ਰਜਿ: ਨੰ: PB/JL-124/2018-20
RNI Regd No. 23/1979

ਕਿਸਾਨਾਂ ਨੇ ਕੇਂਦਰੀ ਸਿਹਤ ਮੰਤਰੀ ਖ਼ਿਲਾਫ਼ ਖੋਲ੍ਹਿਆ ਮੋਰਚਾ, ਸਰਕਾਰ ਦੇ ਨਿਯਮਾਂ ਦੀ ਵੀ ਨਹੀਂ ਕੀਤੀ ਪ੍ਰਵਾਹ
 
BY admin / April 08, 2021
ਅੰਮਿ੍ਰਤਸਰ, 8 ਅਪ੍ਰੈਲ, (ਯੂ.ਐਨ.ਆਈ.)- ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਨੇ ਹੁਣ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਖਿਲਾਫ ਵੀ ਮੋਰਚਾ ਖੋਲ੍ਹ ਦਿੱਤਾ ਹੈ, ਜਿਸ ਤਹਿਤ ਅੱਜ ਕਿਸਾਨਾਂ ਵੱਲੋਂ ਅੰਮਿ੍ਰਤਸਰ ਹਰੀਕੇ ਮੁੱਖ ਮਾਰਗ ‘ਤੇ ਪਿੰਡ ਚੱਬਾ ‘ਚ ਕੇਂਦਰੀ ਮੰਤਰੀ ਹਰਸ਼ਵਰਧਨ ਦਾ ਪੁਤਲਾ ਸਾੜਿਆ ਗਿਆ। ਕਿਸਾਨਾਂ ਮੁਤਾਬਕ ਕੇਂਦਰੀ ਸਿਹਤ ਮੰਤਰੀ ਵੱਲੋਂ ਦੇਸ਼ ‘ਚ ਵਧ ਰਹੇ ਕੇਸਾਂ ਲਈ ਕਿਸਾਨੀ ਅੰਦੋਲਨ ਨੂੰ ਜਿੰਮੇਵਾਰ ਦੱਸਿਆ ਗਿਆ ਸੀ ਤੇ ਇਸ ਬਿਆਨ ਤੋਂ ਕਿਸਾਨ ਭੜਕ ਉੱਠੇ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਪਿੰਡ ਚੱਬਾ ਵਿਖੇ ਸੜਕ ‘ਤੇ ਕੇਂਦਰ ਸਰਕਾਰ ਖਿਲਾਫ, ਸਿਹਤ ਮੰਤਰੀ ਡਾ. ਹਰਸ਼ਵਰਧਨ ਤੇ ਖੇਤੀ ਮੰਤਰੀ ਨਰਿੰਦਰ ਤੋਮਰ ਖਿਲਾਫ ਨਾਅਰੇਬਾਜੀ ਕੀਤੀ ਤੇ ਸਿਹਤ ਮੰਤਰੀ ਦਾ ਪੁਤਲਾ ਸਾੜਿਆ ਗਿਆ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਕੋਰੋਨਾ ਦੇ ਵੱਧਦੇ ਕੇਸਾਂ ਬਾਬਤ ਆਇਦ ਕੀਤੀਆਂ ਪਾਬੰਦੀਆਂ ਦੇ ਬਾਵਜੂਦ ਕਿਸਾਨਾਂ ਵੱਲੋਂ ਅੱਜ ਕੀਤੇ ਗਏ ਇਕੱਠ ਬਾਰੇ ਕਿਸਾਨ ਆਗੂ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਦੇ ਇਸ਼ਾਰੇ ‘ਤੇ ਕੰਮ ਕਰ ਰਹੀ ਹੈ ਤੇ ਕਿਸਾਨੀ ਅੰਦੋਲਨ ਦਬਾਉਣ ਨੂੰ ਲਈ ਅਜਿਹੀਆਂ ਚਾਲਾਂ ਚੱਲ ਰਹੀ ਹੈ। ਉਨ੍ਹਾਂ ਕਿਹਾ ਅਸੀਂ ਸਰਕਾਰ ਦੀਆਂ ਪਾਬੰਦੀਆਂ ਦੇ ਬਾਵਜੂਦ ਪਿੰਡਾਂ ‘ਚ ਮੀਟਿੰਗਾਂ ਜਾਰੀ ਰੱਖਾਂਗੇ ਤੇ 18 ਅਪ੍ਰੈਲ ਨੂੰ ਮਹਾਂ ਕਿਸਾਨ ਰੈਲੀ ‘ਚ ਇਕ ਲੱਖ ਤੋਂ ਵੱਧ ਕਿਸਾਨ ਤੇ ਪੰਜਾਬ ਦੇ ਲੋਕ ਇਕੱਠੇ ਕਰਾਂਗੇ।