਤੇ ਸਿੱਖ ਭਾਈਚਾਰੇ ਵੱਲ ਦੋਸਤੀ ਦਾ ਹੱਥ ਵਧਾਉਣਾ ਚਾਹੁੰਦੀ ਹੈ। ਇਸ ਸਬੰਧ ਵਿੱਚ ਸਾਡਾ ਮੰਨਣਾ ਹੈ ਕਿ ਦੋਸਤੀ ਅਤੇ ਦੁਸ਼ਮਣੀ ਕਦੀ ਨਾਲੋ-ਨਾਲ ਨਹੀਂ ਚੱਲ ਸਕਦੇ। ਸਰਕਾਰ ਜਦ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ, ਪੰਜਾਬ ਵਿੱਚ ਭਾਜਪਾ ਦੀ ਮੁਰਾਦ ਪੂਰੀ ਨਹੀਂ ਹੋ ਸਕਦੀ। ਜੇਕਰ ਭਾਜਪਾ ਲਾਲਚ ਦੇ ਕੇ, ਜਿਵੇਂ ਕਿ ਉਸਦੀ ਆਦਤ ਹੈ, ਦੂਜੀਆਂ ਪਾਰਟੀਆਂ ਦੇ ਸਿੱਖ ਚਿਹਰੇ ਆਪਣੇ ਨਾਲ ਜੋੜ ਲੈਂਦੀ ਹੈ ਤਾਂ ਇਸ ਨਾਲ ਵੀ ਉਸ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ਪਹਿਲੀ ਗੱਲ ਤਾਂ ਇਹ ਕਿ ਕੋਈ ਚਰਚਿਤ ਸਿੱਖ ਲੀਡਰ ਭਾਜਪਾ ਦੇ ਖ਼ੇਮੇ ਵਿੱਚ ਨਹੀਂ ਆਏਗਾ, ਜੇਕਰ ਆ ਗਿਆ ਤਾਂ ਇਸ ਮਾਹੌਲ ਵਿੱਚ ਉਸਦੀ ਦਲਬਦਲੀ ਨਾ ਕੇਵਲ ਉਸ ਨੂੰ ਬਲਕਿ ਭਾਜਪਾ ਨੂੰ ਬਹੁਤ ਮਹਿੰਗੀ ਪੈ ਸਕਦੀ ਹੈ। ਅਸਲ ਮਾਇਨੇ ਵਿੱਚ ਪੰਜਾਬ ਦੀਆਂ ਚੋਣਾਂ ਵਿੱਚ ਇਸ ਵਾਰ ਕਿਸਾਨਾਂ ਦਾ ਫੈਕਟਰ ਬਹੁਤ ਅਹਿਮ ਰੋਲ ਅਦਾਅ ਕਰੇਗਾ। ਇਸ ਲਈ ਕੋਈ ਪਾਰਟੀ ਕਿਸੇ ਵੀ ਹਾਲਤ ਵਿੱਚ ਕਿਸਾਨਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੀ। ਭਾਜਪਾ ਨੂੰ ਫੈਸਲਾ ਕਰਨਾ ਹੋਵੇਗਾ ਕਿ ਉਸਨੇ ਕਿਸਾਨਾਂ ਨਾਲ ਹੱਥ ਮਿਲਾਉਣਾ ਹੈ ਜਾਂ ‘‘ਮੈਂ ਨਾ ਮਾਨੂੰ’’ ਵਾਲੇ ਸਟੈਂਡ ਨੂੰ ਕਾਇਮ ਰੱਖਦਿਆਂ ਪੰਜਾਬ ਵਿੱਚ ਭਾਜਪਾ ਨੂੰ ਬੀਤੇ ਕੱਲ ਦੀ ਪਾਰਟੀ ਬਣਾਉਣਾ ਹੈ।