ਰਜਿ: ਨੰ: PB/JL-124/2018-20
RNI Regd No. 23/1979

ਮਹਾਸ਼ਾ ਬਰਾਦਰੀ ਦਾ ਮਾਣ ਵਧਾਉਣ ਵਾਲੇ-ਗੁਰੂੁ ਨਾਭਾ ਦਾਸ ਜੀ
 
BY admin / April 07, 2021
ਭਾਵੇਂ ਗੁਰੁੂ,ਪੀਰ ਅਤੇ ਪੈਗੰਬਰ ਸਾਰਿਆਂ ਦੇ ਸਾਂਝੇ ਹੁੰਦੇ ਹਨ ਪਰ ਜਿਹੜੀ ਬਰਾਦਰੀ ਜਾਂ ਭਾਈਚਾਰੇ ਵਿਚ ਉਨ੍ਹਾਂ ਦਾ ਜਨਮ ਹੋਇਆ ਹੁੰਦਾ ਹੈ,ਉਸ ਨਾਲ ਜੁੜੇ ਲੋਕਾਂ ਵੱਲੋਂ ਉਨ੍ਹਾਂ ਮਹਾਂਪੁਰਖਾਂ ਨੂੰ ਵਿਸ਼ੇਸ਼ ਸਤਿਕਾਰ ਅਤੇ ਪਿਆਰ ਦਿੱਤਾ ਜਾਂਦਾ ਹੈ। ਮਹਾਸ਼ਾ (ਡੂਮ) ਬਰਾਦਰੀ ਵਿਚ ਪੈਦਾ ਹੋਏ ਗੋਸਵਾਮੀ ਨਾਭਾ ਦਾਸ ਜੀ ਨੂੰ ਵੀ ਇਸ ਭਾਈਚਾਰੇ ਨਾਲ ਜੁੜੇ ਲੋਕਾਂ (ਮਹਾਸ਼ਿਆਂ) ਵੱਲੋਂ ਰੱਜਵਾਂ ਮਾਣ ਅਤੇ ਸਤਿਕਾਰ ਦਿੱਤਾ ਜਾਂਦਾ ਹੈ।ਇਸ ਮਾਣ- ਸਤਿਕਾਰ ਵਜੋਂ ਇਹ ਲੋਕ ਉਨ੍ਹਾਂ ਨੂੰ ਆਪਣਾ ਗੁਰੂੁ ਸਮਝਕੇ ਪੂਜਦੇ ਹਨ ਅਤੇ ਹਰ ਸਾਲ ਅਪਰੈਲ ਮਹੀਨੇ ਦੇ ਅੱਠਵੇਂ ਦਿਨ ਉਨ੍ਹਾਂ ਦਾ ਜਨਮ ਦਿਨ ਬੜੀ ਸ਼ਰਧਾ-ਭਾਵਨਾ ਨਾਲ ਮਨਾਉਂਦੇ ਹਨ। ਮਹਾਨ ਸੰਤ.ਬ੍ਰਹਮ ਗਿਆਨੀ ਅਤੇ ਧਾਰਮਿਕ ਗ੍ਰੰਥਾਂ ਦੇ ਰਚੇਤਾ ਵਜੋਂ ਜਾਣੇ ਜਾਂਦੇ ਗੁਰੂੁ ਨਾਭਾ ਦਾਸ ਜੀ ਦਾ ਜਨਮ 8 ਅਪ੍ਰੈਲ 1537 ਈ. ਨੂੰ ਗੋਦਾਵਰੀ ਨਦੀ ਦੇ ਕੰਢੇ ‘ਤੇ ਵੱਸੇ ਪਿੰਡ ਭਦਰਾਚੱਲ ਵਿਖੇ ਹੋਇਆ।ਇਹ ਪਿੰਡ ਤੇਲੰਗਾਨਾ ਸੂਬੇ ਦੇ ਜ਼ਿਲ੍ਹਾ ਖਮਾਮ ਵਿਚ ਪੈਂਦਾ ਹੈ।ਉਨ੍ਹਾਂ ਦੀ ਮਾਤਾ ਦਾ ਨਾਮ ਜਾਨਕੀ ਦੇਵੀ ਅਤੇ ਪਿਤਾ ਦਾ ਨਾਂ ਸ੍ਰੀ ਰਾਮਦਾਸ ਸੀ।ਪਿੰਡ ਵਾਸੀ ਰਾਮਦਾਸ ਜੀ ਨੂੂੂੂੂੂੂੂੂੂੂੂੂੂੂੂੂੂੂੂੂੂੂੰ ਅਕਸਰ ਰਾਮਦਾਸੂ ਕਹਿ ਹੀ ਬੁਲਾਉਂਦੇ ਸਨ।ਇਸ ਪਰਿਵਾਰ ਦਾ ਸਬੰਧ ਹਿੰਦੋਸਤਾਨ ਦੀ ਮਿਹਨਤਕਸ਼ ਸ਼੍ਰੇਣੀ ਵਜੋਂ ਜਾਣੀ ਜਾਂਦੀ ਮਹਾਸ਼ਾ/ਡੂਮ ਬਰਾਦਰੀ ਨਾਲ ਹੈ। ਭਾਵੇਂ ਰਾਮਦਾਸ ਜੀ ਦੀ ਰੋਟੀ-ਰੋਜ਼ੀ ਦਾ ਵਸੀਲਾ ਬੈਂਤ ਦੀਆਂ ਟੋਕਰੀਆਂ ਬਣਾ ਕੇ ਵੇਚਣਾ ਸੀ ਪਰ ਉਹ ਕੁੱਝ ਕੁ ਸੰਗੀਤਕ ਸਾਜਾਂ ਨੂੰ ਵਜਾਉਣ ਵਿਚ ਵੀ ਕਾਫ਼ੀ ਮੁਹਾਰਤ ਰੱਖਦੇ ਸਨ।ਪਿੰਡ ਭਦਰਾਚੱਲ ਵਿਚ ਭਗਵਾਨ ਰਾਮ ਚੰਦਰ ਜੀ ਦਾ ਮੰਦਰ ਬਣਿਆ ਹੋਣ ਕਰਕੇ ਰਾਮਦਾਸ ਦੀ ਭਗਵਾਨ ਰਾਮ ਚੰਦਰ ਜੀ ਦੇ ਪ੍ਰਤੀ ਅਥਾਹ ਸ਼ਰਧਾ ਸੀ। ਰਾਮਦਾਸ ਅਤੇ ਜਾਨਕੀ ਦੇਵੀ ਦੇ ਵਿਆਹ ਨੂੰ ਲੰਮਾ ਸਮਾਂ ਹੋ ਜਾਣ ਦੇ ਬਾਵਜ਼ੂਦ ਵੀ ਉਨ੍ਹਾਂ ਦੇ ਵਿਹੜੇ ਵਿਚ ਕੋਈ (ਔਲਾਦ ਕਰਕੇ) ਰੌਣਕ ਨਹੀਂ ਸੀ ਲੱਗ ਸਕੀ।ਇਸ ਦਾ ਦੋਵਾਂ ਜੀਆਂ ਨੂੰ ਕੁੱਝ ਝੋਰਾ ਵੀ ਲੱਗਾ ਰਹਿੰਦਾ ਸੀ,ਕਿਉਂਕਿ ਪਿੰਡ ਦੇ ਕਈ ਲੋਕ ਅਕਸਰ ਉਨ੍ਹਾਂ ਨੂੰ ਔਂਤਰੇ ਹੋਣ ਦਾ ਮੇਹਣਾ ਵੀ ਮਾਰ ਦਿੰਦੇ ਸਨ।ਪਿੰਡ ਵਾਲਿਆਂ ਦੇ ਮੇਹਣਿਆਂ ਤੋਂ ਤੰਗ ਆ ਕੇ ਦੋਵਾਂ ਜੀਆਂ ਨੇ ਭਗਵਾਨ ਰਾਮ ਚੰਦਰ ਦੇ ਮੰਦਰ ਵਿਚ ਜਾ ਕੇ ਪੁੱਤਰ ਦੇ ਵਰ ਲਈ ਬੇਨਤੀ ਕੀਤੀ।ਰਾਮਦਾਸ ਅਤੇ ਜਾਨਕੀ ਦੇਵੀ ਦੁਆਰਾ ਕੀਤੀ ਗਈ ਇਹ ਬੇਨਤੀ ਪ੍ਰਵਾਨ ਹੋ ਗਈ ਜਿਸ ਦੀ ਬਾਦੌਲਤ ਉਨ੍ਹਾਂ ਦੇ ਗ੍ਰਹਿ ਵਿਖੇ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਨਰਾਇਣਦਾਸ ਰੱਖਿਆ ਗਿਆ।ਮਾਤਾ ਪਿਤਾ ਨੂੰ ਪੁੱਤਰ ਦੇ ਜਨਮ ਦੀ ਖ਼ੁਸ਼ੀ ਤਾਂ ਹੋਈ ਪਰ ਕੁੱਝ ਸਮੇਂ ਬਾਅਦ ਇਹ ਖ਼ੁਸ਼ੀ ਅੱਧੀ ਹੀ ਰਹਿ ਗਈ ਕਿਉਂਕਿ ਜਿਸ ਪੁੱਤਰ ਦਾ ਜਨਮ ਉਨ੍ਹਾਂ ਦੇ ਘਰ ਹੋਇਆ ਸੀ ਉਹ ਦੋਵਾਂ ਨੇਤਰਾਂ ਤੋਂ ਹੀਣਾ ਸੀ।ਨਰਾਇਣਦਾਸ ਦੇ ਨੇਤਰਹੀਣ ਹੋਣ ਕਰਕੇ ਉਸ ਦੀ ਪਾਲਣਾ ਲਈ ਵਧੇਰੇ ਦੇਖਭਾਲ ਅਤੇ ਪਿਆਰ ਦੀ ਲੋੜ ਸੀ ਜਿਸ ਵਿਚ ਉਨ੍ਹਾਂ ਨੇ ਕੋਈ ਕਮੀ ਨਹੀਂ ਆਉਣ ਦਿੱਤੀ।ਕਰਨੀ ਰੱਬ ਦੀ ਨਰਾਇਣਦਾਸ ਦੀ ਦੇਖਭਾਲ ਅਤੇ ਪਿਆਰ ਦਾ ਇਹ ਸਿਲਸਲਾ ਬਹੁਤੀ ਦੇਰ ਨਾ ਚੱਲ ਸਕਿਆ ਕਿਉਂਕਿ ਉਹ ਅਜੇ ਪੰਜ ਕੁ ਸਾਲ ਦਾ ਹੀ ਹੋਇਆ ਸੀ ਕਿ ਮਾਤਾ-ਪਿਤਾ ਦੋਵੇਂ ਹੀ ਅੱਖਾਂ ਮੀਟ ਗਏ।ਮਾਤਾ-ਪਿਤਾ ਦੇ ਇਸ ਤਰ੍ਹਾਂ ਅਚਾਨਕ ਤੁਰ ਜਾਣ ‘ਤੇ ਬਾਲਕ ਨਰਾਇਣਦਾਸ ਇਕੱਲਾ ਰਹਿ ਗਿਆ।ਆਪਣੀ ਇਸ ਇਕੱਲਤਾ ਤੋਂ ਘਬਰਾਉਣ ਦੀ ਬਜਾਏ ਉਸ ਨੇ ਇਸ ਨੂੰ ਭਗਵਾਨ ਰਾਮ ਚੰਦਰ ਜੀ ਨੂੰ ਸਮਰਪਿਤ ਕਰ ਦਿੱਤਾ।ਉਹ ਨਿੱਤਨੇਮ ਨਾਲ ਮੰਦਰ ਵਿਚ ਜਾਂਦਾ ਅਤੇ ਆਪਣੇ ਤਨ ਤੇ ਮਨ ਨੂੰ ਪ੍ਰਭੂ-ਭਗਤੀ ਵਿਚ ਰੰਗ ਲੈਂਦਾ।ਮੰਨਿਆ ਜਾਂਦਾ ਹੈ ਕਿ ਉਸ ਦੀ ਇਸ ਭਗਤੀ ਨੇ ਬਚਪਨ ਵਿਚ ਹੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ।ਜਦੋਂ ਉਹ ਗੋਦਾਵਰੀ ਦੇ ਕਿਨਾਰੇ ‘ਤੇ ਆਪਣੇ ਹਾਣੀਆਂ ਨਾਲ ਖੇਡਣ ਜਾਂਦਾ ਤਾਂ ਉਹ ਨਦੀ ਵਿਚਲੀ ਰੇਤ ਦੇ ਲੱਡੂ ਬਣਾਉਣ ਲੱਗ ਪੈਂਦਾ।ਖੇਡਦਿਆਂ-ਖੇਡਦਿਆਂ ਜਦੋਂ ਉਸ ਦੀ ਬਿਰਤੀ ਭਗਵਾਨ ਨਾਲ ਜੁੜ ਜਾਂਦੀ ਤਾਂ ਇਹ ਲੱਡੂ ਅਸਲੀ ਮਠਿਆਈ ਦਾ ਰੂਪ ਧਾਰਨ ਕਰ ਲੈਂਦੇ। ਇੱਕ ਦਿਨ ਬਾਲਕ ਨਰਾਇਣ ਦਾਸ ਇੱਕ ਦਰਖ਼ਤ ਦੇ ਹੇਠ ਪ੍ਰਭੂ-ਭਗਤੀ ਵਿਚ ਲੀਨ ਬੈਠਾ ਸੀ ਕਿ ਉਸ ਦੇ ਕੋਲ ਦੀ ਸੰਤ ਅਗਰਦਾਸ ਅਤੇ ਕੀਲਦਾਸ ਜੀ ਲੰਘੇ।ਇਹ ਦੋਵੇਂ ਸੰਤ ਆਪਣੇ ਸਮੇਂ ਦੇ ਪਹੁੰਚੇ ਹੋਏ ਸੰਤ ਸਨ।ਅੰਤਰ ਧਿਆਨ ਹੋਏ ਬਾਲਕ ਨੇੜੇ ਜਾ ਕੇ ਇਨ੍ਹਾਂ ਸੰਤਾਂ ਨੇ ਪੁੱਛਿਆ-
‘ਹੇ ਬਾਲਕ! ਤੂੰ ਕੌਣ ਹੈਂ ਅਤੇ ਇੱਥੇ ਕੀ ਕਰ ਰਿਹਾ ਹੈਂ?’
‘ਮੈਂ ਪ੍ਰਭੂ ਦੁਆਰਾ ਬਣਾਇਆ ਹੋਇਆ ਪੰਜ ਤੱਤਾਂ ਦਾ ਪੁਤਲਾ ਹਾਂ ਅਤੇ ਉਸ ਦੀ ਯਾਦ ਵਿਚ ਮਗਨ ਹੋਇਆ ਬੈਠਾ ਹਾਂ।’ ਬਾਲਕ ਨੇ ਜੁਆਬ ਦਿੱਤਾ।
ਇੱਕ ਛੋਟੇ ਜਿਹੇ ਬਾਲਕ ਕੋਲੋਂ ਬਹੁਤ ਡੂੰਘਾ ਅਤੇ ਰਮਜ਼ ਭਰਿਆ ਜਵਾਬ ਸੁਣ ਕੇ ਦੋਵੇਂ ਸੰਤ ਬਹੁਤ ਹੈਰਾਨ ਹੋਏ।ਇਸ ਹੈਰਾਨੀ ਦੇ ਨਾਲ-ਨਾਲ ਉਨ੍ਹਾਂ ਨੂੰ ਕੁੱਝ ਪ੍ਰਸੰਨਤਾ ਵੀ ਹੋਈ।ਇਸ ਪ੍ਰਸੰਨਤਾ ਵੱਸ ਉਨ੍ਹਾਂ ਨੇ ਨਰਾਇਣ ਦਾਸ ਨੂੰ ਆਪਣੇ ਨਾਲ ਲੈ ਜਾਣ ਦੀ ਇੱਛਾ ਪ੍ਰਗਟ ਕੀਤੀ ਪਰ ਉਸ ਨੇ ਕਿਹਾ ਕਿ ਉਹ ਨੇਤਰਹੀਣ ਹੋਣ ਕਰਕੇ ਕਿਧਰੇ ਜਾ ਨਹੀਂ ਸਕਦਾ।ਉਸ ਦੀ ਇਹ ਗੱਲ ਸੁਣ ਕੇ ਸੰਤ ਕੀਲ ਦਾਸ ਨੇ ਆਪਣੇ ਹੱਥਾਂ ਨਾਲ ਜਲ ਦੇ ਕੁੱਝ ਛਿੱਟੇ ਬਾਲਕ ਨਰਾਇਣ ਦਾਸ ਦੇ ਨੇਤਰਾਂ ‘ਤੇ ਮਾਰੇ ਜਿਸ ਨਾਲ ਉਸ ਨੂੰ ਸਾਫ਼ ਦਿਖਾਈ ਦੇਣ ਲੱਗ ਪਿਆ। ਸੰਤਾਂ ਦੀ ਕਿਰਪਾ ਨਾਲ ਹੁਣ ਨਰਾਇਣ ਦਾਸ ਨੂੰ ਇੱਕ ਨਵੀਂ ਰੋਸ਼ਨੀ ਮਿਲ ਚੁੱਕੀ ਸੀ।ਇਸ ਰੋਸ਼ਨੀ ਸਦਕਾ ਉਹ ਹੁਣ ਉਨ੍ਹਾਂ ਸੰਤਾਂ ਦੇ ਨਾਲ ਹੀ ਹੋ ਤੁਰਿਆ।ਮੰਜ਼ਿਲਾਂ ਨੂੰ ਮਾਰਦੇ ਹੋਏ ਇਹ ਸੰਤ ਉਸ ਨੂੰ ਜੈਪੁਰ (ਰਾਜਸਥਾਨ) ਸ਼ਹਿਰ ਦੇ ਘਲਟਾ ਧਾਮ ਵਿਖੇ ਲੈ ਆਏ। ਧਾਮ ਵਿਖੇ ਪਹੁੰਚ ਕੇ ਨਰਾਇਣ ਦਾਸ ਨੇ ਸੰਤ ਅਗਰਦਾਸ ਅੱਗੇ ਬੇਨਤੀ  ਕੀਤੀ ਉਸ ਨੂੰ ਧਾਮ ਦੀ ਕੋਈ ਪੱਕੀ ਸੇਵਾ/ਜ਼ਿੰਮੇਵਾਰੀ ਸੌਂਪ ਦਿੱਤੀ ਜਾਵੇ।ਉਸ ਦੀ ਸੇਵਾ-ਭਾਵਨਾ ਨੂੰ ਦੇਖਦਿਆਂ ਸੰਤ ਜੀ ਨੇ ਕਿਹਾ ਕਿ ਜਦੋਂ ਮੈਂ ਸਤਿਸੰਗ ਵਿਚ ਆਈ ਸੰਗਤ ਨੂੰ ਉਪਦੇਸ਼ ਕਰਾਂ ਤਾਂ ਤੂੰ ਹੱਥ-ਪੱਖਾ ਝਲਣ ਦੀ ਸੇਵਾ ਕਰਿਆ ਕਰ।ਗੁਰੂੁ ਦਾ ਹੁਕਮ ਪਾ ਕੇ ਨਰਾਇਣ ਦਾਸ ਨੇ ਇਸ ਸੇਵਾ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ। ਇੱਕ ਦਿਨ ਸੰਤ ਅਗਰਦਾਸ ਜੀ ਦਾ ਸਤਿਸੰਗ ਚੱਲ ਰਿਹਾ ਸੀ।ਸੰਤ ਜੀ  ਬਚਨ ਭਾਵੇਂ ਕਰ ਰਹੇ ਸਨ ਪਰ ਅੱਜ ਉਨ੍ਹਾਂ ਦੇ ਉਪਦੇਸ਼ ਵਿਚ ਪਹਿਲਾਂ ਵਰਗੀ ਗੱਲ ਨਹੀਂ ਬਣ ਰਹੀ ਸੀ।ਇਸ ਦਾ ਕਾਰਨ ਇਹ ਸੀ ਉਨ੍ਹਾਂ ਦੇ ਇੱਕ ਪਰਮ-ਸੇਵਕ ਦਾ ਵਪਾਰਕ-ਬੇੜਾ ਸਮੁੰਦਰੀ ਤੁਫ਼ਾਨ ਵਿਚ ਘਿਰ ਚੱੁਕਾ ਸੀ ਅਤੇ ਉਹ ਇਸ ਬੇੜੇ ਨੂੰ ਪਾਰ ਲਗਾਉਣ ਲਈ ਸੰਤ ਜੀ ਨੂੰ ਬੇਨਤੀ ਕਰ ਰਿਹਾ ਸੀ।ਸੰਤ ਅਗਰਦਾਸ ਦੀ ਬਿਰਤੀ ਉਸ ਬੇਨਤੀ ਨਾਲ ਜੁੜ ਜਾਣ ਕਾਰਨ ਉਨ੍ਹਾਂ ਦੇ ਉਪਦੇਸ਼ ਉੱਖੜ ਰਹੇ ਸਨ।ਨਰਾਇਣ ਦਾਸ ਨੇ ਆਪਣੇ ਅੰਦਰ ਦੀ ਰੋਸ਼ਨੀ ਨਾਲ ਆਪਣੇ ਗੁਰੁੂ ਦੀ ਬੇਚੈਨੀ ਨੂੰ ਮਹਿਸੂਸ ਕਰ ਲਿਆ ਅਤੇ ਆਪਣੇ ਪੱਖੇ ਦੀ ਗਤੀ ਨੂੰ ਤੇਜ ਕਰ ਦਿੱਤਾ।ਇਸ ਨਾਲ ਉਸ ਸੇਵਕ ਦਾ ਫਸਿਆ ਹੋਇਆ ਬੇੜਾ ਬੰਨੇ ਲੱਗ ਗਿਆ।ਇਸ ਦੇ ਨਾਲ ਹੀ ਉਨ੍ਹਾਂ ਨੇ ਗੁਰੁੂ ਅਗਰਦਾਸ ਨੂੰ ਆਖ ਦਿੱਤਾ ਕਿ ਉਹ ਆਪਣੇ ਉਪਦੇਸ਼ ਨੂੰ ਜਾਰੀ ਰੱਖਣ ਕਿਉਂਕਿ ਸੇਵਕ ਆਸ/ਅਰਦਾਸ ਪੂਰੀ ਹੋ ਚੁੱਕੀ ਹੈ। ਨਰਾਇਣ ਦਾਸ ਦੀ ਇਸ ਉੱਚੀ ਤੇ ਸੁੱਚੀ ਪਹੁੰਚ ਤੋਂ ਪ੍ਰਸੰਨਚਿੱਤ ਹੋ ਕੇ ਗੁਰੂੁ ਅਗਰਦਾਸ ਨੇ ਉਸ ਦੇ ਹੱਥੋਂ ਹੱਥ-ਪੱਖ ਫੜ੍ਹ ਲਿਆ ਅਤੇ ਬਚਨ ਕੀਤਾ ਕਿ ਹੁਣ ਤੂੰ ਅੰਦਰ ਦੀਆਂ ਜਾਣਨ ਲੱਗ ਗਿਆ ਹੈਂ,ਜੋ ਕਿ ਇੱਕ ਮਹਾਨ ਅਤੇ ਪਵਿੱਤਰ ਆਤਮਾ ਵਾਲਾ ਸੰਤ ਹੀ ਕਰ ਸਕਦਾ ਹੈ।ਅੱਜ ਤੋਂ ਤੇਰਾ ਨਾਮ ਨਰਾਇਣ ਦਾਸ ਤੋਂ ਨਾਭਾ ਦਾਸ ਹੋਇਆ।ਹੁਣ ਤੂੰ ਪੱਖਾ ਫੇਰਨ ਦੀ ਸੇਵਾ ਨਹੀਂ ਕਰਨੀ ਸਗੋਂ ਉਨ੍ਹਾਂ ਸੰਤਾਂ-ਮਹਾਤਮਾਂ ਦਾ ਜੀਵਨ-ਇਤਹਾਸ ਲਿਖਣਾ ਹੈ ਜਿਹੜੇ ਸਤਿਯੁੱਗ ਤੋਂ ਲੈ ਕੇ ਕਲਿਯੁੱਗ ਤੱਕ ਇਸ ਧਰਤੀ ਉਪਰ ਆਉਂਦੇ ਰਹੇ ਹਨ ਅਤੇ ਲੋਕਾਈ ਦੇ ਕਲਿਆਣ ਹਿੱਤ ਕਾਰਜ ਕਰਦੇ ਰਹੇ ਹਨ।ਇਸ ਦਿਨ ਤੋਂ ਬਾਅਦ ਗੋਸਵਾਮੀ ਨਾਭਾ ਦਾਸ ਜੀ ਨੇ ਧਾਰਮਿਕ ਉਪਦੇਸ਼ ਦੇਣ ਦੇ ਨਾਲ-ਨਾਲ ਲੇਖਣੀ ਦੀ ਸੇਵਾ ਵੀ ਸੰਭਾਲ ਲਈ ਅਤੇ ਕਈ ਮਹਾਨ ਧਾਰਮਿਕ ਗ੍ਰੰਥਾਂ ਦੀ ਰਚਨਾ ਕੀਤੀ ਜਿਨ੍ਹਾਂ ਵਿਚੋਂ ‘ਭਗਤਮਾਲਾ’ ਨਾਮ ਦਾ ਗ੍ਰੰਥ ਵਰਨਣਯੋਗ ਹੈ।
ਰਮੇਸ਼ ਬੱਗਾ ਚੋਹਲਾ   
ਮੋ. ੯੪੬੩੧੩੨੭੧੯