ਰਜਿ: ਨੰ: PB/JL-124/2018-20
RNI Regd No. 23/1979

ਐਸ ਜੈਸ਼ੰਕਰ ਨੇ ਕੈਨੇਡਾ ਦੇ ਵਿਦੇਸ਼ ਮੰਤਰੀ ਨਾਲ ਦੁਵੱਲੇ ਮੁੱਦਿਆਂ ’ਤੇ ਕੀਤੀ ਚਰਚਾ

BY admin / May 06, 2021
ਲੰਡਨ, 6 ਮਈ, (ਯੂ.ਐਨ.ਆਈ.)- ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕੈਨੇਡਾ ਦੇ ਵਿਦੇਸ਼ ਮੰਤਰੀ ਮਾਰਕ ਗਾਰਨੋ ਨਾਲ ਜੀ-7 ਸੰਮੇਲਨ ਤੋਂ ਬਾਅਦ ਡਿਜ਼ੀਟਲ ਬੈਠਕ ਕੀਤੀ। ਇਸ ਦੌਰਾਨ ਕੋਵਿਡ-19 ਮਹਾਂਮਾਰੀ ਨਾਲ ਪੈਦਾ ਹੋਈਆਂ ਚੁਣੌਤੀਆਂ ਅਤੇ ਦੁਵੱਲੇ ਸਬੰਧਾਂ ਦੇ ਹੋਰ ਪਹਿਲੂਆਂ ‘ਤੇ ਚਰਚਾ ਕੀਤੀ। ਜੀ-7 ਸਮੂਹ ਦੇ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਅਤੇ ਵਿਕਾਸ ਮੰਤਰੀਆਂ ਦੀ ਬੈਠਕ ਵਿੱਚ ਬਤੌਰ ਮਹਿਮਾਨ ਹਿੱਸਾ ਲੈਣ ਲਈ ਬਰਤਾਨੀਆ ਦੇ ਵਿਦੇਸ਼ ਮੰਤਰੀ ਡੋਮਿਨਿਕ ਰਾਬ ਦੇ ਸੱਦੇ ‘ਤੇ ਜੈਸ਼ੰਕਰ ਲੰਡਨ ਵਿੱਚ ਪੁੱਜੇ ਹੋਏ ਹਨ। ਉਨ੍ਹਾਂ ਤੋਂ ਇਲਾਵਾ ਆਸਟਰੇਲੀਆ, ਦੱਖਣੀ ਕੋਰੀਆ ਦੇ ਵਿਦੇਸ਼ ਮੰਤਰੀ ਵੀ ਆਸਿਆਨ (ਦੱਖਣ ਪੂਰਬ ਏਸ਼ੀਆਈ ਦੇਸ਼ਾਂ ਦੇ ਸੰਘ) ਦੇਸ਼ਾਂ ਦੇ ਮੁੱਖੀਆਂ ਨਾਲ ਬਤੌਰ ਮਹਿਮਾਨ ਬਰਤਾਨੀਆ ਦੀ ਦੁਨੀਆ ਦੇ ਮੁੱਖ ਲੋਕਤੰਤਰਾਂ ਨੂੰ ਜੋੜਨ ਦੀ ਹਿੰਦ-ਪ੍ਰਸ਼ਾਂਤ ਨੀਤੀ ਦਾ ਹਿੱਸਾ ਹਨ। ਜੈਸ਼ੰਕਰ ਨੇ ਟਵੀਟ ਕਰਦਿਆਂ ਕਿਹਾ ਕਿ ਜੀ-7 ਦੌਰਾਨ ਕੈਨੇਡਾ ਦੇ ਵਿਦੇਸ਼ ਮੰਤਰੀ ਮਾਰਕੋ ਗਾਰਨੋ ਨਾਲ ਉਪਯੋਗੀ ਡਿਜ਼ੀਟਲ ਬੈਠਕ ਦੌਰਾਨ ਦੋਵਾਂ ਪੱਖਾਂ ਨੇ ਮਿਆਂਮਾਰ ‘ਤੇ ਆਪਣੇ ਵਿਚਾਰ ਰੱਖੇ। ਮਿਆਂਮਾਰ ਦੀ ਫੌਜ ਨੇ 1 ਫਰਵਰੀ ਨੂੰ ਆਂਗ ਸਾਨ ਸੂ ਕੀ ਦੀ ਅਗਵਾਈ ਵਾਲੀ ਚੁਣੀ ਹੋਈ ਸਰਕਾਰ ਦਾ ਤਖ਼ਤਾਪਲਟ ਕਰ ਦਿੱਤਾ ਸੀ ਅਤੇ ਦੇਸ਼ ਵਿੱਚ ਐਮਰਜੰਸੀ ਦਾ ਐਲਾਨ ਦਿੱਤੀ ਸੀ। ਸੂ ਕੀ ਉਨ੍ਹਾਂ ਅੰਦਾਜ਼ਨ 3400 ਲੋਕਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਜੁੰਟਾ ਨੇ ਹੁਣ ਵੀ ਬੰਧਕ ਬਣਾਇਆ ਹੋਇਆ ਹੈ। ਭਾਰਤ ਹਿਰਾਸਤ ਵਿੱਚ ਲਏ ਗਏ ਨੇਤਾਵਾਂ ਦੀ ਰਿਹਾਈ ਦੀ ਅਪੀਲ ਕਰਦਾ ਰਿਹਾ ਹੈ। ਬੈਠਕ ਦੀ ਗੱਲਬਾਤ ਦਾ ਇੱਕ ਵੱਡਾ ਹਿੱਸਾ ਕੋਰੋਨਾ ਮਹਾਂਮਾਰੀ ਦੇ ਮੁੱਦੇ ‘ਤੇ ਕੇਂਦਰਤ ਰਿਹਾ। ਇਸ ਤੋਂ ਇਲਾਵਾ ਵੈਕਸੀਨ ਉਤਪਾਦਨ ਅਤੇ ਸਪਲਾਈ ਚੇਨ ਨੂੰ ਲੈ ਕੇ ਵੀ ਚਰਚਾ ਹੋਈ। ਇਸ ਦੇ ਨਾਲ ਹੀ ਜੈਸ਼ੰਕਰ ਨੇ ਬਰਤਾਨੀਆ ਦੇ ਵਿਦੇਸ਼ ਮੰਤਰੀ ਡੋਮਿਨਿਕ ਰਾਬ ਦਾ ਇਸ ਸੱਦੇ ਲਈ ਧੰਨਵਾਦ ਕੀਤਾ। ਦੱਸ ਦੇਈਏ ਕਿ ਜੀ-7 ਇੱਕ-ਸਰਕਾਰੀ ਸੰਸਥਾ ਹੈ, ਜਿਸ ਦੀ ਸਥਾਪਨਾ ਸਾਲ 1975 ਵਿੱਚ ਕੀਤੀ ਗਈ ਸੀ। ਜੀ-7 ਉਦਯੋਗਿਕ ਤੌਰ ‘ਤੇ ਵਿਕਸਤ ਲੋਕਤੰਤਰਕ ਦੇਸ਼ਾਂ ਭਾਵ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਯੂਨਾਇਟਡ ਕਿੰਗਡਮ, ਜਪਾਨ, ਅਤੇ ਸੰਯੁਕਤ ਰਾਜ ਅਮਰੀਕਾ ਦਾ ਸਮੂਹ ਹੈ। ਵਿਸ਼ਵ ਆਰਥਿਕ ਸ਼ਾਸਨ, ਕੌਮਾਂਤਰੀ ਸੁਰੱਖਿਆ ਅਤੇ ਊਰਜਾ ਨੀਤੀ ਜਿਹੇ ਆਮ ਹਿੱਤ ਦੇ ਮੁੱਦਿਆਂ ‘ਤੇ ਚਰਚਾ ਕਰਨ ਲਈ ਸੰਗਠਨ ਦੇ ਮੈਂਬਰ ਦੇਸ਼ਾਂ ਦੀ ਬੈਠਕ ਹੋਰ ਸਾਲ ਆਯੋਜਤ ਕੀਤੀ ਜਾਂਦੀ ਹੈ। ਸੰਮੇਲਨ ਦੇ ਦੌਰਾਨ ਯੂਰਪੀ ਸੰਘ, ਕੌਮਾਂਤਰੀ ਮੁਦਰਾ ਕੋਸ਼, ਵਿਸ਼ਵ ਬੈਂਕ ਅਤੇ ਸੰਯੁਕਤ ਰਾਸ਼ਟਰ ਜਿਹੇ ਮਹੱਤਵਪੂਰਨ ਕੌਮਾਂਤਰੀ ਸੰਗਠਨਾਂ ਦੇ ਪ੍ਰਤੀਨਿਧੀਆਂ ਨੂੰ ਵੀ ਸੱਦਾ ਦਿੱਤਾ ਜਾਂਦਾ ਹੈ।