ਰਜਿ: ਨੰ: PB/JL-124/2018-20
RNI Regd No. 23/1979

ਪੀਐਮ ਮੋਦੀ ਨੇ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਨਾਲ ਫੋਨ ’ਤੇ ਕੀਤੀ ਗੱਲ, ਕੋਵਿਡ ਸਥਿਤੀ ’ਤੇ ਹੋਈ ਚਰਚਾ

BY admin / May 03, 2021
ਨਵੀਂ ਦਿੱਲੀ, 3 ਮਈ, (ਯੂ.ਐਨ.ਆਈ.)- ਕੋਰੋਨਾ ਮਹਾਂਮਾਰੀ ਦੇ ਚਲਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਰੋਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲਯੇਨ ਨਾਲ ਫੋਨ ‘ਤੇ ਗੱਲਬਾਤ ਕੀਤੀ। ਇਸ ਦੌਰਾਨ ਦੋਵੇਂ ਨੇਤਾਵਾਂ ਨੇ ਕੋਵਿਡ-19 ਦੀ ਮੌਜੂਦਾ ਸਥਿਤੀ ‘ਤੇ ਚਰਚਾ ਕੀਤੀ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਦੀ ਦੂਜੀ ਲਹਿਰ ਨੂੰ ਰੋਕਣ ਲਈ ਭਾਰਤ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ‘ਤੇ ਵੀ ਚਰਚਾ ਕੀਤੀ। ਇਸ ਮੌਕੇ ਪੀਐਮ ਮੋਦੀ ਨੇ ਕੋਰੋਨਾ ਦਾ ਮੁਕਾਬਲਾ ਕਰਨ ਲਈ ਯੂਰਪੀਅਨ ਕਮਿਸ਼ਨ ਵੱਲੋਂ ਮਿਲੀ ਮਦਦ ਲਈ ਉਹਨਾਂ ਦਾ ਧੰਨਵਾਦ ਕੀਤਾ। ਦੱਸ ਦਈਏ ਕਿ ਭਾਰਤ ਅਤੇ ਯੂਰਪੀਅਨ ਸੰਘ ਕਮਿਸ਼ਨ ਵਿਚਾਲੇ 8 ਮਈ ਨੂੰ ਇਕ ਮੀਟਿੰਗ ਹੋਣ ਜਾ ਰਹੀ ਹੈ, ਜਿਸ ਨੂੰ ਲੈ ਕੇ ਪ੍ਰਧਾਨ ਮੰਤਰੀ ਨੇ ਉਮੀਦ ਜਤਾਈ ਹੈ ਕਿ ਇਸ ਨਾਲ ਕੋਰੋਨਾ ਮਹਾਂਮਾਰੀ ਖਿਲਾਫ਼ ਰਣਨੀਤਕ ਭਾਈਵਾਲੀ ਨੂੰ ਇਕ ਨਵੀਂ ਦਿਸ਼ਾ ਮਿਲੇਗੀ। ਜ਼ਿਕਰਯੋਗ ਹੈ ਕਿ ਭਾਰਤ ‘ਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ ਰੀਕਾਰਡ 3,68,147 ਮਾਮਲੇ ਦਰਜ ਕੀਤੇ ਗਏ, ਜਿਸ ਤੋਂ ਬਾਅਦ ਕੁਲ ਮਾਮਲੇ 1,99,25,604 ਹੋ ਗਏ ਹਨ। ਇਲਾਜ ਅਧੀਨ ਮਾਮਲਿਆਂ ਦੀ ਗਿਣਤੀ ਹੁਣ 34 ਲੱਖ ਦੇ ਪਾਰ ਹੋ ਗਈ ਹੈ। ਅੰਕੜਿਆਂ ਮੁਤਾਬਕ ਇਕ ਦਿਨ ਵਿਚ 3,417 ਲੋਕਾਂ ਦੀ ਮੌਤ ਹੋਣ ਮਗਰੋਂ ਇਸ ਭਿਆਨਕ ਮਹਾਂਮਾਰੀ ਦੇ ਮਿ੍ਰਤਕਾਂ ਦੀ ਗਿਣਤੀ 2,18,959 ਹੋ ਗਈ ਹੈ।