ਰਜਿ: ਨੰ: PB/JL-124/2018-20
RNI Regd No. 23/1979

ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਨੇ ਵੇਖਿਆ ਨਵੀਂ ਦਰੱਖਤਾਂ ਦੀ ਛੰਗਾਈ ਕਰਨ ਵਾਲੀ ਮਸ਼ੀਨ ਦਾ ਪ੍ਰਦਰਸ਼ਨ  

BY admin / May 03, 2021
42 ਲੱਖ ਰੁਪਏ ਦੀ ਲਾਗਤ ਨਾਲ ਖਰੀਦੀ ਮਸ਼ੀਨ ਅਤੇ ਟਰੈਕਟਰ ਨੂੰ ਪਿਛਲੇ ਦਿਨੀਂ ਦਿਖਾਈ ਸੀ ਸਿਹਤ ਮੰਤਰੀ ਨੇ ਹਰੀ ਝੰਡੀ  
ਐਸ ਏ ਐਸ ਨਗਰ, 3 ਮਈ-(ਗੁਰਵਿੰਦਰ ਸਿੰਘ ਮੋਹਾਲੀ)-ਮੋਹਾਲੀ ਨਗਰ ਨਿਗਮ ਵੱਲੋਂ ਪਿਛਲੇ ਦਿਨੀਂ ਖਰੀਦ ਕੀਤੀ ਗਈ
ਦਰੱਖਤਾਂ ਦੀ ਛੰਗਾਈ ਕਰਨ ਵਾਲੀ (ਟ੍ਰੀ ਪਰੂਨਿੰਗ) ਮਸ਼ੀਨ ਅਤੇ ਟਰੈਕਟਰ ਦਾ ਅੱਜ ਪ੍ਰਦਰਸ਼ਨ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਤੇ ਉਨ੍ਹਾਂ ਦੀ ਟੀਮ  ਵੱਲੋਂ ਵੇਖਿਆ ਗਿਆ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਲਗਪਗ 42 ਲੱਖ ਰੁਪਏ ਨਾਲ ਖਰੀਦ ਕੀਤੀ ਗਈ ਟ੍ਰੀ ਪਰੂਨਿੰਗ ਮਸ਼ੀਨ ਅਤੇ ਟਰੈਕਟਰ ਨੂੰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਹਰੀ ਝੰਡੀ  ਦਿਖਾਈ ਸੀ। ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਇਹ ਮਸ਼ੀਨ ਪਿਛਲੀ ਮਸ਼ੀਨਾਂ ਦੀ ਥਾਂ ਤੇ ਲਗਪਗ 60 ਫੁੱਟ ਦੀ ਉਚਾਈ ਤੱਕ ਦਰੱਖਤਾਂ ਦੀ ਛੰਗਾਈ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਕੋਲ ਪਹਿਲਾਂ ਮੌਜੂਦ ਦੋ ਮਸ਼ੀਨਾਂ ਰਾਹੀਂ ਮੋਹਾਲੀ ਵਿੱਚ ਦਰੱਖਤਾਂ ਦੀ ਛੰਗਾਈ ਕੀਤੀ ਜਾਂਦੀ ਰਹੀ ਹੈ ਪਰ  ਇਹ ਦੋਵੇਂ ਮਸ਼ੀਨਾਂ ਇੱਕ ਸੀਮਿਤ ਉਚਾਈ ਤਕ ਹੀ ਦਰੱਖਤਾਂ ਦੀ ਛੰਗਾਈ ਕਰ ਸਕਦੀਆਂ ਹਨ ਇਸੇ ਵਾਸਤੇ ਇਹ ਨਵੀਂ ਮਸ਼ੀਨ ਨਗਰ ਨਿਗਮ ਵੱਲੋਂ ਖਰੀਦੀ ਗਈ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਵੱਡੀ ਗਿਣਤੀ ਦਰੱਖਤ ਅਜਿਹੇ ਹਨ ਜੋ 40 ਫੁੱਟ ਤੋਂ ਵੱਧ ਚਾਹੀਦੇ ਹਨ। ਮੋਹਾਲੀ ਦੇ ਕਈ ਪਾਰਕਾਂ ਵਿਚ ਖੜ੍ਹੇ ਅਜਿਹੇ ਦਰੱਖਤ ਛੰਗਾਈ ਨਾ ਹੋਣ ਕਾਰਨ ਹਨ੍ਹੇਰੀਆਂ ਆਉਣ ਮੌਕੇ ਹਾਦਸੇ ਅਤੇ  ਖਤਰੇ ਦਾ ਕਾਰਨ ਵੀ ਬਣ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਨਵੀਂ ਮਸ਼ੀਨ ਰਾਹੀਂ ਅਜਿਹੇ ਦਰੱਖਤਾਂ ਦੀ ਛੰਗਾਈ ਹੋਣ ਨਾਲ ਹਾਦਸੇ ਦਾ ਖਦਸ਼ਾ ਵੀ ਖਤਮ ਹੋ ਜਾਵੇਗਾ। ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਇਸ ਮੌਕੇ ਕਿਹਾ ਕਿ ਇਹ ਮਸ਼ੀਨ ਅੱਜ ਤੋਂ ਹੀ ਮੋਹਾਲੀ ਦੇ ਵੱਖ ਵੱਖ ਇਲਾਕਿਆਂ ਵਿੱਚ ਦਰੱਖਤਾਂ ਦੀ ਛੰਗਾਈ ਦੇ ਕੰਮ ਵਿੱਚ ਲੱਗ ਜਾਵੇਗੀ । ਉਨ੍ਹਾਂ ਕਿਹਾ ਕਿ  ਉਨ੍ਹਾਂ ਵੱਲੋਂ ਲਗਾਤਾਰ ਸ਼ਹਿਰ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਨਵੇਂ ਵਿਕਾਸ ਕਾਰਜਾਂ ਲਈ ਵੀ ਅਧਿਕਾਰੀਆਂ ਤਜਵੀਜਾਂ  ਤਿਆਰ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ । ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਾਸਤੇ ਕਿਸੇ ਵੀ ਹਾਲਤ ਵਿੱਚ ਫੰਡਾਂ ਦੀ ਕਮੀ ਨਹੀਂ ਹੋਣ ਦਿੱਤੀ ਜਾਵੇਗੀ । ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ,  ਨਗਰ ਕੌਂਸਲ ਮੋਹਾਲੀ ਦੇ ਸਾਬਕਾ ਪ੍ਰਧਾਨ ਰਾਜਿੰਦਰ ਸਿੰਘ ਰਾਣਾ,  ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਕੌਂਸਲਰ ਕਮਲਜੀਤ ਸਿੰਘ ਬੰਨੀ, ਕੌਂਸਲਰ  ਸੁੱਚਾ ਸਿੰਘ ਕਲੌੜ, ਵਿਕਟਰ ਨਿਹੋਲਕਾ, ਅਮਨਦੀਪ ਸਿੰਘ, ਰਾਕੇਸ਼ ਲਖੋਤਰਾ ਅਤੇ ਹੋਰ ਪਤਵੰਤੇ ਹਾਜ਼ਰ ਸਨ।