ਰਜਿ: ਨੰ: PB/JL-124/2018-20
RNI Regd No. 23/1979

ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲੇਗੀ 80 ਲੱਖ ਰੁਪਏ ਆਰਥਿਕ ਮਦਦ ਤੇ ਸਰਕਾਰੀ ਨੌਕਰੀ 
 
BY admin / April 06, 2021
ਰਾਏਪੁਰ, 6 ਅਪ੍ਰੈਲ, (ਯੂ.ਐਨ.ਆਈ.)- ਛੱਤੀਸਗੜ੍ਹ ਦੇ ਨਕਸਲੀਆਂ ਦੇ ਨਾਲ ਮੁਕਾਬਲੇ ‘ਚ ਸ਼ਹੀਦ ਹੋਏ ਜਵਾਨਾਂ ਦੇ ਮਾਪਿਆਂ ਨੂੰ 80 ਲੱਖ ਰੁਪਏ ਸਹਾਇਤਾ ਤੇ ਪਰਿਵਾਰ ਦੇ ਇਕ ਦੂਜੇ ਮੈਂਬਰ ਨੂੰ ਸ਼ਹੀਦ ਹੋਏ ਜਵਾਨ ਦੀ ਥਾਂ ਨੌਕਰੀ ਦਿੱਤੀ ਜਾਵੇਗੀ। ਸੂਬੇ ਦੇ ਜਨਸੰਪਰਕ ਵਿਭਾਗ ਦੇ ਅਧਿਕਾਰੀਆਂ ਨੇ ਸੋਮਵਾਰ ਦੱਸਿਆ ਕਿ ਸੂਬੇ ਦੇ ਬੀਜਾਪੁਰ ਤੇ ਸੁਕਮਾ ਜਲ੍ਹਿੇ ਦੇ ਸਰਹੱਦੀ ਖੇਤਰ ‘ਚ ਪੁਲਿਸ-ਨਕਸਲੀ ਮੁਕਾਬਲੇ ‘ਚ ਸ਼ਹੀਦ ਹੋਏ ਪੁਲਿਸ ਅਧਿਕਾਰੀਆਂ ਤੇ ਜਵਾਨਾਂ ਦੇ ਪਰਿਵਾਰਾਂ ਨੂੰ ਘੱਟੋ ਘੱਟ 80 ਲੱਖ ਰੁਪਏ ਦੀ ਆਰਥਿਕ ਸਹਾਇਤਾ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਅਧਿਕਾਰੀਆਂ ਨੂੰ ਆਰਥਿਕ ਸਹਾਇਤਾ ਤੇ ਤੁਰੰਤ ਨੌਕਰੀ  ਦੀ ਪ੍ਰਕਿਰਿਆ ਜਲਦ ਪੂਰੀ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਆਰਥਿਕ ਸਹਾਇਤਾ ਦੇ ਤਹਿਤ ਸੂਬਾ ਸ਼ਾਸਨ ਵੱਲੋਂ ਵਿਸ਼ੇਸ਼ ਗਰਾਂਟ, ਸ਼ਹੀਦ ਸਮਾਨ ਨਿਧੀ, ਸਮੂਹ ਬੀਮਾ ਰਾਸ਼ੀ ਤੇ ਹੋਰ ਆਰਥਿਕ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮੁਕਾਬਲੇ ‘ਚ ਕੇਂਦਰੀ ਅਰਧ ਸੈਨਿਕ ਬਲ ਦੇ ਸ਼ਹੀਦ ਪੁਲਿਸ ਅਧਿਕਾਰੀਆਂ ਤੇ ਜਵਾਨਾਂ ਦੇ ਪਰਿਵਾਰਾਂ ਨੂੰ ਸੂਬਾ ਸ਼ਾਸਨ ਵੱਲੋਂ ਵਿਸ਼ੇਸ਼ ਗਰਾਂਟ ਤੇ ਸਮੂਹਿਕ ਬੀਮਾ ਰਾਸ਼ੀ ਦੇ ਰੂਪ ‘ਚ ਕੁੱਲ 45,40 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੇਂਦਰੀ ਅਰਧ ਸੈਨਿਕ ਬਲ ਦੇ ਸ਼ਹੀਦ ਅਧਿਕਾਰੀਆਂ ਤੇ ਜਵਾਨਾਂ ਦੇ ਪਰਿਵਾਰਕ ਮੈਂਬਰ ਨੂੰ ਉਨ੍ਹਾਂ ਦੀ ਥਾਂ ਨਿਯੁਕਤੀ ਤੇ ਆਰਥਿਕ ਸਹਾਇਤਾ ਸਬੰਧੀ ਕਾਰਵਾਈ ਅਰਧ ਸੈਨਿਕ ਬਲ ਵੱਲੋਂ ਕੀਤੀ ਜਾਵੇਗੀ। ਛੱਤੀਸਗੜ੍ਹ ‘ਚ ਨਕਸਲੀਆਂ ਨਾਲ ਹੋਏ ਮੁਕਾਬਲੇ ‘ਚ ਸੁਰੱਖਿਆ ਬਲਾਂ ਦੇ 22 ਜਵਾਨ ਸ਼ਹੀਦ ਹੋ ਗਏ ਸਨ।