ਰਜਿ: ਨੰ: PB/JL-124/2018-20
RNI Regd No. 23/1979

ਵਿਆਜ ਦਰਾਂ ’ਚ ਕੋਈ ਤਬਦੀਲੀ ਨਹੀਂ, ਰਿਜ਼ਰਵ ਬੈਂਕ ਨੂੰ 10.5% ਜੀਡੀਪੀ ਗ੍ਰੋਥ ਦੀ ਆਸ
 
BY admin / April 07, 2021
ਮੁੰਬਈ, 7 ਅਪ੍ਰੈਲ, (ਯੂ.ਐਨ.ਆਈ.)- ਆਰਬੀਆਈ ਨੇ ਰੈਪੋ ਰੇਟ ਤੇ ਰਿਵਰਸ ਰੈਪੋ ਰੇਟ ‘ਚ ਕੋਈ ਬਦਲਾਅ ਨਹੀਂ ਕੀਤਾ। ਆਰਬੀਆਈ ਦੇ ਗਵਰਨਰ ਨੇ ਅੱਜ ਕਿਹਾ ਕਿ ਰੈਪੋ ਰੇਟ 4% ਤੇ ਰਿਵਰਸ ਰੈਪੋ ਰੇਟ 3.35% ‘ਤੇ ਹੀ ਰਹੇਗੀ। ਇਸ ਦੇ ਨਾਲ ਆਰਬੀਆਈ ਗਵਰਨਰ ਨੇ ਸਾਲ 2021-22 ਲਈ 10.5% ਜੀਡੀਪੀ ਦਾ ਅਨੁਮਾਨ ਲਗਾਇਆ ਹੈ। ਮੁਦਰਾ ਨੀਤੀ ਪੇਸ ਕਰਦਿਆਂ ਆਰਬੀਆਈ ਦੇ ਗਵਰਨਰ ਨੇ ਕਿਹਾ, “ਕੋਰੋਨਾ ਦੇ ਬਾਵਜੂਦ ਦੇਸ ਦੀ ਆਰਥਿਕ ਸਥਿਤੀ ‘ਚ ਸੁਧਾਰ ਹੋ ਰਿਹਾ ਹੈ। ਦੇਸ਼ ‘ਚ ਜਿਸ ਤੇਜੀ ਨਾਲ ਮਾਮਲੇ ਵੱਧ ਰਹੇ ਹਨ, ਉਸ ਨਾਲ ਥੋੜੀ ਜਿਹੀ ਅਨਿਸਚਿਤਤਾ ਆਈ ਹੈ। ਪਰ ਭਾਰਤ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹੈ।“ ਜਕਿਰਯੋਗ ਹੈ ਕਿ 5 ਫਰਵਰੀ ਨੂੰ ਹੋਈ ਮੁਦਰਾ ਨੀਤੀ ਦੀ ਸਮੀਖਿਆ ‘ਚ ਰੈਪੋ ਰੇਟ ਅਤੇ ਰਿਵਰਸ ਰੈਪੋ ਰੇਟ ‘ਚ ਕੋਈ ਬਦਲਾਵ ਨਹੀਂ ਕੀਤਾ ਸੀ। ਉਸ ਸਮੇਂ ਵੀ ਰੈਪੋ 4% ਅਤੇ ਰਿਵਰਸ ਰੈਪੋ ਰੇਟ ਨੂੰ 3.35% ‘ਤੇ ਬਰਕਰਾਰ ਰੱਖਿਆ ਸੀ। ਬਾਜਾਰ ਮਾਹਿਰਾਂ ਵੱਲੋਂ ਪਹਿਲਾਂ ਹੀ ਇਸ ਦੇ ਸੰਕੇਤ ਦਿੱਤੇ ਗਏ ਸਨ। ਮਾਹਿਰਾਂ ਦਾ ਕਹਿਣਾ ਸੀ ਕਿ ਮੁਦਰਾ ਸਫੀਤੀ ਵਧਣ, ਸਰਕਾਰ ਦੇ ਮਹਿੰਗਾਈ ਦੇ ਟੀਚੇ ਦੇ ਦਾਇਰੇ ਨੂੰ ਪਹਿਲਾਂ ਦੀ ਤਰ੍ਹਾਂ ਬਣਾਈ ਰੱਖਣ (2 ਫੀਸਦੀ ਵਾਧੇ ਦੇ ਨਾਲ 4 ਫੀਸਦੀ ‘ਤੇ) ਅਤੇ ਕੋਵਿਡ-19 ਲਾਗ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦਿਆਂ ਰਿਜਰਵ ਮੁਦਰਾ ਨੀਤੀ ਦੇ ਮਾਮਲੇ ‘ਚ ਨਰਮ ਰੁਖ ਅਪਣਾਉਂਦਿਆਂ ਸਥਿਤੀ ਨੂੰ ਬਰਕਰਾਰ ਰੱਖ ਸਕਦਾ ਹੈ। ਆਰਬੀਆਈ ਜਿਸ ਰੇਟ ‘ਤੇ ਵਪਾਰਕ ਬੈਂਕਾਂ ਅਤੇ ਹੋਰ ਬੈਂਕਾਂ ਨੂੰ ਕਰਜਾ ਦਿੰਦਾ ਹੈ, ਨੂੰ ਰੈਪੋ ਰੇਟ ਕਿਹਾ ਜਾਂਦਾ ਹੈ। ਘੱਟ ਰੈਪੋ ਰੇਟ ਦਾ ਮਤਲਬ ਹੈ ਕਿ ਬੈਂਕ ਤੋਂ ਮਿਲਣ ਵਾਲੇ ਹਰੇਕ ਤਰ੍ਹਾਂ ਦੇ ਕਰਜੇ ਸਸਤੇ ਹੋ ਜਾਣਗੇ। ਇਸ ਨਾਲ ਤੁਹਾਡੀ ਜਮ੍ਹਾਂ ਰਕਮ ‘ਚ ਵਿਆਜ ਦਰ ‘ਚ ਵਾਧਾ ਹੋ ਜਾਂਦਾ ਹੈ। ਬੈਂਕਾਂ ਨੂੰ ਉਨ੍ਹਾਂ ਵੱਲੋਂ ਆਰਬੀਆਈ ‘ਚ ਜਮਾਂ ਰਕਮ ‘ਤੇ ਜਿਸ ਰੇਟ ‘ਤੇ ਵਿਆਜ ਮਿਲਦਾ ਹੈ, ਉਸ ਨੂੰ ਰਿਵਰਸ ਰੈਪੋ ਰੇਟ ਕਿਹਾ ਜਾਂਦਾ ਹੈ। ਬੈਂਕਾਂ ਕੋਲ ਰੱਖੀ ਗਈ ਵੱਧ ਨਕਦੀ ਰਿਜਰਵ ਬੈਂਕ ਕੋਲ ਜਮਾਂ ਕੀਤੀ ਜਾਂਦੀ ਹੈ। ਬੈਂਕਾਂ ਨੂੰ ਵੀ ਇਸ ‘ਤੇ ਵਿਆਜ ਵੀ ਮਿਲਦਾ ਹੈ। ਰੈਪੋ ਰੇਟ ਅਤੇ ਰਿਵਰਸ ਰੈਪੋ ਰੇਟ ਆਪਸ ‘ਚ ਜੁੜੇ ਹੋਏ ਹਨ। ਇਕ ਪਾਸੇ ਆਰਬੀਆਈ ਰਿਵਰਸ ਰੈਪੋ ਰੇਟ ਨੂੰ ਘਟਾ ਕੇ ਬੈਂਕਾਂ ਕੋਲ ਵੱਧ ਪੈਸਾ ਛੱਡਦਾ ਹੈ, ਤਾਂ ਜੋ ਉਹ ਵੱਧ ਕਰਜਾ ਦੇ ਸਕਣ। ਦੂਜੇ ਪਾਸੇ ਰੈਪੋ ਰੇਟ ਨੂੰ ਘਟਾ ਕੇ ਬੈਂਕਾਂ ਨੂੰ ਸਸਤੇ ਰੇਟ ‘ਤੇ ਕਰਜਾ ਦਿੱਤਾ ਜਾਂਦਾ ਹੈ, ਜਿਸ ਦਾ ਲਾਭ ਬੈਂਕ ਆਪਣੇ ਗ੍ਰਾਹਕਾਂ ਨੂੰ ਦਿੰਦੇ ਹਨ।