ਰਜਿ: ਨੰ: PB/JL-124/2018-20
RNI Regd No. 23/1979

ਮਮਤਾ ਦੀ ਜਿੱਤ ਦੇਸ਼ ਵਿੱਚ ਵੱਡੇ ਸਿਆਸੀ ਬਦਲਾਅ ਦਾ ਸੰਕੇਤ

BY admin / May 03, 2021
ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਨੇ ਤੀਜੀ ਵਾਰ ਚੋਣਾਂ ਜਿੱਤ ਕੇ ਭਾਰਤੀ ਜਨਤਾ ਪਾਰਟੀ ਨੂੰ ਇਸ ਗੱਲ ਦਾ ਅਹਿਸਾਸ ਕਰਵਾ ਦਿੱਤਾ ਹੈ ਕਿ ਸਰਕਾਰ ਨੂੰ ਦਾਅ ਉਪਰ ਲਗਾਉਣ ਨਾਲ ਚੋਣਾਂ ਨਹੀਂ ਜਿੱਤੀਆਂ ਜਾ ਸਕਦੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਪੂਰੀ ਸਰਕਾਰ ਅਤੇ ਪਾਰਟੀ ਲੀਡਰਸ਼ਿਪ ਨੇ ਜਿਸ ਇਨਕਲਾਬੀ ਅੰਦਾਜ਼ ਵਿੱਚ ਮਮਤਾ ਦੇ ਕਿਲ੍ਹੇ ਉਪਰ ਧਾਵਾ ਬੋਲਿਆ ਉਸ ਤੋਂ ਜਾਪਦਾ ਸੀ ਕਿ ਬੰਗਾਲ ਵਿੱਚ ਤਿੰਨ ਵਿਧਾਇਕਾਂ ਵਾਲੀ ਪਾਰਟੀ ਉਥੋਂ ਦੀ ਸਿਆਸੀ ਫ਼ਿਜ਼ਾ ਨੂੰ ਆਪਣੀ ਸੋਚ ਮੁਤਾਬਕ ਨਵਾਂ ਮੋੜ ਦੇਣ ਵਿੱਚ ਸਫ਼ਲ ਹੋ ਜਾਵੇਗੀ। ਵੇਖਿਆ ਜਾਵੇ ਤਾਂ ਮੋਦੀ ਅਤੇ ਅਮਿਤ ਸ਼ਾਹ ਨੇ ਪ੍ਰਚਾਰ ਦੇ ਪਹਿਲੇ ਦਿਨ ਤੋਂ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਦੀਦੀ ਗਈ। ਅਮਿਤ ਸ਼ਾਹ ਦਾ ਵਾਰ-ਵਾਰ ‘‘ਦੋ ਸੌ ਤੋਂ ਪਾਰ’’ ਦਾ ਨਾਅਰਾ ਲਗਾਉਣਾ ਇੱਕ ਤਰ੍ਹਾਂ ਨਾਲ ਪੱਥਰ ’ਤੇ ਲਕੀਰ ਸਮਝਿਆ ਜਾਣ ਲੱਗ ਪਿਆ ਸੀ। ਚੋਣਾਂ ਲੜਨ ਦੀ ਰਣਨੀਤੀ ਦਾ ਇਹ ਇੱਕ ਹਿੱਸਾ ਜ਼ਰੂਰ ਹੈ ਪਰ ਭਾਜਪਾ ਦੇ ਚਾਣੱਕਿਆ ਇਹ ਭੁੱਲ ਗਏ ਕਿ ਕਈ ਵਾਰ ਲੋਕ ਇੱਕੋ ਸਟੀਰੀਓ ਵਾਰ-ਵਾਰ ਸੁਣਕੇ ਤੰਗ ਆ ਜਾਂਦੇ ਹਨ। ਖ਼ਾਸ ਤੌਰ ’ਤੇ ਉਸ ਵੇਲੇ ਜਦ ਆਪਣੇ ਵਿਰੋਧੀ ਨੂੰ ਕਿਸੇ ਸਾਜ਼ਿਸ਼ ਤਹਿਤ ‘‘ਵੀਲ੍ਹ ਚੇਅਰ’’ ਉਪਰ ਬੈਠਣ ਲਈ ਮਜਬੂਰ ਕਰ ਦਿੱਤਾ ਜਾਵੇ। ਅਮਿਤ ਸ਼ਾਹ ਦਾ ਦੋ ਸੌ ਤੋਂ ਪਾਰ ਦਾ ਨਾਅਰਾ ਸਮੇਂ ਦੀ ਗਰਦਿਸ਼ ਨੇ ਉਲਟਾ ਕਰ ਦਿੱਤਾ। ਸ਼ਿਵ ਸੈਨਾ ਦੇ ਲੀਡਰ ਸੰਜੇ ਰਾਉਤ ਦੇ ਕਹਿਣ ਮੁਤਾਬਕ ਬੰਗਾਲ ਦੀ ਸ਼ੇਰਨੀ ਨੇ 213 ਸੀਟਾਂ ਆਪਣੀ ਝੋਲੀ ਪਾ ਕੇ ਭਾਜਪਾ ਨੂੰ 77 ਸੀਟਾਂ ਤੱਕ ਮਹਿਦੂਦ ਕਰ ਦਿੱਤਾ। ਨਿਰਸੰਦੇਹ ਮਮਤਾ ਦੀ ਜਿੱਤ ਨੇ ਖ਼ਾਸ ਤੌਰ ’ਤੇ ਮੋਦੀ ਦੇ ਸਿਆਸੀ ਕੱਦ ਨੂੰ ਸਵਾਲਾਂ ਦੇ ਘੇਰੇ ਵਿੱਚ ਲੈ ਆਂਦਾ ਹੈ ਜਦਕਿ ਉਨ੍ਹਾਂ ਦੀ ਆਪਣੀ ਪਛਾਣ ਬੰਗਾਲ ਦੀਆਂ ਹੱਦਾਂ ਪਾਰ ਕਰਕੇ ਕੌਮੀ ਲੀਡਰ ਦੇ ਤੌਰ ’ਤੇ ਉਭੱਰਕੇ ਸਾਹਮਣੇ ਆਈ ਹੈ। ਐਨ. ਸੀ. ਪੀ. ਲੀਡਰ ਸ਼ਰਦ ਪਵਾਰ, ਰਾਹੁਲ ਗਾਂਧੀ, ਅਖਿਲੇਸ਼ ਯਾਦਵ, ਅਰਵਿੰਦ ਕੇਜਰੀਵਾਲ ਅਤੇ ਹੋਰ ਲੀਡਰਾਂ ਨੇ ਜਿਸ ਗਰਮਜੋਸ਼ੀ ਨਾਲ ਮਮਤਾ ਨੂੰ ਜਿੱਤ ਦੀ ਵਧਾਈ ਦਿੱਤੀ ਉਸ ਤੋਂ ਜਾਪਦਾ ਹੈ ਕਿ ਸਮੁੱਚੀ ਵਿਰੋਧੀ ਧਿਰ ਨੂੰ ਮਮਤਾ ਵਿੱਚ ਅਜਿਹਾ ਤਲਿਸਮ ਦਿਖਾਈ ਦੇ ਰਿਹਾ ਹੈ ਜੋ ਭਾਰਤ ਵਿੱਚ ਨਵੇਂ ਸਿਆਸੀ ਬਦਲਾਅ ਦਾ ਮੁੱਢ ਬੰਨ੍ਹ ਸਕਦਾ ਹੈ। ਅੱਜ ਤੱਕ ਅਜਿਹਾ ਸਮਝਿਆ ਜਾ ਰਿਹਾ ਸੀ ਕਿ ਮੋਦੀ ‘‘ਅਜਿੱਤ’’ ਹਨ ਪਰ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ ਨੂੰ ਜਦ ਕੋਈ ਲੀਡਰ ਨਜ਼ਰਅੰਦਾਜ਼ ਕਰਦਾ ਹੈ ਤਾਂ ਬਹੁਤ ਕੁੱਝ ਬਦਲ ਜਾਂਦਾ ਹੈ। ਦੇਸ਼ ਦੇ ਕਿਸਾਨ ਲੰਮੇਂ ਸਮੇਂ ਤੋਂ ਸਰਕਾਰ ਦੀ ਬੇਰੁਖ਼ੀ ਕਾਰਣ ਦਿੱਲੀ ਦੇ ਬਾਰਡਰ ਉਪਰ ਅੰਦੋਲਨ ਕਰ ਰਹੇ ਹਨ। ਅੱਜ ਉਨ੍ਹਾਂ ਦੇ ਚਿਹਰਿਆਂ ਉਪਰ ਚਮਕ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੰਗਾਲ ਵਿੱਚ ਭਾਜਪਾ ਦੀ ਹਾਰ, ਉਨ੍ਹਾਂ ਦੀ ਜਿੱਤ ਹੈ। ਕਿਸਾਨਾਂ ਨੇ ਤਾਂ ਇਸ ਖੁਸ਼ੀ ਵਿੱਚ ਲੱਡੂ ਵੀ ਵੰਡੇ। ਸਰਕਾਰ ਨੇ ਇੱਕ ਧਰਮ ਨੂੰ ਉਭਾਰਨ ਲਈ ਬਾਕੀ ਧਰਮਾਂ ਨੂੰ ਜਿਸ ਤਰ੍ਹਾਂ ਨਕਾਰਨ ਦੀ ਕੋਸ਼ਿਸ਼ ਕੀਤੀ ਇਹ ਉਸੇ ਦਾ ਸਿੱਟਾ ਹੈ ਕਿ ਬੰਗਾਲ ਦੇ ਲੋਕਾਂ ਨੇ ਹਿੰਦੂਵਾਦ ਦੇ ਨਾਅਰੇ ਨਾਲ ਆਪਣੀ ਆਵਾਜ਼ ਨਹੀਂ ਮਿਲਾਈ। ਮਮਤਾ ਬੈਨਰਜੀ ਬੇਸ਼ੱਕ ਬਹੁਤ ਥੋਹੜੀਆਂ ਵੋਟਾਂ ਦੇ ਫਰਕ ਨਾਲ ਨੰਦੀਗ੍ਰਾਮ ਤੋਂ ਹਾਰ ਗਈ ਹੈ ਪਰ ਫਿਰ ਵੀ ਹਾਰ ਦੇ ਬਾਵਜੂਦ ਉਹ ਜਿੱਤ ਗਈ। ਮਮਤਾ ਦੇ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਸਰਕਾਰ ਦੀ ਕਠਪੁਤਲੀ ਬਣਕੇ ਕੰਮ ਕਰ ਰਿਹਾ ਹੈ। ਅਜਿਹੀ ਸੂਰਤ ਵਿੱਚ ਜੇ ਇਸ ਤਰ੍ਹਾਂ ਕਿਹਾ ਜਾਵੇ ਕਿ ਮਮਤਾ ਹਾਰੀ ਨਹੀਂ ਬਲਕਿ ਹਰਾਈ ਗਈ ਹੈ ਤਾਂ ਗਲਤ ਨਹੀਂ ਹੋਵੇਗਾ। ਮੋਦੀ ਅਤੇ ਸ਼ਾਹ ਨੂੰ ਇਸ ਸ਼ਰਮਨਾਕ ਹਾਰ ਦੌਰਾਨ ਆਪਣੀ ‘‘ਮੌਰਲ ਸਪੋਰਟ’’ ਲਈ ਕੋਈ ਤਾਂ ਬਹਾਨਾ ਚਾਹੀਦਾ ਸੀ। ਭਾਜਪਾ ਨੇ ਬੰਗਾਲ ਵਿੱਚ ਆਪਣਾ ਸਿਆਸੀ ਸਫ਼ਰ ਤਿੰਨ ਅਸੰਬਲੀ ਸੀਟਾਂ ਨਾਲ ਸ਼ੁਰੂ ਕੀਤਾ ਅਤੇ ਅੱਜ 77 ’ਤੇ ਪਹੁੰਚ ਗਈ ਹੈ। ਇਸ ਨੂੰ ਉਹ ਵੱਡੀ ਪ੍ਰਾਪਤੀ ਸਮਝ ਸਕਦੀ ਹੈ ਪਰ ਉਸ ਦਾਅਵੇ ਦਾ ਕੀ ਜਵਾਬ ਹੈ ਕਿ ਦੀਦੀ ਦੇ ਜਾਣ ਦਾ ਸਮਾਂ ਆ ਗਿਆ? ਰਾਜਨੀਤੀ ਵਿੱਚ ਉਤਾਰ-ਚੜ੍ਹਾਅ ਆਉਣਾ ਲਾਜ਼ਮੀ ਹੈ। ਜੇਕਰ ਕੋਈ ਇਹ ਸਮਝੇ ਕਿ ਉਸਨੇ ਸਮੇਂ ਨੂੰ ਆਪਣੀ ਤੋਰੇ ਤੁਰਨ ਲਈ ਮਜਬੂਰ ਕਰ ਦਿੱਤਾ ਹੈ ਤਾਂ ਇਹ ਉਸਦੀ ਭੁੱਲ ਹੈ। ਸਮਾਂ ਬਹੁਤ ਬਲਵਾਨ ਹੈ। ਸਰਕਾਰ ਨੂੰ ਇਸ ਸੱਚਾਈ ਨੂੰ ਤਸਲੀਮ ਕਰਨਾ ਚਾਹੀਦਾ ਹੈ। ਪੰਜ ਰਾਜਾਂ ਦੇ ਨਤੀਜਿਆਂ ਨੇ ਜਿਥੇ ਭਾਜਪਾ ਨੂੰ ‘‘ਆਇਨਾ’’ ਵਿਖਾਇਆ ਉਥੇ ਕਾਂਗਰਸ ਦੀ ਹਾਲਤ ਹੋਰ ਖ਼ਸਤਾ ਹੋਈ ਹੈ। ਰਾਹੁਲ ਗਾਂਧੀ ਦੀ ਲੋਕਾਂ ਵਿੱਚ ਸਵੀਕਾਰਤਾ ਘਟੀ ਹੈ। ਤਾਮਿਲਨਾਡੂ ਵਿੱਚ ਸਵਰਗੀ ਕਰੁਣਾਨਿਧੀ ਦੇ ਬੇਟੇ ਸਟਾਲਿਨ ਨੇ ਆਪਣੇ ਪਿਤਾ ਦੀ ਵਿਰਾਸਤ ਦੀਆਂ ਜੜ੍ਹਾਂ ਮਜ਼ਬੂਤ ਕੀਤੀਆਂ ਹਨ। ਉਥੇ ਡੀ. ਐਮ. ਕੇ. ਦੀ ਸਰਕਾਰ ਬਣੇਗੀ। ਕੇਰਲਾ ਵਿੱਚ ਖੱਬੇ ਮੋਰਚੇ ਦਾ ਪਹਿਲਾਂ ਵਾਂਗ ਜਲਵਾ ਬਰਕਰਾਰ ਹੈ। ਆਸਾਮ ਵਿੱਚ ਫਿਰ ਭਾਜਪਾ ਜਿੱਤੀ ਹੈ ਅਤੇ ਪੁੱਡੂਚੇਰੀ ਵਿੱਚ ਵੀ ਉਹ ਸਰਕਾਰ ਬਣਾਏਗੀ। ਇਸ ਤਰ੍ਹਾਂ ਪੰਜ ਰਾਜਾਂ ਦੀਆਂ ਚੋਣਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਮੋਦੀ ਅਤੇ ਅਮਿਤ ਸ਼ਾਹ ਭਾਜਪਾ ਨੂੰ ਜਿਸ ਤਰ੍ਹਾਂ ਲੋਕਾਂ ਦੀ ਪਛਾਣ ਬਣਾਉਣਾ ਚਾਹੁੰਦੇ ਹਨ ਉਸ ਵਿੱਚ ਉਨ੍ਹਾਂ ਦਾ ਸਫ਼ਲ ਹੋਣਾ ਨਾਮੁਮਕਿਨ ਹੈ। ਭਾਰਤ ਇੱਕ ਲੋਕਰਾਜੀ ਦੇਸ਼ ਹੈ। ਇਥੇ ਜੇਕਰ ‘‘ਜੈ ਸ਼੍ਰੀ ਰਾਮ’’ ਬੋਲਿਆ ਜਾਂਦਾ ਹੈ ਤਾਂ ਦੂਜੇ ਧਰਮਾਂ ਦੇ ਗੁਰੂਆਂ ਨੂੰ ਵੀ ਯਾਦ ਕੀਤਾ ਜਾਂਦਾ ਹੈ। ਇਹ ਰਾਮ-ਰਹੀਮ ਦੀ ਧਰਤੀ ਹੈ।