ਰਜਿ: ਨੰ: PB/JL-124/2018-20
RNI Regd No. 23/1979

ਬੇਅਦਬੀ ਕਾਂਡ: ਗਵਰਨਰ ਨੂੰ ਮਿਲਣ ਮਗਰੋਂ ਕੁੰਵਰ ਵਿਜੇ ਪ੍ਰਤਾਪ ਦਾ ਦਾਅਵਾ-ਜਾਂਚ ’ਚ ਸਹਿਯੋਗ ਦੇਵਾਂਗਾ
 
BY admin / May 03, 2021
ਚੰਡੀਗੜ੍ਹ, 16 ਅਪ੍ਰੈਲ, (ਦਵਿੰਦਰਜੀਤ ਸਿੰਘ ਦਰਸ਼ੀ)- ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨਾਲ ਮੁਲਾਕਾਤ ਤੋਂ ਬਾਅਦ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅੱਜ ਸ਼ੁੱਕਰਵਾਰ ਨੂੰ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਅਸਤੀਫ਼ੇ ’ਤੇ ਪੂਰੀ ਤਰ੍ਹਾਂ ਕਾਇਮ ਹਨ। ਉਨ੍ਹਾਂ ਇਸ ਮਾਮਲੇ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਾਰੀ ਗੱਲ ਜਚਾ ਦਿੱਤੀ ਹੈ। ਆਈਜੀ ਵਿਜੇ ਪ੍ਰਤਾਪ ਤੇ ਗਵਰਨਰ ਵਿਚਾਲੇ ਮੁਲਾਕਾਤ ਅੱਜ ਸਵੇਰੇ 11:32 ਵਜੇ ਸ਼ੁਰੂ ਹੋਈ ਸੀ। ਰਾਜਪਾਲ ਦੇ ਦਫ਼ਤਰ ਦੇ ਇੱਕ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਦੱਸ ਦੇਈਏ ਕਿ ਆਈਜੀ ਨੇ ਪਿੱਛੇ ਜਿਹੇ ਪੁਲਿਸ ਸੇਵਾ ਤੋਂ ਅਸਤੀਫ਼ਾ ਦਿੱਤਾ ਸੀ। ਉਸ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕੋਟਕਪੂਰਾ ਪੁਲਿਸ ਗੋਲੀ ਕਾਂਡ ਮਾਮਲੇ ਵਿੱਚ ਆਪਣਾ ਫ਼ੈਸਲਾ ਸੁਣਾਇਆ ਸੀ; ਜਿਸ ਰਾਹੀਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠਲੀ ਵਿਸ਼ੇਸ਼ ਜਾਂਚ ਟੀਮ ਦੀ ਰਿਪੋਰਟ ਨੂੰ ਮੁੱਢੋਂ ਰੱਦ ਕਰ ਦਿੱਤਾ ਗਿਆ ਸੀ ਤੇ ਕੋਈ ਹੋਰ ਟੀਮ ਕਾਇਮ ਕਰਨ ਲਈ ਆਖਿਆ ਗਿਆ ਸੀ। ਉਸ ਤੋਂ ਬਾਅਦ ਆਈਜੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਪਰ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੱਦ ਕਰ ਦਿੱਤਾ ਸੀ। ਪੰਜ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕੀਤੀ ਸੀ ਤੇ ਆਈਜੀ ਵਿਜੇ ਪ੍ਰਤਾਪ ਸਿੰਘ ਉਸ ਟੀਮ ਦੇ ਮੁੱਖ ਜਾਂਚਕਾਰ ਸਨ। ਅੱਜ ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਇਹ ਰੂਟੀਨ ਮੀਟਿੰਗ ਸੀ ਤੇ ਉਸ ਵਿੱਚ ਕੀ ਹੋਇਆ ਉਹ ਜੱਗ ਜ਼ਾਹਿਰ ਨਹੀਂ ਕੀਤਾ ਜਾ ਸਕਦਾ। ਮੁੱਖ ਮੰਤਰੀ ਨੂੰ ਦਿੱਤੀ ਪ੍ਰੀ ਮੈਚਿਓਰ ਰਿਟਾਇਰਮੈਂਟ ਬਾਰੇ ਉਨ੍ਹਾਂ ਕਿਹਾ ਕਿ ਉਹ ਆਪਣੇ ਫ਼ੈਸਲੇ ’ਤੇ ਕਾਇਮ ਹਨ ਤੇ ਮੁੱਖ ਮੰਤਰੀ ਨੇ ਵੀ ਉਨ੍ਹਾਂ ਨੂੰ ਸੇਵਾ ’ਚ ਬਣੇ ਰਹਿਣ ਲਈ ਕਿਹਾ ਸੀ। ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਹੈ ਕਿ ਜਦੋਂ ਵੀ ਸਰਕਾਰ ਨੇ ਇਸ ਮਾਮਲੇ ’ਚ ਕੋਈ ਠੋਸ ਕਦਮ ਚੁੱਕਿਆ, ਤਾਂ ਉਹ ਬਾਹਰੋਂ ਐਸ.ਆਈ.ਟੀ. ਦੀ ਮਦਦ ਕਰਦੇ ਰਹਿਣਗੇ। ਗ਼ੌਰਤਲਬ ਹੈ ਕਿ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਇਸ ਫ਼ੈਸਲੇ ਨੇ ਕਾਂਗਰਸ ਦੀ ਸਰਕਾਰ ਲਈ ਸੰਕਟ ਪੈਦਾ ਕਰ ਦਿੱਤਾ ਹੈ। ਕਾਂਗਰਸੀ ਆਗੂਆਂ ਨੂੰ ਡਰ ਹੈ ਕਿ ਐਸ.ਆਈ.ਟੀ. ਦੇ ਮੁੱਦੇ ’ਤੇ  ਆਈਜੀ ਦਸੇਵਾ ਮੁਕਤੀ ਕਾਰਣ ਪਾਰਟੀ ਨੂੰ ਸਾਲ 2022 ਦੀਆਂ ਚੋਣਾਂ ਵਿੱਚ ਨੁਕਸਾਨ ਹੋ ਸਕਦਾ ਹੈ।