ਰਜਿ: ਨੰ: PB/JL-124/2018-20
RNI Regd No. 23/1979

ਕਣਕ ਦੀ ਖਰੀਦ ’ਚ ਅੜਿੱਕਾ ਖ਼ਤਮ, ਕਿਸਾਨਾਂ ਦਾ ਗੁੱਸਾ ਵੇਖ ਨਰਮ ਪਈ ਕੇਂਦਰ ਸਰਕਾਰ
 
BY admin / April 06, 2021
ਚੰਡੀਗੜ, 6 ਮਾਰਚ, (ਯੂ.ਐਨ.ਆਈ.)- ਕੇਂਦਰ ਸਰਕਾਰ ਵੱਲੋਂ ਫਸਲਾਂ ਦੀ ਖਰੀਦ ਲਈ 21658.73 ਕਰੋੜ ਰੁਪਏ ਦੀ ਕੈਸ ਕ੍ਰੈਡਿਟ ਹੱਦ (ਸੀਸੀਐਲ) ਰਿਲੀਜ ਕਰਨ ਨਾਲ ਪੰਜਾਬ ਸਰਕਾਰ ਨੇ ਸੁੱਖ ਦਾ ਸਾਹ ਲਿਆ ਹੈ। ਇਸ ਦੇ ਨਾਲ ਹੀ ਕਿਸਾਨਾਂ ਦਾ ਫਿਕਰ ਵੀ ਘਟਿਆ ਹੈ ਕਿਉਂਕਿ ਕੇਂਦਰ ਤੇ ਪੰਜਾਬ ਸਰਕਾਰ ਵਿਚਾਲੇ ਟਕਰਾਅ ਕਰਕੇ ਕਣਕ ਦੀ ਖਰੀਦ ਬਾਰੇ ਕਈ ਸ਼ੰਕੇ ਖੜ੍ਹੇ ਹੋ ਰਹੇ ਸੀ। ਦਰਅਸਲ ਪੰਜਾਬ ਅੰਦਰ ਚਰਚਾ ਸੀ ਕਿ ਕਿਸਾਨ ਅੰਦੋਲਨ ਕਰਕੇ ਇਸ ਵਾਰ ਕੇਂਦਰ ਸਰਕਾਰ ਫਸਲਾਂ ਦੀ ਸਿੱਧੀ ਅਦਾਇਗੀ ਦੇ ਮੁੱਦੇ ‘ਤੇ ਕੋਈ ਨਰਮੀ ਨਹੀਂ ਵਰਤੇਗੀ। ਇਸ ਦਾ ਖਮਿਆਜਾ ਕਿਸਾਨਾਂ ਨੂੰ ਮੰਡੀਆਂ ਵਿੱਚ ਭੁਗਤਣਾ ਪਏਗਾ। ਕੋਰੋਨਾ ਕਰਕੇ ਪੰਜਾਬ ਵਿੱਚ ਕਣਕ ਦੀ ਖਰੀਦ 10 ਅਪਰੈਲ ਤੱਕ ਟਾਲਣ ਤੇ ਨਿੱਤ ਬਦਲਦੇ ਮੌਸਮ ਕਾਰਨ ਕਿਸਾਨ ਕਾਫੀ ਫਿਕਰਮੰਦ ਸੀ। ਕਿਸਾਨਾਂ ਨੂੰ ਲੱਗਦਾ ਸੀ ਕਿ ਪੰਜਾਬ ਤੇ ਕੇਂਦਰ ਸਰਕਾਰ ਵਿਚਾਲੇ ਸਿੱਧੀ ਅਦਾਇਗੀ ਨੂੰ ਲੈ ਕੇ ਸ਼ੁਰੂ ਹੋਇਆ ਟਕਰਾਅ ਉਨ੍ਹਾਂ ਦਾ ਨੁਕਸਾਨ ਕਰੇਗਾ। ਉਂਝ ਮੰਨਿਆ ਜਾਂਦਾ ਹੈ ਕਿ ਕੇਂਦਰ ਸਰਕਾਰ ਨੇ ਵੀ ਕਿਸਾਨ ਅੰਦੋਲਨ ਕਰਕੇ ਹੀ ਨਰਮੀ ਦਾ ਰਾਹ ਚੁਣਿਆ ਹੈ। ਪਹਿਲਾਂ ਕੇਂਦਰ ਸਰਕਾਰ ਪੰਜਾਬ ਸਰਕਾਰ ਦੀ ਕੋਈ ਦਲੀਲ ਸੁਣਨ ਲਈ ਤਿਆਰ ਨਹੀਂ ਸੀ ਪਰ ਕਿਸਾਨਾਂ ਤੇ ਆੜ੍ਹਤੀਆਂ ਦੇ ਤੇਵਰ ਵੇਖ ਮੋਦੀ ਸਰਕਾਰ ਨੇ ਟਕਰਾਅ ਵਧਾਉਣ ਤੋਂ ਟਾਲਾ ਵੱਟ ਲਿਆ ਹੈ। ਇਸ ਲਈ ਸੋਮਵਾਰ ਨੂੰ ਰਿਜਰਵ ਬੈਂਕ (ਆਰਬੀਆਈ) ਨੇ ਪੰਜਾਬ ਵਿੱਚ ਅਗਾਮੀ ਹਾੜੀ ਮੰਡੀਕਰਨ ਸੀਜਨ ਲਈ ਮੌਜੂਦਾ ਅਪਰੈਲ ਦੇ ਅੰਤ ਤੱਕ ਲਈ 21658.73 ਕਰੋੜ ਰੁਪਏ ਦੀ ਕੈਸ ਕਰੈਡਿਟ ਹੱਦ (ਸੀਸੀਐੱਲ) ਨੂੰ ਹਰੀ ਝੰਡੀ ਦੇ ਦਿੱਤੀ। ਪੰਜਾਬ ਸਰਕਾਰ ਨੇ ਵੀ ਕੈਸ ਕ੍ਰੈਡਿਟ ਹੱਦ ਨੂੰ ਹਰੀ ਝੰਡੀ ਮਿਲਣ ਮਗਰੋਂ ਰਾਹਤ ਮਹਿਸੂਸ ਕੀਤੀ ਹੈ। ਦੱਸ ਦਈਏ ਕਿ ਕੇਂਦਰ ਸਰਕਾਰ ਨੇ ਫਸਲਾਂ ਦੀ ਸਿੱਧੀ ਅਦਾਇਗੀ ਦਾ ਪੰਜਾਬ ’ਚ ਹਾਲੇ ਪੇਚ ਫਸਾਇਆ ਹੋਇਆ ਹੈ ਤੇ ਪੰਜਾਬ ਸਰਕਾਰ ਇਹ ਅਦਾਇਗੀ ਆੜ੍ਹਤੀਆਂ ਰਾਹੀਂ ਕਰਨ ਦਾ ਫੈਸਲਾ ਕਰ ਚੁੱਕੀ ਹੈ। ਪੰਜਾਬ ਵਿੱਚ ਐਤਕੀਂ 10 ਅਪਰੈਲ ਤੋਂ ਕਣਕ ਦੀ ਖਰੀਦ ਸੁਰੂ ਹੋ ਰਹੀ ਹੈ ਤੇ ਖਰੀਦ ਦਾ ਕੰਮ 31 ਮਈ ਤੱਕ ਚੱਲੇਗਾ।