ਰਜਿ: ਨੰ: PB/JL-124/2018-20
RNI Regd No. 23/1979

ਆਕਸੀਜਨ ਪਹੁੰਚਣ ’ਚ ਦੇਰੀ ਕਾਰਣ ਕਰਨਾਟਕ ਦੇ ਹਸਪਤਾਲ ਵਿਚ 24 ਮਰੀਜ਼ਾਂ ਦੀ ਮੌਤ

BY admin / May 03, 2021
ਨਵੀਂ ਦਿੱਲੀ, 3 ਮਈ, (ਯੂ.ਐਨ.ਆਈ.)- ਦੇਸ਼ ਵਿਚ ਆਕਸੀਜਨ ਦੀ ਕਮੀ ਕਾਰਨ ਮੌਤਾਂ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ। ਹੁਣ ਕਰਨਾਟਕ ਦੇ ਚਾਮਰਾਜਨਗਰ ਵਿਚ ਆਕਸੀਜਨ ਦੀ ਕਮੀ ਕਾਰਨ 24 ਮਰੀਜਾਂ ਦੀ ਮੌਤ ਹੋ ਗਈ ਹੈ। ਇਥੇ ਇਕ ਹਸਪਤਾਲ ਵਿਚ ਆਕਸੀਜਨ ਦੀ ਕਮੀ ਕਾਰਨ 24 ਮਰੀਜਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਬੀਤੀ ਅੱਧੀ ਰਾਤ ਦਾ ਹੈ। ਹਾਦਸੇ ਦੇ ਬਾਅਦ ਮੈਸੂਰ ਤੋਂ ਚਾਮਰਾਜਨਗਰ ਦੇ ਲਈ ਢਾਈ ਸੌ ਆਕਸੀਜਨ ਸਿਲੰਡਰ ਭੇਜੇ ਗਏ। ਦਰਅਸਲ ਚਾਮਰਾਜਨਗਰ ਹਸਪਤਾਲ ਨੂੰ ਬੇਲਾਰੀ ਤੋਂ ਆਕਸੀਜਨ ਮਿਲਦਾ ਸੀ ਪਰ ਆਕਸੀਜਨ ਆਉਣ ਵਿਚ ਦੇਰੀ ਹੋ ਗਈ, ਜਿਸ ਕਾਰਨ ਇੰਨਾ ਵੱਡਾ ਹਾਦਸਾ ਹੋ ਗਿਆ। ਦੇਸ਼ ‘ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੂੰ ਕਾਬੂ ਕਰਨ ਲਈ ਸੁਪਰੀਮ ਕੋਰਟ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਲਾਕਡਾਊਨ ‘ਤੇ ਵਿਚਾਰ ਕਰਨ ਦੀ ਗੱਲ ਕਹੀ ਹੈ। ਐਤਵਾਰ ਰਾਤ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਸਮੂਹਕ ਸਮਾਰੋਹਾਂ ਅਤੇ ਪ੍ਰੋਗਰਾਮਾਂ ‘ਤੇ ਰੋਕ ਲਗਾਉਣ ‘ਤੇ ਵਿਚਾਰ ਕਰਨ ਦੀ ਅਪੀਲ ਕਰਾਂਗੇ। ਸੁਪਰੀਮ ਕੋਰਟ ਨੇ ਸਰਕਾਰਾਂ ਨੂੰ ਕਿਹਾ ਕਿ ਉਹ ਲੋਕ ਕਲਿਆਣ ਦੇ ਹਿੱਤ ‘ਚ ਦੂਜੀ ਲਹਿਰ ਦੇ ਵਾਇਰਸ ‘ਤੇ ਰੋਕ ਲਗਾਉਣ ਲਈ ਲਾਕਡਾਊਨ ‘ਤੇ ਵਿਚਾਰ ਕਰ ਸਕਦੇ ਹਨ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ‘ਚ ਸਥਿਤੀ ਨੂੰ ਗੰਭੀਰ ਹੁੰਦੇ ਦੇਖ ਸੁਪਰੀਮ ਕੋਰਟ ਨੇ ਖੁਦ ਹੀ ਮਾਮਲੇ ਨੂੰ ਨੋਟਿਸ ਲੈਂਦੇ ਹੋਏ ਕਿਹਾ ਕਿ ਜੇਕਰ ਕਿਸੇ ਮਰੀਜ ਕੋਲ ਕਿਸੇ ਸੂਬੇ/ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਸਥਾਨਕ ਪਤਾ ਪ੍ਰਮਾਣ ਪੱਤਰ ਜਾਂ ਆਈ.ਡੀ. ਪਰੂਫ ਨਹੀਂ ਹੈ ਤਾਂ ਵੀ ਉਸ ਨੂੰ ਹਸਪਤਾਲ ‘ਚ ਦਾਖਲ ਕਰਨ ਅਤੇ ਜਰੂਰੀ ਦਵਾਈਆਂ ਦੇਣ ਤੋਂ ਮਨ੍ਹਾ ਨਹੀਂ ਕੀਤਾ ਜਾ ਸਕਦਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਸੰਬੰਧ ‘ਚ 2 ਹਫਤਿਆਂ ਅੰਦਰ ਹਸਪਤਾਲ ‘ਚ ਦਾਖਲ ਹੋਣ ਸੰਬੰਧੀ ਰਾਸ਼ਟਰੀ ਨੀਤੀ ਲਿਆਏ। ਕੋਰਟ ਨੇ ਕਿਹਾ ਕਿ ਇਹ ਨੀਤੀ ਸਾਰੀਆਂ ਸੂਬਾ ਸਰਕਾਰਾਂ ਵਲੋਂ ਮੰਨੀ ਜਾਣੀ ਚਾਹੀਦੀ ਹੈ। ਸੁਪਰੀਮ ਕੋਰਟ ਨੇ ਸਾਫ ਕਰ ਦਿੱਤਾ ਹੈ ਕਿ ਜਦੋਂ ਤੱਕ ਨੀਤੀ ਨਹੀਂ ਬਣਦੀ ਹੈ, ਉਦੋਂ ਤੱਕ ਕਿਸੇ ਵੀ ਮਰੀਜ ਨੂੰ ਬਿਨ੍ਹਾਂ ਸਥਾਨਕ ਅਡਰੈੱਸ ਪਰੂਫ ਜਾਂ ਆਈ.ਡੀ. ਪਰੂਫ ਦੇ ਵੀ ਹਸਪਤਾਲ ‘ਚ ਦਾਖਲ ਹੋਣ ਤੋਂ ਨਹੀਂ ਰੋਕਿਆ ਜਾ ਸਕਦਾ ਹੈ। ਉੱਥੇ ਹੀ ਦਿੱਲੀ ਦੇ ਹਸਪਤਾਲਾਂ ‘ਚ ਆਕਸੀਜਨ ਦੀ ਘਾਟ ਨੂੰ ਲੈ ਕੇ ਕੋਰਟ ਨੇ ਆਦੇਸ਼ ‘ਚ ਕਿਹਾ ਹੈ ਕਿ ਦਿੱਲੀ ਦੀ ਆਕਸੀਜਨ ਦੀ ਸਪਲਾਈ 3 ਮਈ ਦੀ ਰਾਤ ਜਾਂ ਉਸ ਤੋਂ ਪਹਿਲਾਂ ਠੀਕ ਕਰ ਲਈ ਜਾਵੇ। ਕੇਂਦਰ ਸਰਕਾਰ ਆਕਸੀਜਨ ਦੀ ਸਪਲਾਈ ਦੀ ਵਿਵਸਥਾ ਸੂਬਿਆਂ ਨਾਲ ਵਿਚਾਰ ਚਰਚਾ ਨਾਲ ਤਿਆਰ ਕਰੇ। ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਦੀ ਮਾਰ ਝੱਲ ਰਹੇ ਭਾਰਤ ਵਿੱਚ ਨਵੇਂ ਕੇਸ ਲਗਾਤਾਰ ਵਧ ਰਹੇ ਹਨ। ਇਨ੍ਹਾਂ ‘ਤੇ ਕਾਬੂ ਪਾਉਣ ਲਈ ਸੁਪਰੀਮ ਕੋਰਟ ਨੇ ਅੱਜ ਕੇਂਦਰ ਤੇ ਰਾਜ ਸਰਕਾਰਾਂ ਨੂੰ ਲੌਕਡਾਊਨ ‘ਤੇ ਗੰਭੀਰਤਾ ਨਾਲ ਵਿਚਾਰ ਕਰਨ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਸਰਕਾਰਾਂ ਨੂੰ ਕਿਹਾ ਹੈ ਕਿ ਉਹ ਲੋਕ ਭਲਾਈ ਦੇ ਹਿੱਤ ਵਿੱਚ ਦੂਜੀ ਲਹਿਰ ਦੇ ਵਾਇਰਸ ਨੂੰ ਰੋਕਣ ਲਈ ਲੌਕਡਾਊਨ ਲਗਾਉਣ ਬਾਰੇ ਵਿਚਾਰ ਕਰ ਸਕਦੇ ਹਨ। ਇਹ ਗੱਲ ਸੁਪਰੀਮ ਕੋਰਟ ਨੇ ਇੱਕ ਅਜਿਹੇ ਸਮੇਂ ਕਹੀ ਹੈ ਜਦੋਂ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਚਾਰ ਲੱਖ ਦੇ ਨੇੜੇ ਪਹੁੰਚ ਗਏ ਹਨ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਲੌਕਡਾਊਨ ਲਾਉਣ ਤੋਂ ਪਹਿਲਾਂ, ਸਰਕਾਰ ਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਸ ਦਾ ਸਮਾਜਿਕ ਅਤੇ ਆਰਥਿਕ ਪ੍ਰਭਾਵ ਘੱਟ ਹੋਵੇ। ਅਦਾਲਤ ਦੇ ਅਨੁਸਾਰ, ਉਨ੍ਹਾਂ ਲੋਕਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ, ਜੋ ਲੌਕਡਾਊਨ ਤੋਂ ਪ੍ਰਭਾਵਿਤ ਹੋ ਸਕਦੇ ਹਨ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਿੱਚ ਸਥਿਤੀ ਗੰਭੀਰ ਹੁੰਦੀ ਵੇਖਦਿਆਂ ਸੁਪਰੀਮ ਕੋਰਟ ਨੇ ਇਸ ਕੇਸ ਦਾ ਖੁਦ ਹੀ ਨੋਟਿਸ ਲੈਂਦਿਆਂ ਕਿਹਾ ਹੈ ਕਿ ਭਾਵੇਂ ਕਿਸੇ ਮਰੀਜ਼ ਕੋਲ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਦਾ ਸਥਾਨਕ ਪਤਾ ਪ੍ਰਮਾਣ ਪੱਤਰ ਜਾਂ ਆਈ ਡੀ ਪ੍ਰਮਾਣ ਨਹੀਂ ਹੈ ਫਿਰ ਵੀ ਉਸ ਨੂੰ ਹਸਪਤਾਲ ਵਿੱਚ ਦਾਖਲ ਹੋਣ ਅਤੇ ਲੋੜੀਂਦੀਆਂ ਦਵਾਈਆਂ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸੁਪਰੀਮ ਕੋਰਟ ਨੇ ਕਿਹਾ ਕੇਂਦਰ ਨੂੰ ਵੈਕਸੀਨ ਦੀ ਕੀਮਤ, ਆਕਸੀਜਨ ਅਤੇ ਜ਼ਰੂਰੀ ਦਵਾਈਆਂ ਦੀ ਉਪਲੱਬਧਤਾ ‘ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਦੱਸ ਦੇਈਏ ਕਿ ਕੋਰੋਨਾ ਮਹਾਂਮਾਰੀ ਦੇ ਰੋਜ਼ਾਨਾ ਕੇਸਾਂ ਦੇ ਮਾਮਲੇ ਵਿੱਚ ਭਾਰਤ ਦੂਜੇ ਮੁਲਕਾਂ ਨਾਲੋਂ ਅੱਗੇ ਚੱਲ ਰਿਹਾ ਹੈ। ਇਸ ਦੌਰਾਨ ਹਸਪਤਾਲਾਂ ਵਿੱਚ ਬਿਸਤਰਿਆਂ ਦੀ ਘਾਟ ਪਾਈ ਜਾ ਰਹੀ ਹੈ ਤੇ ਆਕਸੀਜਨ ਦੀ ਕਮੀ ਕਾਰਨ ਬਹੁਤ ਸਾਰੇ ਮਰੀਜ਼ ਦਮ ਤੋੜ ਰਹੇ ਹਨ। ਭਾਰਤ ‘ਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ ਰੀਕਾਰਡ ਮਾਮਲੇ ਦਰਜ ਕੀਤੇ ਗਏ ਹਨ। ਪਿਛਲੇ 24 ਘੰਟਿਆਂ ‘ਚ ਵਾਇਰਸ ਦੇ ਰੀਕਾਰਡ 3,68,147 ਮਾਮਲੇ ਦਰਜ ਕੀਤੇ ਗਏ ਹਨ, ਜਿਸ ਤੋਂ ਬਾਅਦ ਕੁਲ ਮਾਮਲੇ 1,99,25,604 ਹੋ ਗਏ ਹਨ। ਇਲਾਜ ਅਧੀਨ ਮਾਮਲਿਆਂ ਦੀ ਗਿਣਤੀ ਹੁਣ 34 ਲੱਖ ਦੇ ਪਾਰ ਹੋ ਗਈ ਹੈ। ਅੰਕੜਿਆਂ ਮੁਤਾਬਕ ਇਕ ਦਿਨ ਵਿਚ 3,417 ਲੋਕਾਂ ਦੀ ਮੌਤ ਹੋਣ ਮਗਰੋਂ ਇਸ ਭਿਆਨਕ ਮਹਾਮਾਰੀ ਦੇ ਮਿ੍ਰਤਕਾਂ ਦੀ ਗਿਣਤੀ 2,18,959 ਹੋ ਗਈ ਹੈ।ਅੰਕੜਿਆਂ ਮੁਤਾਬਕ ਬੀਮਾਰੀ ਤੋਂ ਸਿਹਤਮੰਦ ਹੋਣ ਵਾਲੇ ਲੋਕਾਂ ਦੀ ਗਿਣਤੀ 1,62,93,003 ਹੋ ਗਈ ਹੈ। ਜੇਕਰ ਟੀਕਾਕਰਨ ਦੀ ਗੱਲ ਕੀਤੀ ਜਾਵੇ ਤਾਂ ਹੁਣ ਤਕ ਕੁਲ 15,71,98,207 ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗ ਚੁੱਕੀ ਹੈ। ਪੰਜਾਬ ਵਿੱਚ ਲਾਗ ਕਰਕੇ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਕਰੋਨਾ ਕਰਕੇ 157 ਜਣਿਆਂ ਦੀ ਮੌਤ ਹੋ ਗਈ ਹੈ। ਜਿਸ ਨਾਲ ਮੌਤਾਂ ਦੀ ਗਿਣਤੀ 9317 ‘ਤੇ ਪਹੁੰਚ ਗਈ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 24 ਘੰਟਿਆਂ ਵਿੱਚ 7327 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 5244 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਗਈ ਹੈ। ਸੂਬੇ ਵਿੱਚ ਹੁਣ ਤੱਕ 73,40,768 ਜਣਿਆਂ ਦੇ ਸੈਂਪਲ ਲਏ ਗਏ ਹਨ ਜਿਨ੍ਹਾਂ ਵਿੱਚੋਂ 3,85,270 ਜਣੇ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿੱਚੋਂ 3,15,845 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਕਰ ਦਿੱਤੀ ਗਈ ਹੈ। ਇਸ ਸਮੇਂ ਸੂਬੇ ਵਿੱਚ 60,108 ਐਕਟਿਵ ਕੇਸ ਹਨ। ਸਿਹਤ ਵਿਭਾਗ ਅਨੁਸਾਰ 24 ਘੰਟਿਆਂ ਦੌਰਾਨ ਬਠਿੰਡਾ ‘ਚ 18, ਲੁਧਿਆਣਾ ‘ਚ 17, ਅੰਮਿ੍ਰਤਸਰ ‘ਚ 15, ਫਾਜ਼ਿਲਕਾ ‘ਚ 13, ਸੰਗਰੂਰ ‘ਚ 12, ਗੁਰਦਾਸਪੁਰ ‘ਚ 11, ਪਟਿਆਲਾ ‘ਚ 9, ਜਲੰਧਰ ‘ਚ 8, ਹੁਸ਼ਿਆਰਪੁਰ ‘ਚ 7, ਮੁਹਾਲੀ ਅਤੇ ਮੁਕਤਸਰ ‘ਚ 7-7, ਫਰੀਦਕੋਟ, ਮੋਗਾ ‘ਚ 5-5, ਫਿਰੋਜ਼ਪੁਰ, ਤਰਨਤਾਰਨ ‘ਚ 4-4, ਫਤਿਹਗੜ੍ਹ ਸਾਹਿਬ, ਪਠਾਨਕੋਟ, ਮਾਨਸਾ, ਰੋਪੜ ‘ਚ 3-3, ਕਪੂਰਥਲਾ ‘ਚ 2, ਬਰਨਾਲਾ ‘ਚ 1 ਜਣੇ ਦੀ ਮੌਤ ਹੋ ਗਈ ਹੈ।