ਰਜਿ: ਨੰ: PB/JL-124/2018-20
RNI Regd No. 23/1979

ਜੇ ਕਿਸਾਨ ਅੰਦੋਲਨ ਨਾਲ ਕੋਰੋਨਾ ਫੈਲਦਾ ਹੈ ਤਾਂ ਚੋਣ ਰੈਲੀਆਂ ਨਾਲ ਕਿਉ ਨਹੀਂ?
 
BY admin / April 07, 2021
ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਦੇ ਕੇਸਾਂ ਵਿੱਚ ਹੋਏ ਵਾਧੇ ਲਈ ਕਿਸਾਨਾਂ ਦੇ ਅੰਦੋਲਨ ਅਤੇ ਪਿਛਲੇ ਦਿਨੀਂ ਹੋਈਆਂ ਨਗਰ ਕੌਂਸਲ ਚੋਣਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਦੇ ਕਹਿਣ ਦਾ ਭਾਵ ਹੈ ਕਿ ਕਿਸਾਨਾਂ ਵਲੋਂ ਕੀਤੇ ਜਾ ਰਹੇ ਧਰਨੇ ਪ੍ਰਦਰਸ਼ਨ ਅਤੇ ਮਹਾਂ ਪੰਚਾਇਤਾਂ ਕਾਰਣ ਕੋਰੋਨਾ ਦੇ ਕੇਸਾਂ ਵਿੱਚ ਵਾਧਾ ਹੋਇਆ ਹੈ। ਇਸੇ ਤਰ੍ਹਾਂ ਕੌਂਸਲ ਚੋਣਾਂ ਦੌਰਾਨ ਵੀ ਲੋਕਾਂ ਨੇ ਜ਼ਰੂਰੀ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਅਤੇ ਬਿਮਾਰੀ ਤੇਜ਼ੀ ਨਾਲ ਫੈਲੀ। ਇਥੇ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਲੋਕਾਂ ਦਾ ਜਮਾਉੜਾ ਬਿਮਾਰੀ ਫੈਲਣ ਦਾ ਮੁੱਖ ਕਾਰਣ ਹੈ ਤਾਂ ਜਿਨ੍ਹਾਂ 5 ਰਾਜਾਂ ਵਿੱਚ ਚੋਣਾਂ ਹੋ ਰਹੀਆਂ ਹਨ ਉਥੇ ਬਿਮਾਰੀ ਫੈਲਣ ਦਾ ਖ਼ਤਰਾ ਕਿਉ ਨਹੀਂ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ, ਜਿਨ੍ਹਾਂ ਵਿੱਚ ਲੋਕਾਂ ਦਾ ਸੈਲਾਬ ਵੇਖਣ ਨੂੰ ਮਿਲਦਾ ਹੈ, ਉਨ੍ਹਾਂ ਬਾਰੇ ਵੀ ਹਰਸ਼ਵਰਧਨ ਨੂੰ ਬੋਲਣਾ ਚਾਹੀਦਾ ਹੈ। ਮਮਤਾ ਬੈਨਰਜੀ ਦੇ ਜਲਸਿਆਂ ਵਿੱਚ ਲੋਕਾਂ ਦਾ ਵਿਸ਼ਾਲ ਹਜੂਮ ਵੀ ਸਵਾਲਾਂ ਦੇ ਘੇਰੇ ਵਿੱਚ ਆਉਦਾ ਹੈ। ਵੱਖ-ਵੱਖ ਰਾਜਾਂ ਵਿੱਚ ਉਥੋਂ ਦੀਆਂ ਸਰਕਾਰਾਂ ਅਤੇ ਵਿਰੋਧੀ ਪਾਰਟੀਆਂ ਵਲੋਂ ਕਈ ਅਜਿਹੇ ਪੋ੍ਰਗਰਾਮ ਕੀਤੇ ਜਾਂਦੇ ਹਨ ਜਿਥੇ ਵੱਡੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਵੇਖਣ ਨੂੰ ਮਿਲਦਾ ਹੈ। ਨਿਰਸੰਦੇਹ ਇਹ ਚਿੰਤਾ ਦੀ ਗੱਲ ਹੈ ਪਰ ਪੰਜਾਬ ਬਾਰੇ ਖ਼ਾਸ ਤੌਰ ’ਤੇ ਕਹਿਣਾ ਕਿ ਕਿਸਾਨਾਂ ਦੇ ਅੰਦੋਲਨ ਅਤੇ ਚੋਣਾਂ ਕਾਰਣ ਬਿਮਾਰੀ ਵਿੱਚ ਵਾਧਾ ਹੋਇਆ, ਇਸ ਵਿਚੋਂ ਹਰਸ਼ਵਰਧਨ ਦੀ ਪੰਜਾਬ ਪ੍ਰਤੀ ਨਕਾਰਾਤਮਕ ਸੋਚ ਝਲਕਦੀ ਹੈ। ਭਾਵੇਂ ਕਿ ਇਹ ਪੰਜਾਬ ਸਰਕਾਰ ਅਤੇ ਇਥੋਂ ਦੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ ਪਰ ਕਿਸਾਨ ਅੰਦੋਲਨ ਨੂੰ ਇਸਦੇ ਲਈ ਨਿਸ਼ਾਨਾ ਬਣਾਉਣਾ, ਕੇਂਦਰ ਸਰਕਾਰ ਦੀ ਕਿਸਾਨਾਂ ਪ੍ਰਤੀ ਬਦਨੀਅਤ ਨੂੰ ਦਰਸਾਉਦਾ ਹੈ। ਜੇਕਰ ਸਰਕਾਰ ਕੋਰੋਨਾ ਬਾਰੇ ਚਿੰਤਤ ਹੈ ਤਾਂ ਉਸ ਨੂੰ ਆਪਣੇ ਜਲਸੇ ਅਤੇ ਰੈਲੀਆਂ ਬੰਦ ਕਰਨੀਆਂ ਚਾਹੀਦੀਆਂ ਹਨ। ਲੋਕ ਜਦ ਦੂਜਿਆਂ ਨੂੰ ਖ਼ਾਸ ਤੌਰ ’ਤੇ ਸਰਕਾਰ ਨੂੰ ਦਿਸ਼ਾ ਨਿਰਦੇਸ਼ਾਂ ਦੀਆਂ ਧੱਜੀਆਂ ਉਡਾਉਦਿਆਂ ਵੇਖਦੇ ਹਨ ਤਾਂ ਉਹ ਵੀ ਹਰਕਤ ਵਿੱਚ ਆ ਜਾਂਦੇ ਹਨ। ਅਜਿਹੀ ਸੂਰਤ ਵਿੱਚ ਲੋਕਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਕਿਉਕਿ ਕਿਸਾਨ ਅੰਦੋਲਨ ਵਿੱਚ ਪੰਜਾਬ ਮੋਹਰੀ ਹੈ ਇਸ ਲਈ ਸਿਹਤ ਮੰਤਰੀ ਕਿਸਾਨਾਂ ਨੂੰ ਕੋਰੋਨਾ ਦੇ ਫੈਲਾਅ ਨਾਲ ਜੋੜਕੇ ਉਨ੍ਹਾਂ ਦੇ ਅੰਦੋਲਨ ਨੂੰ ਗਲਤ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜੇਕਰ ਆਮ ਲੋਕਾਂ ਦੀ ਗੱਲ ਕਰੀਏ ਤਾਂ ਲੋਕ ਕਿਸ ਹੱਦ ਤੱਕ ਹਦਾਇਤਾਂ ਉਪਰ ਅਮਲ ਕਰ ਰਹੇ ਹਨ ਇਸਦਾ ਅੰਦਾਜ਼ਾ ਪੁਲਿਸ ਵਲੋਂ ਉਨ੍ਹਾਂ ਨੂੰ ਕੀਤੇ ਜਾ ਰਹੇ ਜੁਰਮਾਨੇ ਤੋਂ ਲਗਾਇਆ ਜਾ ਸਕਦਾ ਹੈ। ਅੱਜ ਦੀ ਤਾਰੀਖ਼ ਵਿੱਚ ਦੇਸ਼ ਦੇ 11 ਰਾਜਾਂ ਵਿੱਚ ਕੋਰੋਨਾ ਦਾ ਬਹੁਤ ਜ਼ੋਰ ਹੈ। ਕੁੱਲ ਕੇਸਾਂ ’ਚੋਂ 54 ਫੀਸਦੀ ਕੇਸ ਇਨ੍ਹਾਂ ਸੂਬਿਆਂ ਵਿਚੋਂ ਆ ਰਹੇ ਹਨ। ਇਸੇ ਤਰ੍ਹਾਂ 65 ਫੀਸਦੀ ਮੌਤਾਂ ਵੀ ਇਨ੍ਹਾਂ ਰਾਜਾਂ ਵਿੱਚ ਹੋ ਰਹੀਆਂ ਹਨ। ਸਭ ਤੋਂ ਜ਼ਿਆਦਾ ਪ੍ਰਭਾਵਤ ਸੂਬੇ ਮਹਾਰਾਸ਼ਟਰ, ਪੰਜਾਬ, ਹਰਿਆਣਾ, ਦਿੱਲੀ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਆਦਿ ਹਨ। ਸਰਕਾਰ ਵਲੋਂ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਉਣ ਦੀ ਮੁਹਿੰਮ ਵਿੱਚ ਭਾਵੇਂ ਤੇਜ਼ੀ ਲਿਆਂਦੀ ਗਈ ਹੈ ਫਿਰ ਵੀ ਦੇਸ਼ ਦੀ ਆਬਾਦੀ ਦੇ ਹਿਸਾਬ ਨਾਲ ਸਾਰੇ ਲੋਕਾਂ ਨੂੰ ਟੀਕਾ ਲਗਾਉਣ ਵਿੱਚ ਕਈ ਸਾਲ ਲੱਗ ਜਾਣਗੇ। ਉਧਰ ਟੀਕੇ ਦੀ ਗੁਣਵੱਤਾ ਨੂੰ ਲੈ ਕੇ ਡਾਕਟਰਾਂ ਅਤੇ ਸਿਹਤ ਵਿਗਿਆਨੀਆਂ ਵਿਚਕਾਰ ਬਹਿਸ ਛਿੜ ਗਈ ਹੈ। ਇਨ੍ਹਾਂ ਵਿਚੋਂ ਕਈਆਂ ਦਾ ਕਹਿਣਾ ਹੈ ਕਿ ਟੀਕਾ ਸਹੀ ਇਲਾਜ ਹੈ ਜਦ ਕਿ ਇੱਕ ਹਿੱਸੇ ਦਾ ਮੰਨਣਾ ਹੈ ਕਿ ਟੀਕਾ ਸਹੀ ਇਲਾਜ ਨਹੀਂ ਅਤੇ ਇਸ ਵਿੱਚ ਖ਼ਾਮੀਆਂ ਹਨ। ਇਸ ਦੌਰਾਨ ਰਾਹਤ ਦੀ ਖ਼ਬਰ ਇਹ ਹੈ ਕਿ ਅਪੈ੍ਰਲ ਦੇ ਬਾਅਦ ਮਹਾਂਮਾਰੀ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਸਕਦੀ ਹੈ। ਡਾਕਟਰਾਂ ਦੇ ਅੰਦਾਜ਼ੇ ਅਤੇ ਤਰਕ ਸਹੀ ਹਨ ਜਾਂ ਨਹੀਂ ਇਹ ਬਾਅਦ ਦੀ ਗੱਲ ਹੈ ਪਰ ਲੋਕਾਂ ਨੂੰ ਆਪਣੇ ਤੌਰ ’ਤੇ ਹਰ ਹਾਲ ਵਿੱਚ ਚੌਕਸ ਰਹਿਣਾ ਹੋਵੇਗਾ। ਹਰਸ਼ਵਰਧਨ ਜਿਸ ਪੁਜੀਸ਼ਨ ਉਪਰ ਹਨ ਉਸ ਪੁਜੀਸ਼ਨ ਉਪਰ ਆਸੀਨ ਮੰਤਰੀ ਦਾ ਫ਼ਰਜ਼ ਹੈ ਕਿ ਉਹ ਬਿਨਾਂ ਕਿਸੇ ਪੱਖਪਾਤ ਦੇ ਲੋਕਾਂ ਨੂੰ ਅਸਲ ਹਾਲਾਤ ਬਾਰੇ ਦੱਸੇ। ਇਹ ਲੋਕਾਂ ਦੀ ਸਿਹਤ ਦਾ ਸਵਾਲ ਹੈ ਅਤੇ ਸਿਹਤ ਦੇ ਮਾਮਲੇ ਵਿੱਚ ਪੱਖਪਾਤ ਉਚਿਤ ਨਹੀਂ। ਕਿਸਾਨਾਂ ਦੇ ਅੰਦੋਲਨ ਨੂੰ ਖ਼ਾਸ ਤੌਰ ’ਤੇ ਮਹਾਂਮਾਰੀ ਦੇ ਉਭਾਰ ਦਾ ਕਾਰਣ ਦੱਸਣਾ ਉਸ ਵੇਲੇ ਗਲਤ ਨਜ਼ਰ ਆਉਦਾ ਹੈ ਜਦ ਪੱਛਮੀ ਬੰਗਾਲ ਵਿੱਚ ਲੱਖਾਂ ਲੋਕਾਂ ਦੇ ਇਕੱਠ ਨੂੰ ਲੀਡਰ ਸੰਬੋਧਨ ਕਰਦੇ ਹਨ। ਹੁਣ ਜਦ ਚਾਰ ਰਾਜਾਂ ਵਿੱਚ ਚੋਣਾਂ ਖ਼ਤਮ ਹੋ ਗਈਆਂ ਹਨ ਇਸ ਲਈ ਇਹ ਸੋਚ ਕੇ ਲੋਕ ਰਾਹਤ ਮਹਿਸੂਸ ਕਰ ਸਕਦੇ ਹਨ ਕਿ ਇਨ੍ਹਾਂ ਰਾਜਾਂ ਵਿੱਚ ਬਿਮਾਰੀ ਦੇ ਫੈਲਣ ਦਾ ਖ਼ਤਰਾ ਘਟ ਗਿਆ ਪਰ ਬੰਗਾਲ ਵਿੱਚ ਹਾਲੇ 5 ਗੇੜਾਂ ਦੀਆਂ ਚੋਣਾਂ ਬਾਕੀ ਹਨ। ਕੀ ਸਿਹਤ ਮੰਤਰੀ ਬੰਗਾਲ ਬਾਰੇ ਆਪਣੀ ਰਾਏ ਦੇਣਾ ਮੁਨਾਸਬ ਸਮਝਣਗੇ?