ਰਜਿ: ਨੰ: PB/JL-124/2018-20
RNI Regd No. 23/1979

ਕਿਸਾਨ ਸੰਘਰਸ਼ ਬਨਾਮ ਸਿੱਖ ਬਨਾਮ ਕਾਮਰੇਡ

BY admin / May 03, 2021
ਖਾੜਕੂ ਸੰਘਰਸ਼ ਦੌਰਾਨ ਪੰਜਾਬ ਵਿੱਚ ਬਹੁਤ ਭਿਆਨਕ ਤਸ਼ੱਦਦ ਹੋਇਆ, ਬਹੁਤ ਸੰਤਾਪ ਭੋਗਿਆ, ਪਰ ਜੋ ਮਾਨਸਿਕ ਸੰਤਾਪ ਕਿਸਾਨ ਸੰਘਰਸ਼ ਦੌਰਾਨ ਸਿੱਖਾਂ ਤੇ ਸਿੱਖੀ ਦੇ ਦੋਖੀਆਂ ਨੇ ਦਿੱਤਾ, ਉਹ ਖਾੜਕੂਵਾਦ ਦੌਰਾਨ ਭੋਗੇ ਸੰਤਾਪ ਨਾਲੋਂ ਵੀ ਵੱਧ ਭਿਆਨਕ ਹੈ। ਓਦੋਂ ਤਾਂ ਸਿੰਘ ਵਿਰੋਧ ਕਰਦੇ ਸੀ, ਬਦਲੇ ਵੀ ਲੈ ਲੈਂਦੇ ਸੀ ਪਰ ਹੁਣ ਜਲੀਲ ਵੀ ਕਰਦੇ ਨੇ ਤੇ ਰੋਣ ਵੀ ਨਹੀਂ ਦਿੰਦੇ। ਸੰਘਰਸ਼ ਦੀ ਸਟੇਜ ਨੂੰ ਸਿੱਖ ਜਜ਼ਬਾਤਾਂ ਦੀ ਹੇਠੀ ਲਈ ਵਰਤਣ ਵਾਲ਼ਿਆਂ ਨੂੰ ਗਰੰਟੀ ਆ ਕਿ ਸਾਡੇ ਮਗਰ ਕਾਮਰੇਡ ਖੜ੍ਹਨਗੇ ਪਰ ਸਿੱਖਾਂ ਮਗਰ ਹੋਰ ਕਿਸੇ ਨੇ ਕੀ ਖੜ੍ਹਨਾ, ਸਿੱਖਾਂ ਵਿੱਚੋਂ ਹੀ ਵਿਰੋਧ ਸ਼ੁਰੂ ਕਰ ਦਿੰਦੇ ਨੇ। ਸਿੱਖ ਜਜ਼ਬਾਤਾਂ ਲਈ ਓਦੋਂ ਲੜਨਾ ਸੌਖਾ ਸੀ ਹੁਣ ਸਿੱਖਾਂ ਲਈ ਬਹੁਤ ਔਖਾ। ਪੰਥਕ ਸੋਚ ਵਾਲੇ ਲੋਕ ਤ੍ਰਾਹ-ਤ੍ਰਾਹ ਕਰਦੇ  ਨੇ ਕਿ ਅਜੇ ਇਹਨਾਂ ਕਾਮਰੇਡਾਂ ਕੋਲ਼ ਸਿਰਫ਼ ‘ਸਟੇਜ ਦੀ ਤਾਕਤ’ ਹੈ ਜੇ ਕਿਤੇ ‘ਸਟੇਟ ਦੀ ਤਾਕਤ’ ਹੋਵੇ ਤਾਂ ਇਹ ਮੋਦੀ ਦੇ ਭਗਵੇਂ ਬਿ੍ਰਗੇਡ ਨਾਲੋਂ ਵੀ ਵੱਧ ਖ਼ਤਰਨਾਕ ਸਾਬਿਤ ਹੋਣਗੇ। ਸ਼ੁਕਰ ਆ ਕਾਮਰੇਡਾਂ ਦਾ ਰਾਜ ਨਹੀਂ ਆ ਸਕਦਾ, ਨਹੀਂ ਤਾਂ ਸਿੱਖ ਤੇ ਸਿੱਖੀ ਲਈ ਦਰਦ ਰੱਖਣ ਵਾਲਿਆਂ ਲਈ ਬਹੁਤ ਔਖਾ ਹੋ ਜਾਵੇ ਤੇ ਇਹਨਾਂ ਕਾਮਰੇਡਾਂ ਦੇ ਹਾਮੀ ਸਿੱਖ ਕਹਿਣਗੇ ਕਿ “ਸਾਨੂੰ ਮੌਕਾ ਦੇਵੋ ਇਹ ਲੋਕ ਕੇ.ਪੀ.ਐਸ. ਗਿੱਲ ਨੂੰ ਭੁੱਲ ਜਾਣਗੇ”।  ਇਹ ਸਿੱਖਾਂ ਤੇ ਸਿੱਖ ਧਰਮ ਨੂੰ ਮਾੜੇ, ਘਟੀਆ, ਗਲਤ ਤੇ ਭੈੜੇ ਸਾਬਤ ਕਰਨ ਲਈ ਕਿਸੇ ਵੀ ਹੱਦ ਤਕ ਡਿੱਗ ਸਕਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤਕ ਕਾਮਰੇਡ ਹੁੰਦੇ ਨਹੀਂ ਸੀ ਪਰ ਹੁਣ ਇਹ ਓਸ ਦੌਰ ਵਿੱਚ ਜੋ ਨਹੀਂ ਕਰ ਸਕੇ, ਅੱਜ-ਕੱਲ੍ਹ ਕਰਦੇ ਨੇ। ਸਿੱਖ ਮਾਨਸਿਕਤਾ ਵਿੱਚ ਅਠਾਰਵੀਂ ਸਦੀ ਦੇ ਨਾਇਕਾਂ ਤੇ ਇਤਿਹਾਸ ਬਾਰੇ ਭੰਡੀ ਪ੍ਰਚਾਰ ਕਰਨ ਵਾਲਿਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਇਹ ਹਰ ਸੰਭਵ ਤਰੀਕੇ ਨਾਲ ਸਿੱਖ ਮਾਨਸਿਕਤਾ ਵਿੱਚ ਸਿੱਖੀ ਵਿਰੋਧੀ ਖਿਆਲ ਭਰਨ ਲਈ ਯਤਨਸ਼ੀਲ ਹਨ ਕਿਉਂਕਿ ਇਹਨਾਂ ਦਾ ਮੰਨਣਾ ਹੈ ਕਿ ਜੇ ਪੰਜਾਬ ਵਿੱਚ ਕਮਿਊਨਿਜ਼ਮ ਲਾਗੂ ਕਰਨਾ ਹੈ ਤਾਂ ਪਹਿਲਾਂ ਸਿੱਖੀ ਦੀਆਂ ਜੜ੍ਹਾਂ ਪੁੱਟਣੀਆਂ ਪੈਣੀਆਂ ਨੇ। ਹਿੰਦੂਆਂ ਨਾਲ ਸਿੱਖਾਂ ਦਾ ਟਕਰਾਅ ਵਾਂਗ ਕਾਮਰੇਡਾਂ ਨਾਲ ਵੀ ਸਖ਼ਤ ਟਕਰਾਅ ਹੈ। ਇਹ ਵੀ ਗੱਲ ਚੇਤੇ ਰਹੇ ਕਿ ਬਾਕੀ ਦੁਨੀਆਂ ਦੇ ਕਾਮਰੇਡ ਸਿੱਖੀ ਤੇ ਸਿੱਖਾਂ ਬਾਰੇ ਬੇਹੱਦ ਚੰਗੇ ਤੇ ਪਿਆਰ ਭਰੇ ਵਿਚਾਰ ਰੱਖਦੇ ਨੇ ਪਰ ਪੰਜਾਬੀ ਕਾਮਰੇਡਾਂ ਦੇ ਵਿਚਾਰ ਬਿਲਕੁਲ ਨਖਿੱਧ ਹਨ। ਜਦ ਕਈ ਸੱਜਣ ‘ਕਾਮਰੇਡ’ ਸ਼ਬਦ ਦੀ ਵਿਆਖਿਆ ਕਰਦੇ ਨੇ ਤਾਂ ਜਿਨ੍ਹਾਂ ਲੋਕਾਂ ਦਾ ਵਾਹ ਸਿਰਫ਼ ਪੰਜਾਬੀ ਕਾਮਰੇਡਾਂ ਨਾਲ ਪਿਆ ਹੋਵੇ, ਉਹ ਹੈਰਾਨ ਜਿਹਾ ਹੋ ਜਾਂਦਾ ਕਿ ਐਨਾ ਝੂਠ! ਬਹਿਸ ਸ਼ੁਰੂ ਹੋ ਜਾਂਦੀ ਹੈ। ਸਹੀ ਦੋਵੇਂ ਜਾਪਦੇ ਹੁੰਦੇ ਨੇ। ਜੀਹਦਾ ਪੰਜਾਬੀ ਕਾਮਰੇਡਾਂ ਨਾਲ ਵਾਹ ਹੀ ਨਹੀਂ ਪਿਆ, ਉਹਨੂੰ ਲੱਗਦਾ ਦੂਜਾ ਬੰਦਾ ਜਾਣ-ਬੁੱਝ ਕੇ ਝੂਠ ਬੋਲ ਕੇ ਕਾਮਰੇਡਾਂ ਨੂੰ ਬਦਨਾਮ ਕਰ ਰਿਹਾ। ਪਰ ਹਕੀਕਤ ਇਹੋ ਹੈ ਕਿ ਪੰਜਾਬ ਵਾਲੇ ਕਾਮਰੇਡ ਕਹਾਉਂਦੇ ‘ਕਾਮਰੇਡ’ ਹੀ ਨੇ ਪਰ ਅਸਲ ਵਿੱਚ ਇਹ ਲੋਕ ਉਵੇਂ ਨੇ ਜਿਵੇਂ ਖਾੜਕੂ ਸੰਘਰਸ਼ ਮੌਕੇ ਕਾਲ਼ੀਆਂ ਬਿੱਲੀਆਂ ਹੁੰਦੀਆਂ ਸੀ, ਜਿਨ੍ਹਾਂ ਨੂੰ ਆਮ ਬੋਲੀ ਵਿੱਚ ‘ਕੈਟ’ ਕਿਹਾ ਜਾਂਦਾ ਹੈ। ਕਈ ਕੈਟ ਤਾਂ ਖਾੜਕੂਆਂ ਨਾਲੋਂ ਵੀ ਵੱਡੇ ਯੋਧੇ ਬਣ ਕੇ ਵਿਚਰਦੇ ਸਨ ਪਰ ਉਹਨਾਂ ਦਾ ਅਸਲ ਕੰਮ ਲਹਿਰ ਨੂੰ ਬਦਨਾਮ ਕਰਨਾ ਤੇ ਲੁੱਟਾਂ-ਖੋਹਾਂ, ਫਿਰੌਤੀਆਂ ਤੇ ਬਲਾਤਕਾਰ ਕਰਨਾ ਸੀ। ਕੌਮ ਨੂੰ ਸਮਰਪਿਤ ਖਾੜਕੂਆਂ ਦਾ ਤਾਂ ਪੂਰਾ ਜ਼ੋਰ ਲੱਗਿਆ ਹੁੰਦਾ ਸੀ ਕਿ ਮੇਰੀ ਕਿਸੇ ਹਰਕਤ ਤੋਂ ਲੋਕਾਂ ਨੂੰ ਮੇਰੇ ਖਾੜਕੂ ਹੋਣ ਬਾਰੇ ਅਹਿਸਾਸ ਨਾ ਹੋ ਜਾਵੇ ਕਿਉਂਕਿ ਗਿ੍ਰਫ਼ਤਾਰੀ ‘ਤੇ ਝੂਠੇ ਮੁਕਾਬਲੇ ਬਣਾ ਕੇ ਮਾਰੇ ਜਾਣ ਤੋਂ ਬਚ ਕੇ ਕੌਮ ਲਈ ਹੋਰ ਸੇਵਾ ਦਾ ਚਾਅ ਹੁੰਦਾ ਸੀ ਪਰ ਇਸ ਦੇ ਉਲ਼ਟ ਕੈਟ ਨੇ ਜਾਣ-ਬੁੱਝ ਕੇ ਵਿਖਾਵਾ ਕਰਨਾ ਕਿ ਲੋਕ ਉਸ ਨੂੰ ਖਾੜਕੂ ਵਜੋਂ ਮਾਨਤਾ ਦੇਣ। ਬਿਲਕੁਲ ਉਵੇਂ ਜਿਵੇਂ ਅਸਲੀ ਅਕਾਲੀਆਂ ਨੂੰ ਹੁਣ ਨਕਲੀ ਅਕਾਲੀਆਂ ਦੀਆਂ ਹਰਕਤਾਂ ਤੋਂ ਤਕਲੀਫ਼ ਹੁੰਦੀ ਹੈ। ਓਵੇਂ ਅਸਲੀ ਖਾੜਕੂ ਨਕਲੀ ਖਾੜਕੂਆਂ ਤੋਂ ਦੁਖੀ ਹੁੰਦੇ ਸੀ। ਇਵੇਂ ਹੀ ਅਸਲੀ ਕਾਮਰੇਡਾਂ ਨੂੰ ਤਕਲੀਫ਼ ਹੋਵੇਗੀ ਜਦ ਉਹ ਪੰਜਾਬੀ ਕਾਮਰੇਡਾਂ ਦੀ ਹਕੀਕਤ ਸਮਝ ਜਾਣਗੇ। ਇਸ ਬਾਰੇ ਚੇਤੇ ਰਹੇ ਕਿ 1984 ਦੇ ਘਲੂਘਾਰੇ ਬਾਬਤ ਪੰਜਾਬੀ ਕਾਮਰੇਡਾਂ ਤੇ ਬਾਕੀ ਸਾਰੇ ਕਾਮਰੇਡਾਂ ਦੀ ਸੋਚ ਵਿੱਚ ਜਮੀਨ-ਅਸਮਾਨ ਦਾ ਫਰਕ ਰਿਹਾ। ਬਾਕੀਆਂ ਲਈ ਸਿੱਖ ਆਪਣੇ ਹੱਕਾਂ ਲਈ ਹਕੂਮਤ ਵਿਰੁੱਧ ਸ਼ਾਂਤਮਈ ਜੂਝ ਰਹੇ ਉਹ ਲੋਕ ਸੀ ਜਿਨ੍ਹਾਂ ਉੱਤੇ ਸਟੇਟ ਨੇ ਜ਼ੁਲਮ ਢਾਹੁਣ ਵਾਲੀ ਅੱਤ ਕਰ ਦਿੱਤੀ ਪਰ ਪੰਜਾਬੀ ਕਾਮਰੇਡਾਂ ਨੂੰ ਸਿੱਖਾਂ ਉੱਤੇ ਜ਼ੁਲਮਾਂ ਦੀ ਮਾਨਸਿਕ ਤਸੱਲੀ ਸੀ। ਪੰਜਾਬ ਤੋਂ ਬਾਹਰ ਬੰਗਾਲੀ ਕਾਮਰੇਡ ਹਿੰਦੂਆਂ ਨੂੰ ਦੁਸ਼ਮਣ ਨਹੀਂ ਸਮਝਦੇ ਪਰ ਪੰਜਾਬ ਵਿੱਚ ਪੰਜਾਬੀ ਕਾਮਰੇਡਾਂ ਨੂੰ ਸਿੱਖ ਤੇ ਸਿੱਖੀ ਪ੍ਰਤੀ ਨਫ਼ਰਤ ਹੈ।ਦਰਅਸਲ ਪੰਜਾਬੀ ਕਾਮਰੇਡਾਂ ਦਾ ਇਹ ਪੱਕਾ ਨਿਰਣਾ ਹੈ ਕਿ ਜਦ ਤਕ ਪੰਜਾਬ ਦੀ ਧਰਤੀ ਤੋਂ ਗੁਰਮਤਿ ਚਿੰਤਨ ਸਦਾ ਲਈ ਮਿਟਦਾ ਨਹੀਂ ਓਦੋਂ ਤਕ ਸਾਡੇ ਕਾਮਰੇਡ ਫਲਸਫੇ ਦੀ ਜੜ੍ਹ ਨਹੀਂ ਲੱਗਣੀ। ਬੰਗਾਲੀ ਕਾਮਰੇਡ ਨੂੰ ਨਹੀਂ ਲੱਗਦਾ ਕਿ ਹਿੰਦੂ ਧਰਮ ਦੀ ਜੜ੍ਹ ਪੁੱਟੇ ਬਗੈਰ ਅਸੀਂ ਕਾਮਯਾਬ ਹੀ ਨਹੀਂ ਹੋ ਸਕਦੇ ਪਰ ਪੰਜਾਬੀ ਕਾਮਰੇਡ ਨੇ ਸਿੱਖ ਧਰਮ ਨੂੰ ਨਿਸ਼ਾਨਾ ਬਣਾਇਆ ਹੋਇਆ ਹੈ। ਅਸੀਂ ਆਰ.ਐਸ.ਐਸ. ਨੂੰ ਭੰਡਦੇ ਹਾਂ ਪਰ ਉਹਨਾਂ ਨੇ ਕਦੇ ਗੁਰੂ ਸਾਹਿਬਾਨ ਬਾਰੇ ਉਹ ਗੱਲਾਂ ਕਦੇ ਨਹੀਂ ਕੀਤੀਆਂ ਜੋ ਪੰਜਾਬੀ ਕਾਮਰੇਡ ਹਰ ਰੋਜ਼ ਕਰਦੇ ਨੇ। ਮਤਲਬ ਆਰ.ਐਸ.ਐਸ. ਨਾਲੋਂ ਇਹ ਪੰਜਾਬੀ ਕਾਮਰੇਡ ਸਿੱਖਾਂ ਲਈ ਜ਼ਿਆਦਾ ਖ਼ਤਰਨਾਕ ਨੇ। ਪੰਜਾਬੀ ਕਾਮਰੇਡ ਆਪਣੇ ਆਪ ਨੂੰ ਪੰਜਾਬ ਦੇ ਅਸਲ ਨਾਇਕਾਂ, ਸੱਭਿਆਚਾਰ, ਰਵਾਇਤਾਂ ਦੇ ਖ਼ਿਲਾਫ਼ ਦਰਸਾ ਕੇ ਮਹਾਨ ਸਮਝਦੇ ਨੇ ਪਰ ਬਾਕੀ ਕਾਮਰੇਡ ਇਸ ਤਰ੍ਹਾਂ ਦੇ ਨਹੀਂ। ਅਜੋਕੇ ਦੌਰ ਨੇ ਪੰਜਾਬੀ ਕਾਮਰੇਡਾਂ ਦਾ ਸਿੱਖ ਧਰਮ ਤੇ ਸਿੱਖਾਂ ਵਿਰੋਧੀ ਏਜੰਡਾ ਪੂਰੀ ਤਰ੍ਹਾਂ ਨੰਗਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਪੰਜਾਬੀ ਕਾਮਰੇਡ ਜਿੰਨਾ ਜ਼ਿਆਦਾ ਲਿਖਣਗੇ ਤੇ ਬੋਲਣਗੇ, ਓਨਾ ਹੀ ਜ਼ਿਆਦਾ ਇਹਨਾਂ ਦੀ ਹਕੀਕਤ ਖੁੱਲੇਗੀ। ਸੋ, ਪੰਜਾਬੀ ਕਾਮਰੇਡਾਂ ਬਾਰੇ ਜਾਣ ਕੇ ਉਹਨਾਂ ਕਾਮਰੇਡਾਂ ਦਾ ਖਿੱਝਣਾ-ਖੱਪਣਾ ਸੁਭਾਵਿਕ ਹੈ ਕਿਉਂਕਿ ਅਜੇ ਉਹ ਸੱਚ ਨਹੀਂ ਜਾਣਦੇ। ਪਰ ਉਹ ਵੇਲਾ ਲਾਜ਼ਮੀ ਆਉ ਜਦ ਉਹ ਉਵੇਂ ਸ਼ਰਮਸਾਰ ਹੋਣਗੇ ਜਿਵੇਂ ਕਿਸੇ ਕੈਟ ਨੂੰ ਖਾੜਕੂ ਸਮਝਣ ਵਾਲੇ ਸ਼ਰਮਿੰਦੇ ਹੁੰਦੇ ਸੀ। ਕਿਸਾਨ ਸੰਘਰਸ਼ ਤੋਂ ਪਹਿਲਾਂ ਪੰਜਾਬੀ ਕਾਮਰੇਡਾਂ ਪੜੇ-ਲਿਖੇ ਤਬਕੇ ਵਿੱਚ ਆਪਣਾ ਅਕਸ ਬੜਾ ਲੁਭਾਵਣਾ ਜਿਹਾ ਬਣਾਇਆ ਹੋਇਆ ਸੀ ਕਿ ਇਹ ਬੜੇ ਸੂਝਵਾਨ ਲੋਕ ਨੇ। ਖਾੜਕੂਵਾਦ ਦੌਰਾਨ ਭੋਗੇ ਸਰੀਰਕ ਤੇ ਮਾਨਸਿਕ ਸੰਤਾਪ ਦੇ ਭੰਨੇ ਲੋਕਾਂ ਨੂੰ ਸਿੱਖਾਂ ਦੀ ਬਜਾਇ ਇਹ ਕਾਮਰੇਡ ਬੜੇ ਵਧੀਆ ਬੰਦੇ ਜਾਪਦੇ ਸੀ। ਇਹ ਪੰਜਾਬੀ ਕਾਮਰੇਡ ਸਿੱਖ ਸਮਾਜ ਨੂੰ ਸਿੱਖ ਸੰਘਰਸ਼ ਵਿਰੋਧੀ ਗੱਲਾਂ ਸੁਣਾ-ਸੁਣਾ ਕੇ ਕਾਇਲ ਕਰਦਾ ਰਿਹਾ। ਲੋਕਾਂ ਨੂੰ ਲੱਗਦਾ ਰਿਹਾ ਕਿ ਇਹ ਕਿੰਨੇ ਸਿਆਣੇ, ਸੂਝਵਾਨ ਨੇ। ਓਦੋਂ ਖਾੜਕੂਵਾਦ ਦੇ ਬਰਾਬਰ ਪੰਜਾਬੀ ਕਾਮਰੇਡਾਂ ਨੂੰ ਯੋਧਿਆਂ ਦੇ ਰੂਪ ਵਿੱਚ ਉਭਾਰਨਾ ਸਰਕਾਰ ਦੀ ਲੋੜ ਸੀ। ਹਕੂਮਤੀ ਤੰਤਰ ਨੇ ਸਿੱਖ ਸੰਘਰਸ਼ ਦੌਰਾਨ ਇਹਨਾਂ ਲਈ ਵੱਧ ਤੋਂ ਵੱਧ ਥਾਂ ਪੈਦਾ ਕੀਤੀ ਤੇ ਸਿੱਖ ਜੁਝਾਰੂਆਂ ਦੀ ਥਾਂ ਖੋਹੀ। ਇਹਨਾਂ ਦੀ ਸਰਕਾਰੇ-ਦਰਬਾਰੇ ਚਲਦੀ ਵੀ ਪੂਰੀ ਸੀ ਤੇ ਇਹ ਬਾਗੀ ਹੋਣ ਦਾ ਕਰਮ ਵੀ ਬਣਾਈ ਰੱਖਦੇ ਸੀ। ਖਾੜਕੂਵਾਦ ਦੌਰਾਨ ਇਹਨਾਂ ਪੰਜਾਬੀ ਕਾਮਰੇਡਾਂ ਦਾ ਰੋਲ ਸਟੇਟ ਦੇ ਸੰਦ ਵਾਲਾ ਸੀ ਪਰ ਜਦ ਖਾੜਕੂਵਾਦ ਨੂੰ ਕਾਬੂ ਕਰ ਲਿਆ ਤਾਂ ਸਟੇਟ ਮਸ਼ੀਨਰੀ ਨੂੰ ਇਹਨਾਂ ਦੀ ਲੋੜ ਨਾ ਰਹੀ। ਇਸੇ ਸਮੇਂ ਦੌਰਾਨ ਇਹਨਾਂ ਨੇ ਕਿਸਾਨ, ਮਜਦੂਰ ਤੇ ਹੋਰ ਜਨਤਕ ਜਥੇਬੰਦੀਆਂ ਬਣਾ ਕੇ ਉਹ ਲੋਕ ਆਪਣੇ ਹੱਕ ਵਿੱਚ ਭੁਗਤਾ ਲਏ, ਜਿਨ੍ਹਾਂ ਨੇ ਸੰਘਰਸ਼ ਤੋਂ ਬਾਅਦ ਜਨਤਕ ਖੇਤਰ ਵਿੱਚ ਖਾਲਿਸਤਾਨੀ ਧਿਰਾਂ ਦਾ ਸਾਥ ਦੇਣਾ ਸੀ। ਹਕੂਮਤੀ ਜਬਰ ਖਿਲਾਫ਼ ਜੂਝਣ ਲਈ ਜਿਹੜੇ ਲੋਕਾਂ ਨੇ ਸਰਗਰਮ ਹੋਣਾ ਸੀ, ਉਹਨਾਂ ਨੂੰ ਪੰਜਾਬੀ ਕਾਮਰੇਡਾਂ ਨੇ ਕਿਸਾਨੀ ਮਸਲਿਆਂ, ਸਰਕਾਰੀ ਦਫ਼ਤਰਾਂ ਦੇ ਘਿਰਾਓ ਤੇ ਹੋਰ ਇਹੋ ਜਿਹੇ ਕੰਮਾਂ ਵਿੱਚ ਉਲਝਾ ਲਿਆ। ਇਉਂ ਪੰਜਾਬੀ ਕਾਮਰੇਡਾਂ ਨੇ ਸਿੱਖ-ਸ਼ਕਤੀ ਨੂੰ ਆਪਣੇ ਏਜੰਡੇ ਲਈ ਵਰਤਣ ਦੀ ਖੇਡ ਖੇਡੀ। ਹਕੂਮਤ ਵੀ ਇਹੋ ਚਾਹੁੰਦੀ ਸੀ ਕਿ ਜਿਹੜੇ ਲੋਕਾਂ ਨੇ ਖਾੜਕੂਵਾਦ ਮਗਰੋਂ ਸਿੱਖ ਮਸਲਿਆਂ ਦੀ ਪੈਰਵਾਈ ਕਰਨੀ ਹੈ ਉਹਨਾਂ ਨੂੰ ਪੰਜਾਬੀ ਕਾਮਰੇਡ ਆਪਣੇ ਮਗਰ ਲਾ ਲੈਣ ਤਾਂ ਸੌਦਾ ਮਾੜਾ ਨਹੀਂ। ਪਿਛਲੇ ਪੰਜ-ਦਸ ਸਾਲਾਂ ਵਿੱਚ ਬੜੀ ਵਾਰ ਸਿੱਖ ਨੌਜਵਾਨਾਂ ਨਾਲ ਬਹਿਸ ਹੋਈ ਹੈ ਕਿ ਇਹ ਕਿਸਾਨ ਜਥੇਬੰਦੀਆਂ ਬੇਸ਼ੱਕ ਕਿਸਾਨਾਂ ਦੇ ਦੁੱਖਾਂ-ਦਰਦਾਂ ਦੀ ਗੱਲ ਕਰਦੀਆਂ ਨੇ ਪਰ ਹਕੀਕਤ ਵਿੱਚ ਇਹ ਕਾਮਰੇਡ ਜਥੇਬੰਦੀਆਂ ਨੇ ਤੇ ਮਨੁੱਖ ਦੇ ਸਾਰੇ ਦੁੱਖਾਂ ਦਾ ਕੇਂਦਰ ‘ਧਰਮ’ ਨੂੰ ਮੰਨਦੀਆਂ ਹਨ ਤੇ ਇੱਕ ਨਾ ਇੱਕ ਦਿਨ ਇਹ ਸਿੱਖੀ ਨੂੰ ਹੀ ਨਿਸ਼ਾਨਾ ਬਣਾਉਣਗੀਆਂ। ਪਰ ਕਿਸਾਨ ਜਥੇਬੰਦੀਆਂ ਦੇ ਨਾਲ ਸਹਿਮਤ ਸਿੱਖਾਂ ਨੂੰ ਕਿਤੇ ਵੀ ਕੋਈ ਐਹੋ ਜਿਹੀ ਗੱਲ ਨਹੀਂ ਸੀ ਦਿਸਦੀ ਜਿਸ ਨਾਲ ਕਿਹਾ ਜਾਵੇ ਕਿ ਵਾਕਿਆ ਹੀ ਇਹ ਸਿੱਖਾਂ ਦੇ ਧਰਮ ਦੇ ਖਿਲਾਫ਼ ਕਾਮਰਡੀ ਸੋਚ ਵਾਲੀਆਂ ਜਥੇਬੰਦੀਆਂ ਨੇ। ਆਖਰ ਤਿੰਨ ਕਾਲੇ ਕਨੂੰਨਾਂ ਖ਼ਿਲਾਫ਼ ਸੰਘਰਸ਼ ਦੌਰਾਨ ਉਹ ਸਭ ਬੁਰਕੇ ਲੱਥ ਗਏ। ਹੁਣ ਹਰੇਕ ਹੀ ਕਲਪ ਰਿਹਾ ਹੈ ਕਿ ਇਹ ਕਿਸਾਨ ਜਥੇਬੰਦੀਆਂ ਨੇ ਕਿ ਕਾਮਰੇਡ ਲਾਣਾ ? ਪਰ ਜੇ ਇਹ ਲੋਕ ਸਟੇਜ ਤੋਂ ਭਕਾਈ ਨਾ ਮਾਰਨ ਤਾਂ ਸਿੱਖਾਂ ਨੂੰ ਅਕਲ ਵੀ ਨਹੀਂ ਆਉਣੀ ਕਿ ਇਹ ਲੋਕ ਕਿੱਥੇ ਖੜ੍ਹੇ ਨੇ। ਕਿਸਾਨ ਸੰਘਰਸ਼ ਦੇ ਪਲੈਟਫਾਰਮ ਤੋਂ ਜਦ ਸਿੱਖ ਜਜ਼ਬਾਤਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਗੱਲਾਂ ਹੋਈਆਂ ਤਾਂ ਸਿੱਖਾਂ ਨੇ ਬਿਲਕੁਲ ਸਹੀ ਇਤਰਾਜ਼ ਜਤਾਇਆ ਕਿ ਸਾਂਝੇ ਮੋਰਚੇ ਵਿੱਚ ਇਉਂ ਨਾ ਕਰੋ ਤਾਂ ਤੁਰੰਤ ਕਾਮਰੇਡ ਬਿਰਤੀ ਵਾਲਿਆਂ ਨੇ ਹਾਲ-ਦੁਹਾਈ ਪਾ ਦਿੱਤੀ ਕਿ ਸਿੱਖਾਂ ਨੇ ਇਸ ਸੰਘਰਸ਼ ਵਿੱਚ ਸੇਵਾ ਕੀ ਕਰ ਲਈ ਹੁਣ ਇਹਨੂੰ ਸਿੱਖਾਂ ਦਾ ਸੰਘਰਸ਼ ਬਣਾ ਰਹੇ ਨੇ। ਵਿੱਚੋਂ ਕਈ ਕਹਿਣ ਲੱਗ ਪਏ ਕਿ ਸਿੱਖ ਤਾਂ ਇਹਦੇ ਵਿੱਚੋਂ ਖਾਲਿਸਤਾਨ ਭਾਲਦੇ ਆ। ਇਹ ਕਸ਼ਮਕਸ਼ ਚੱਲ ਰਹੀ ਸੀ ਕਿ ਕਿਸਾਨਾਂ ਸੰਘਰਸ਼ ਦੇ ਪਲੈਟਫਾਰਮ ਤੋਂ ਇਹ ਝੂਠ ਪ੍ਰਚਾਰਿਆ ਗਿਆ ਕਿ 26 ਜਨਵਰੀ ਨੂੰ ਲਾਲ ਕਿਲ੍ਹੇ ਤੋਂ ਤਿਰੰਗੇ ਝੰਡੇ ਦਾ ਅਪਮਾਨ ਕਰ ਕੇ ਖਾਲਿਸਤਾਨ ਦਾ ਝੰਡਾ ਝੁਲਾਇਆ ਗਿਆ ਹੈ।  ਇਸ ਮਗਰੋਂ ਗੱਦਾਰ ਗਰਦਾਨਣ ਤੇ ਸਿੱਖਾਂ ਨੂੰ ਜਲੀਲ ਕਰਨ ਵਾਲੀ ਮੁਹਿੰਮ ਤੋਰੀ ਗਈ। ਸਿੱਖ ਕਲਪਦੇ ਰਹੇ ਕਿ ਅਸੀਂ ਇਸ ਮੋਰਚੇ ਨੂੰ ਕਦੇ ਵੀ ਸਿੱਖਾਂ ਦਾ ਸੰਘਰਸ਼ ਨਹੀਂ ਕਿਹਾ ਕਿਉਂਕਿ ਵਾਕਿਆ ਹੀ ਇਹ ਸਾਰਾ ‘ਕਿਸਾਨੀ ਦਾ ਸੰਘਰਸ਼ ਹੈ। ਸਿੱਖ ਕਲਪਦੇ ਰਹੇ ਕਿ ਅਸੀਂ ਕਦੇ ਇਸ ਸੰਘਰਸ਼ ਨੂੰ ਖਾਲਿਸਤਾਨ ਨਾਲ ਨਹੀਂ ਜੋੜਿਆ। ਸਿੱਖ ਕਲਪਦੇ ਰਹੇ ਕਿ ਲਾਲ ਕਿਲ੍ਹੇ ਵਿੱਚ ਨਾ ਤਿਰੰਗਾ ਲਾਹਿਆ ਹੈ, ਨਾ ਖਾਲਿਸਤਾਨ ਦਾ ਝੰਡਾ ਝੁਲਾਇਆ ਹੈ। ਸਿੱਖ ਤਾਂ ਇਸ ਸੰਘਰਸ਼ ਵਿੱਚ ਆਪਣੇ ਹਿੱਸੇ ਦਾ ਬਣਦਾ ਸਤਿਕਾਰ ਭਾਲਦੇ ਨੇ ਕਿ ਸਾਡੇ ਜਜ਼ਬਾਤਾਂ ਦੀ ਕਦਰ ਹੋਵੇ ਪਰ ਕਾਮਰੇਡ ਬਿਰਤੀ ਨੂੰ ਜਨੂੰਨ ਚੜਿਆ ਹੋਇਆ ਹੈ ਕਿ ਸਿੱਖਾਂ ਨੂੰ ਨਾਲੇ ਬਦਨਾਮ ਕਰੋ, ਨਾਲੇ ਇਹਨਾਂ ਤੋਂ ਮੋਰਚੇ ਵਿੱਚ ਬਰਾਬਰ ਹਿੱਸਾ ਪਵਾਓ। ਕਾਮਰੇਡ ਬਿਰਤੀ ਦੇ ਅਸਰ ਹੇਠ ਆਪਣੇ ਆਪ ਨੂੰ ਬਹੁਤੇ ਸਿਆਣੇ ਸਮਝਣ ਵਾਲੇ ਕਈ ਸਿੱਖ ਵੀ ਵਹਿਣ ਵਿੱਚ ਵਹਿ ਕੇ ਸਿੱਖਾਂ ਨੂੰ ਦੋਸ਼ੀ ਗਰਦਾਨ ਰਹੇ ਨੇ।            (ਚੱਲਦਾ)
ਰਣਜੀਤ ਸਿੰੰਘ ਦਮਦਮੀ ਟਕਸਾਲ
ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ
ਮੋ : 88722-93883.