ਰਜਿ: ਨੰ: PB/JL-124/2018-20
RNI Regd No. 23/1979

ਸੁਨਾਮ ਮੰਡੀ ‘ਚ ਕਣਕ ਦੀ ਆਮਦ ਸ਼ੁਰੂ ਸਰਕਾਰੀ ਖਰੀਦ 10 ਨੂੰ ਕਿਸਾਨ ਪ੍ਰੇਸ਼ਾਨ

BY admin / April 07, 2021
ਸੁਨਾਮ ਊਧਮ ਸਿੰਘ ਵਾਲਾ, 7 ਅਪ੍ਰੈਲ (ਮਨਜੀਤ ਕੌਰ ਛਾਜਲੀ)  ਭਾਵੇਂ ਪੰਜਾਬ ਸਰਕਾਰ ਵਲੋਂ ਸੂਬੇ ‘ਚ ਕਣਕ ਦੀ ਸਰਕਾਰੀ ਖਰੀਦ ਦਾ 10 ਅਪ੍ਰੈਲ ਤੋਂ ਐਲਾਨ ਕੀਤਾ ਗਿਆ ਹੈ ਪਰ ਸੂਬੇ ਦੀਆਂ ਕੁਝ ਚੋਣਵੀਆਂ ਅਨਾਜ ਮੰਡੀਆਂ ‘ਚ ਗਿਣੀ ਜਾਂਦੀ ਅਨਾਜ ਮੰਡੀ ਸੁਨਾਮ ਵਿਚ ਕਣਕ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਪਹਿਲੇ ਦਿਨ ਸੁਨਾਮ ਮੰਡੀ ‘ਚ ਕਿਸਾਨਾਂ ਦੀ ਕਰੀਬ ਚਾਰ ਪੰਜ ਸੌ ਕੁਇੰਟਲ ਕਣਕ ਵਿਕਣ ਆਈ ਪਰ ਸਰਕਾਰੀ ਖਰੀਦ ਨਾਂ ਹੋਣ ਕਾਰਨ ਕਿਸਾਨਾਂ ਨੂੰ  ਮੰਡੀ ‘ਚ ਬੈਠਣਾ ਪਿਆ। ਮਾਰਕਿਟ ਕਮੇਟੀ ਸੁਨਾਮ ਦੇ ਚੇਅਰਮੈਨ ਮੁਨੀਸ਼ ਕੁਮਾਰ ਸੋਨੀ ਨੇ ਕਿਹਾ ਕਿ ਅਨਾਜ ਮੰਡੀ ਵਿਚ ਕਣਕ ਦੀ ਖਰੀਦ ਨੂੰ ਲੈ ਕੇ ਛਾਂ, ਪਾਣੀ, ਰੌਸ਼ਨੀ ਅਤੇ ਸਫਾਈ ਆਦਿ ਦੇ ਪੁਖਤਾ ਪ੍ਰਬੰਧ ਕਰ ਲਏ ਗਏ ਹਨ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੰਡੀ ‘ਚ 10 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕੋਵਿਡ-19 ਦੇ ਮੱਦੇਨਜਰ ਮੰਡੀ ‘ਚ ਸੋਡੀਅਮ ਪ੍ਰੋਪਰਾਈਡ ਦਾ ਸਪਰੇਅ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਸਾਨਾਂ ਵੀਰਾਂ ਨੂੰ ਕੋਰੋਨਾ ਮਹਾਂਮਾਰੀ ਦੇ ਬਚਾਅ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਨੂੰ ਯਕੀਨੀ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਪਾਸ ਲੈਣ ਉਪਰੰਤ ਮੰਡੀ  ਵਿਚ ਵੇਚਣ ਲਈ ਸਾਫ ਸੁਥਰੀ ਅਤੇ ਸੁੱਕੀ ਕਣਕ ਹੀ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ।