1978 ਦੀ ਵਿਸਾਖੀ ਮੌਕੇ ਸ਼ਹੀਦ ਹੋਏ 13 ਸਿੰਘਾਂ ਦੀ ਯਾਦ ’ਚ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਮਾਰਚ’ ਕੱਢਣ ਦਾ ਐਲਾਨ
ਅ੍ਰੰਮਿਤਸਰ 7 ਅਪ੍ਰੈਲ (ਨਿਰਮਲ ਸਿੰਘ ਚੋਹਾਨ) ਅੰਮਿ੍ਰਤਸਰ ਦੀ ਪਾਵਨ ਧਰਤੀ ਤੇ 1978 ਦੀ ਵਿਸਾਖੀ ਵਾਲੇ ਦਿਨ ਵਾਪਰੇ 13 ਸਿੰਘਾਂ ਦੇ ਸ਼ਹੀਦੀ ਸਾਕੇ ਦੀ ਯਾਦ ਨੂੰ ਸਮਰਪਿਤ’ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਮਾਰਚ ‘13 ਅਪ੍ਰੈਲ ਮੰਗਲ਼ਵਾਰ ਨੂੰ ਕੱਢਣ ਦਾ ਫੈਸਲਾ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ ਲਿਆ ਗਿਆ ਹੈ। ਇਹ ਮਾਰਚ ਗੁਰਦੁਆਰਾ ਸ਼ਹੀਦ ਗੰਜ ਬੀ ਬਲਾਕ ਰੇਲਵੇ ਕਲੋਨੀ ਤੋਂ ਸਵੇਰੇ 11 ਵਜੇ ਪੰਜ ਸਿੰਘਾਂ ਦੀ ਅਗਵਾਈ ਵਿੱਚ ਆੰਰਭ ਹੋਵੇਗਾ ਤੇ ਵੱਖ ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਉਪਰੰਤ ਸਮਾਪਤ ਹੋਵੇਗਾ ਜਿੱਥੇ 13 ਸ਼ਹੀਦ ਸਿੰਘਾਂ ਦੇ ਪਰਵਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਮਾਰਚ ਦੌਰਾਨ ਰਸਤੇ ਵਿੱਚ ਗੁਰਬਾਣੀ ਕੀਰਤਨ ਰਾਹੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਮਾਰਚ ਸ਼ਾਤਮਈ ਤੇ ਮਰਿਯਾਦਾ ਵਿੱਚ ਹੋਵੇਗਾ। ਹਵਾਰਾ ਕਮੇਟੀ ਨੇ ਸਪਸ਼ਟ ਕੀਤਾ ਕਿ 13 ਸ਼ਹੀਦ ਸਿੰਘ ਕੌਮ ਦੇ ਸਾਂਝੇ ਹਨ ਇਸ ਲਈ ਮਾਰਚ ਸਮੁੱਚੇ ਖਾਲਸਾ ਪੰਥ ਦਾ ਹੈ ਜਿਸ ਵਿੱਚ ਸਮੁਹ ਜਥੇਬੰਦੀਆਂ ਨੂੰ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ। ਮੀਟਿੰਗ ਵਿੱਚ ਵਿਚਾਰਾਂ ਹੋਈਆ ਕਿ 1978 ਦਾ ਸ਼ਹੀਦੀ ਸਾਕਾ ਮੌਜੂਦਾ ਸੰਘਰਸ਼ ਦਾ ਮੁੱਢ ਹੈ ਤੇ ਉਸ ਸਮੇਂ ਦੀ ਸ਼ਹੀਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਤੇ ਸਤਿਕਾਰ ਬਹਾਲ ਰੱਖਣ ਲਈ ਕੀਤੀ ਗਈ ਸੀ। ਜ਼ਿਕਰ ਯੋਗ ਹੈ ਇਸ ਸਾਕੇ ਵਿੱਚ ਸ਼ਹੀਦ ਹੋਣ ਵਾਲੇ ਸਿੰਘਾਂ ਦੀ ਅਗਵਾਈ ਅਖੰਡ ਕੀਰਤਨੀ ਜੱਥੇ ਦੇ ਭਾਈ ਫੌਜਾ ਸਿੰਘ ਨੇ ਕੀਤੀ ਸੀ। ਬਾਦਲ ਸਰਕਾਰ ਨੇ ਨਕਲੀ ਨਿਰੰਕਾਰੀਆਂ ਨੂੰ ਅੰਮਿ੍ਰਤਸਰ ਵਿੱਖੇ ਵਿਸਾਖੀ ਸਮਾਗਮ ਦੀ ਪ੍ਰਵਾਨਗੀ ਦੇ ਕੇ ਸਿੱਖਾਂ ਦੀ ਭਾਵਨਾਵਾਂ ਨੂੰ ਭੜਕਾਇਆ ਸੀ।
ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੋਣ ਦੇ ਬਾਵਜੂਦ ਵੀ ਨਕਲੀ ਨਿੰਰਕਾਰੀਆਂ ਸਮੇਤ ਦੋਸ਼ੀ ਪੁਲਸ ਅਫਸਰਾਂ ਨੂੰ ਕੋਈ ਵੀ ਸਜ਼ਾ ਨਹੀਂ ਮਿਲ ਸਕੀ ਸੀ। ਅੱਜ ਲੋੜ ਹੈ ਪੰਥਕ ਜਥੇਬੰਦੀਆਂ ਇਕ ਦੂਸਰੇ ਨੂੰ ਸਹਿਯੋਗ ਦੇ ਕੇ ਆਪਣੇ ਸ਼ਾਨਾਮਤੇ ਇਤਿਹਾਸ ਤੋਂ ਮੌਜੂਦਾ ਪੀੜ੍ਹੀ ਨੂੰ ਜਾਣੂ ਕਰਵਾਉਣ। ਮੀਟਿੰਗ ਵਿੱਚ ਹਾਜ਼ਰ ਪ੍ਰੋਫੈਸਰ ਬਲਜਿੰਦਰ ਸਿੰਘ, ਪੰਜਾਂ ਸਿੰਘਾਂ ਚੋ ਭਾਈ ਸਤਨਾਮ ਸਿੰਘ ਝੰਝੀਆ, ਭਾਈ ਸਤਨਾਮ ਸਿੰਘ ਖੰਡਾਂ, ਭੁਪਿੰਦਰ ਸਿੰਘ ਭਲਵਾਨ ਜਰਮਨੀ, ਮਹਾਬੀਰ ਸਿੰਘ ਸੁਲਤਾਨਵਿੰਡ, ਰਘਬੀਰ ਸਿੰਘ ਭੁੱਚਰ, ਸੁਖਰਾਜ ਸਿੰਘ ਵੇਰਕਾ, ਮਾਸਟਰ ਬਲਦੇਵ ਸਿੰਘ, ਜਸਪਾਲ ਸਿੰਘ ਪੁਤਲੀਘਰ, ਨਰਿੰਦਰ ਸਿੰਘ ਗਿਲ਼, ਰਾਜ ਸਿੰਘ, ਮਨਮੋਹਨ ਸਿੰਘ, ਪਰਮਜੀਤ ਸਿੰਘ ਆਦਿ ਨੇ ਕਿਹਾ ਕਿ 1978 ਸਾਕਾ, 1986 ਨਕੋਦਰ ਸਾਕਾ ਤੇ 2015 ਦਾ ਬਹਿਬਲ ਕਲਾ ਘਟਨਾਵਾਂ ਬਾਦਲਾਂ ਦੇ ਚੇਹਰੇ ਤੇ ਕਲੰਕ ਹੈ ਤੇ ਇਤਿਹਾਸ ਦਾ ਹਿੱਸਾ ਬਣ ਚੁਕੀਆਂ ਹਨ।