ਰਜਿ: ਨੰ: PB/JL-124/2018-20
RNI Regd No. 23/1979

ਬੰਗਲਾਦੇਸ਼ ’ਚ ਵਾਪਰਿਆ ਕਿਸ਼ਤੀ ਹਾਦਸਾ, 25 ਦੀ ਮੌਤ ਤੇ ਕਈ ਲਾਪਤਾ

BY admin / May 03, 2021
ਢਾਕਾ, 3 ਮਈ, (ਯੂ.ਐਨ.ਆਈ.)- ਬੰਗਲਾਦੇਸ਼ ਵਿਚ ਇਕ ਬੇਹੱਦ ਭਿਆਨਕ ਕਿਸ਼ਤੀ ਹਾਦਸਾ ਹੋਇਆ ਹੈ, ਜਿਸ ਵਿਚ ਘੱਟੋ ਘੱਟ 25 ਲੋਕਾਂ ਦੀ ਮੌਤ ਹੋ ਗਈ ਹੈ। ਪੁਲਸ ਨੇ ਦੱਸਿਆ ਕਿ ਮੱਧ ਬੰਗਲਾਦੇਸ਼ ਵਿਚ ਦੋ ਕਿਸ਼ਤੀਆਂ ਦੀ ਟੱਕਰ ਹੋ ਗਈ, ਜਿਸ ਕਾਰਨ 25 ਲੋਕਾਂ ਦੀ ਮੌਤ ਹੋ ਗਈ। ਸਥਾਨਕ ਪੁਲਸ ਮੁਖੀ ਮਿਰਾਜ ਹੁਸੈਨ ਨੇ ਪੱਤਰਕਾਰ ਏਜੰਸੀ ਏ.ਐੱਫ.ਪੀ. ਨੂੰ ਦੱਸਿਆ ਕਿ ਅਸੀਂ ਪੰਜ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਹੈ ਤੇ 25 ਲਾਸ਼ਾਂ ਬਰਾਮਦ ਕੀਤੀਆਂ ਹਨ। ਜਕਿਰਯੋਗ ਹੈ ਕਿ ਬੰਗਲਾਦੇਸ਼ ਵਿਚ ਵੱਡੇ ਪੈਮਾਨੇ ਉੱਤੇ ਲੋਕ ਕਿਸ਼ਤੀ ਦੇ ਰਾਹੀਂ ਸਫਰ ਕਰਦੇ ਹਨ। ਪਰ ਖਰਾਬ ਦੇਖਭਾਲ ਦੇ ਚੱਲਦੇ ਅਕਸਰ ਹੀ ਕਿਸ਼ਤੀ ਹਾਦਸੇ ਹੁੰਦੇ ਰਹਿੰਦੇ ਹਨ। ਮਿਲੀ ਜਾਣਕਾਰੀ ਮੁਤਾਬਕ ਕਿਸ਼ਤੀਆਂ ਵਿਚਾਲੇ ਟੱਕਰ ਸਿਬਚਰ ਕਸਬੇ ਦੇ ਨੇੜੇ ਪਦਮਾ ਨਦੀ ਵਿਚ ਹੋਈ। ਦੱਸਿਆ ਗਿਆ ਹੈ ਕਿ ਘੱਟ ਤੋਂ ਘੱਟ 30 ਯਾਤਰੀਆਂ ਨਾਲ ਭਰੀ ਕਿਸ਼ਤੀ ਇਕ ਕਮਰਸ਼ੀਅਲ ਕਿਸ਼ਤੀ ਨਾਲ ਟਕਰਾ ਗਈ। ਇਹ ਕਮਰਸ਼ੀਅਲ ਕਿਸ਼ਤੀ ਬਾਲੂ ਲੈ ਕੇ ਸਿਬਚਰ ਕਸਬੇ ਵੱਲ ਜਾ ਰਹੀ ਸੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਵਿਚ ਕਈ ਲੋਕ ਫਿਲਹਾਲ ਲਾਪਤਾ ਹਨ। ਫਿਲਹਾਲ ਫਾਇਰ ਸਰਵਿਸ ਦੇ ਅਧਿਕਾਰੀਆਂ ਤੇ ਸਥਾਨਕ ਲੋਕਾਂ ਨੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਹੈ।