ਭਾਰਤ ਬੰਦ ਦੌਰਾਨ ਹੜਤਾਲ ਕਰਨ ਵਾਲੇ ਬਿਜਲੀ ਮੁਲਾਜ਼ਮਾਂ ਦੇ ਬਰੇਕ ਪਾਏ ਸਮੇਂ ਨੂੰ ਕੀਤਾ ਜਾਵੇਗਾ ਰੈਗੂਲਰ
ਐਸ ਏ ਐਸ ਨਗਰ, 7 ਅਪਰੈਲ-(ਗੁਰਵਿੰਦਰ ਸਿੰਘ ਮੋਹਾਲੀ)-ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਬਣਾਏ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਜਾਰੀ ਹੋਣ ਤੋਂ ਬਾਅਦ ਬਿਜਲੀ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਵੀ ਤਨਖ਼ਾਹ ਸਕੇਲ ਜਾਰੀ ਕਰਕੇ ਬਣਦਾ ਬਕਾਇਆਂ ਤੁਰੰਤ ਜਾਰੀ ਕਰ ਦਿੱਤਾ ਜਾਵੇਗਾ। ਇਹ ਭਰੋਸਾ ਅੱਜ ਇੱਥੋਂ ਦੇ ਫੇਜ਼-8 ਸਥਿਤ ਪਾਵਰਕੌਮ ਦੇ ਰੈਸਟ ਹਾਊਸ ਵਿਖੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੂਬਾਈ ਆਗੂਆਂ ਨਾਲ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਰਾਜ ਪਾਵਰਕੌਮ ਕਾਰਪੋਰੇਸ਼ਨ ਦੇ ਸੀਐਮਡੀ ਏ.ਵੇਨੂੰ ਪ੍ਰਸ਼ਾਦ ਨੇ ਦਿੱਤਾ। ਇਹ ਜਾਣਕਾਰੀ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਸੂਬਾ ਮੁੱਖ ਬੁਲਾਰੇ ਮਨਜੀਤ ਸਿੰਘ ਚਾਹਲ ਅਤੇ ਮੰਚ ਦੇ ਕਨਵੀਨਰ ਹਰਭਜਨ ਸਿੰਘ ਪਿਖਲਣੀ ਨੇ ਲਿਖਤੀ ਬਿਆਨ ਵਿੱਚ ਦਿੱਤੀ। ਮੀਟਿੰਗ ਵਿੱਚ ਪਾਵਰਕੌਮ ਮੈਨੇਜਮੈਂਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਬਿਜਲੀ ਨਿਗਮ ਵਿੱਚ ਕਰੀਬ 10 ਹਜ਼ਾਰ ਮੁਲਾਜ਼ਮ ਭਰਤੀ ਕੀਤੇ ਗਏ ਹਨ ਅਤੇ 2632 ਟੈਕਨੀਕਲ ਅਤੇ ਕਲੈਰੀਕਲ ਅਸਾਮੀਆਂ ਛੇਤੀ ਭਰੀਆਂ ਜਾਣਗੀਆਂ। ਮੈਨੇਜਮੈਂਟ ਨੇ ਫੈਸਲਾ ਕੀਤਾ ਕਿ ਮੁਲਾਜ਼ਮਾਂ ਦੇ ਪੇ ਬੈਡ ਦਾ ਮਾਮਲਾ ਪੰਜਾਬ ਸਰਕਾਰ ਨਾਲ ਮੁੜ ਵਿਚਾਰਿਆਂ ਜਾਵੇਗਾ। 23 ਸਾਲਾਂ ਤਰੱਕੀ ਸਕੇਲ ਬਾਰੇ ਮੈਨੇਜਮੈਂਟ ਛੇਤੀ ਹੱਲ ਕਰੇਗੀ। ਬਿਜਲੀ ਮੁਲਾਜ਼ਮਾਂ ਦਾ ਈਪੀਐਫ਼ ਦਾ ਇੰਪਲਾਈਰ ਸ਼ੇਅਰ 10 ਫੀਸਦੀ ਦੀ ਬਜਾਏ 14 ਫੀਸਦੀ ਕਰਨ ਬਾਰੇ ਭਰੋਸਾ ਦਿੱਤਾ। ਉਨ੍ਹਾਂ ਦੱਸਿਆ ਕਿ ਮਿ੍ਰਤਕ ਕਰਮਚਾਰੀਆਂ ਦੇ 153 ਵਾਰਸਾਂ ਨੂੰ ਨੌਕਰੀ ਦੇ ਹੁਕਮ ਜਲਦੀ ਜਾਰੀ ਕੀਤੇ ਜਾ ਰਹੇ ਹਨ। ਰੈਗੂਲਰ ਟੀ.ਮੈਟ ਤੋਂ ਆਇਲ ਕਲੀਨਰ ਦੀ ਤਰੱਕੀ ਜਲਦੀ ਕੀਤੀ ਜਾਵੇਗੀ। ਮੋਬਾਈਲ ਭੱਤੇ ਦੇ ਬਕਾਇਆਂ ਜਾਰੀ ਕਰਨ ਸਬੰਧੀ ਮਾਮਲਾ ਜਲਦੀ ਹੱਲ ਕੀਤਾ ਜਾਵੇਗਾ। ਜਥੇਬੰਦੀਆਂ ਨਾਲ ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਕਿ ਭਾਰਤ ਬੰਦ ਦੌਰਾਨ ਹੜਤਾਲ ਕਰਨ ਵਾਲੇ ਕਰਮਚਾਰੀਆਂ ਦਾ ਸਮਾਂ ਰੈਗੂਲਰ ਕਰ ਦਿੱਤਾ ਜਾਵੇਗਾ। ਮੈਨੇਜਮੈਂਟ ਨੇ ਇਹ ਵੀ ਭਰੋਸਾ ਦਿੱਤਾ ਕਿ ਲਾਈਨਮੈਨ ਤੋਂ ਜੇਈ ਦੀ ਤਰੱਕੀ 25 ਅਪਰੈਲ ਤੱਕ ਕਰ ਦਿੱਤੀ ਜਾਵੇਗੀ। ਮੀਟਿੰਗ ਵਿੱਚ ਪਾਵਰਕੌਮ ਮੈਨੇਜਮੈਂਟ ਦੇ ਡਾਇਰੈਕਟਰ ਪ੍ਰਬੰਧਕੀ ਆਰ.ਪੀ. ਪਾਡਵ, ਨਿਗਰਾਨ ਇੰਜੀਨੀਅਰ ਸੰਜੀਵ ਸੂਦ, ਮੁੱਖ ਲੇਖਾ ਅਫ਼ਸਰ ਸੁਧੀਰ ਕੁਮਾਰ, ਉਪ ਸਕੱਤਰ ਬੀ.ਐਸ. ਗੁਰਮ ਸਮੇਤ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਹਰਭਜਨ ਸਿੰਘ ਪਿਲਖਣੀ, ਗੁਰਵੇਲ ਸਿੰਘ ਬੱਲਪੁਰੀਆਂ, ਜਰਨੈਲ ਸਿੰਘ ਚੀਮਾ, ਨਰਿੰਦਰ ਸੈਣੀ, ਮਹਿੰਦਰ ਸਿੰਘ ਰੂੜੇਕੇ, ਦਵਿੰਦਰ ਸਿੰਘ ਪਸੌਰ, ਕਮਲ ਕੁਮਾਰ ਪਟਿਆਲਾ ਅਤੇ ਮਨਜੀਤ ਸਿੰਘ ਚਾਹਲ ਹਾਜ਼ਰ ਸਨ।