ਰਜਿ: ਨੰ: PB/JL-124/2018-20
RNI Regd No. 23/1979

ਗੁਰਦੁਆਰਾ ਪਾਤਸ਼ਾਹੀ ਨੌਂਵੀਂ ਧਮਤਾਨ ਸਾਹਿਬ ਜੀ

BY admin / June 09, 2021
ਗੁਰਦੁਆਰਾ ਧਮਤਾਨ ਸਾਹਿਬ ਨੂੰ ਨੌਂਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ਼ ਬਹਾਦਰ  ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਹ ਅਸਥਾਨ ਜੀਂਦ ਸੜਕ ਤੇ ਟੋਹਾਣਾ ਤੋਂ 12 ਕਿਲੋਮੀਟਰ ਦੂਰ ਹੈ। ਰੇਲਵੇ ਸਟੇਸ਼ਨ ਧਮਤਾਨ ਤੋਂ ਡੇਢ ਕਿਲੋਮੀਟਰ ਦੱਖਣ-ਪੱਛਮ ਵੱਲ ਹੈ। ਇਸ ਅਸਥਾਨ ਦਾ ਨਾ ਪਹਿਲਾ ‘ਧਮਤੋਨ’ ਸੀ। ਸੂਬਾ ਸਰਕਾਰ ਨੇ ਬਦਲ ਕੇ ਇਸ ਦਾ ਨਾਂ ਧਮਤਾਨ ਸਾਹਿਬ ਰੱਖ ਦਿੱਤਾ।
ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਇਸ ਪਿੰਡ ਵਿੱਚ ਦੋ ਵਾਰ ਆਏ। ਪਹਿਲੀ ਵਾਰ 1666ਈ: ਸੰਮਤ 1723 ਬਿਕਰਮੀ ਵਿੱਚ ਅਤੇ ਦੂਜੀ ਵਾਰ 1675ਈ: ਸੰਮਤ 1732 ਬਿਕਰਮੀ ਨੂੰ ਆਏ। ਗੁਰੂ ਜੀ ਪਹਿਲੀ ਵਾਰ ਯਾਤਰਾ ਸਮੇਂ ਇੱਥੇ ਤਿੰਨ ਮਹੀਨੇ ਠਹਿਰੇ ਸਨ। ਪੋਠੋਹਾਰ ਦੀ ਸੰਗਤ ਨੇ ਗੁਰੂ ਜੀ ਨੂੰ ਬਹੁਤ ਮਾਇਆ ਭੇਟ ਕੀਤੀ। ਇੱਥੋਂ ਦੇ ਵਸਨੀਕ ਚੌਧਰੀ ਦੱਗੋ ਨੇ ਗੁਰੂ ਸਾਹਿਬ ਦੀ ਦੁੱਧ ਆਦਿ ਨਾਲ ਸੇਵਾ ਕੀਤੀ। ਗੁਰੂ ਸਾਹਿਬ ਨੇ ਉਸ ਨੂੰ ਬਾਂਗਰ ਦੇਸ਼ ਦਾ ਮਸੰਦ ਥਾਪਿਆ ਅਤੇ ਉਸ ਨੂੰ ਮਾਇਆ ਦੇ ਕੇ ਹੁਕਮ ਦਿੱਤਾ।
ਹੁਕਮ ਕਰਯੋ ਬਡ ਰੂਪ ਖੁਨਾਵਹੁ।
ਧਨ ਗਨ ਲਾਇ ਨੀਕ ਬਿਨਵਾਵਹੁ।
ਇਸ ਥਲ ਧਰਮਸਾਲ ਚਿਨਵਾਵਹੁ।
ਕੋ ਸਿੱਖ ਸਾਧ ਬਹੁਰ ਬੈਠਾਵਹੁ।
ਬਿ੍ਰੰਦ ਮਹੀਰਹੁ ਸਫਲ ਮਗਾਵਹੁ।
ਧਨ ਕੋ ਖਰਚਹੁ ਬਾਗ਼  ਲਗਾਵਹੁ। 
ਭਾਵ ਇਹ ਕਿ ਇਸ ਧਨ ਨਾਲ ਤੁਸੀਂ ਖੂਹ ਲਗਾਉ, ਧਰਮਸਾਲਾ ਬਣਾਓ। ਉਸ ਵਿੱਚ ਕੋਈ ਗੁਣਵਾਨ ਸਿੱਖ ਸਾਧੂ ਬਿਠਾਓ। ਇਸ ਧਰਮਸਾਲ (ਗੁਰਦੁਆਰੇ) ਦੇ ਨਾਲ ਬਾਗ਼ ਲਵਾ ਕੇ ਉਸ ਵਿੱਚ ਫਲਦਾਰ ਦਰਖ਼ਤ ਲਗਾਓ। ਇਹ ਕੰਮ ਸ਼ਰਧਾ ਨਾਲ ਕਰਨਾ ਤੇ ਮਨ ਵਿੱਚ ਲੋਭ-ਲਾਲਚ ਨਹੀਂ ਲਿਆਉਣਾ। ਜੇ ਇਹ ਰੁਪਏ ਕਿਸੇ ਹੋਰ ਥਾਂ ਤੇ ਖ਼ਰਚ ਕਰੋਗੇ ਤਾਂ ਵਿਅਰਥ ਜਾਣਗੇ।  ਗੁਰੂ ਸਾਹਿਬ ਭਾਈ ਦੱਗੋ ਨੂੰ ਹੁਕਮ ਦੇ ਕੇ ਚਲੇ ਗਏ ਪਰ ਭਾਈ ਦੱਗੋ ਨੇ ਉਹ ਮਾਇਆ ਆਪਣੀ ਜ਼ਮੀਨ ਵਿੱਚ ਨਿੱਜੀ ਮਕਾਨ ਬਣਾਉਣ ਤੇ ਅਤੇ ਖੂਹ ਉਸਾਰਨ ਤੇ ਖਰਚ ਕਰ ਦਿੱਤੀ। ਕੁਝ ਸਮੇਂ ਬਾਅਦ ਦੱਗੋ ਦਿੱਲੀ ਜਾਂਦਾ ਹੋਇਆ ਗੁਰੂ ਜੀ ਨੂੰ ਮਿਲਿਆ ਤਾਂ ਗੁਰੂ ਜੀ ਨੇ ਦੱਗੋ ਨੂੰ ਪੁੱਛਿਆ, ‘‘ਭਾਈ! ਉਹ ਮਾਇਆ ਧਰਮਸਾਲਾ ਤੇ ਖੂਹ ਉਸਾਰਨ ਤੇ ਖ਼ਰਚ ਕਰ ਦਿੱਤੀ ਹੈ ਜਾਂ ਨਹੀਂ।’’ ਤਾਂ ਦੱਗੋ ਨੇ ਉੱਤਰ ਦਿੱਤਾ, ‘‘ਮਹਾਰਾਜ! ਮੈਂ ਉਹ ਮਾਇਆ ਆਪਣੇ ਨਿੱਜੀ ਮਕਾਨ ਬਣਾਉਣ ਅਤੇ ਖੂਹ ਉਸਾਰਨ ਤੇ ਖ਼ਰਚ ਕਰ ਦਿੱਤੀ ਹੈ।’’ ਗੁਰੂ ਜੀ ਨੇ ਦੱਗੋ ਦੀ ਭੁੱਲ ਬਖ਼ਸ਼ਦੇ ਹੋਏ ਕਿਹਾ ਕਿ ਖੂਹ ਤੇ ਤੰਬਾਕੂ ਨਾ ਹੀ ਬੀਜਣੀ ਹੈ ਤੇ ਨਾ ਹੀ ਧਰਮਸਾਲਾ ਵਿੱਚ ਤੰਬਾਕੂ ਰੱਖੀਂ। ਪਿੰਡ ਆ ਕੇ ਦੱਗੋ ਚੌਧਰੀ ਨੇ ਫਿਰ ਦੋਵੋਂ ਗੱਲਾਂ ਭੁਲਾ ਦਿੱਤੀਆਂ। ਗੁਰੂ ਜੀ ਨੂੰ ਜਦ ਇਸ ਹੁਕਮ ਅਦੁਲੀ ਦਾ ਪਤਾ ਲੱਗਾ ਤਾਂ ਸੰਮਤ 1723 ਬਿਕਰਮੀ ਸੰਨ 1675 ਈ: ਵਿੱਚ ਗੁਰੂ ਸਾਹਿਬ, ਦੁਬਾਰਾ ਇਸ ਅਸਥਾਨ ਤੇ ਆਏ ਤਾਂ ਸੰਗਤਾਂ ਦੀ ਸ਼ਿਕਾਇਤ ਤੇ ਗੁਰੂ ਸਾਹਿਬ ਨੇ ਫ਼ਰਮਾਨ ਜਾਰੀ ਕੀਤਾ ਕਿ
ਦੱਗੋ! ਤੇਰੇ ਘਰ ਲਿਟਣਗੇ ਗੱਦੋ।
ਜਿੱਥੇ ਕੂਆ ਨਾ ਚੱਕ,
ਇੱਥੇ ਉੱਗਣਗੇ ਅੱਕ। 
ਨਤੀਜਾ ਇਹ ਹੋਇਆ ਕਿ ਦੱਗੋ ਕਿਸਾਨ ਉੱਜੜ-ਪੁੱਜੜ ਗਿਆ। ਗੁਰੂ ਸਾਹਿਬ ਜੀ ਦੇ ਨਾਲ ਇਸ ਸਮੇਂ ਭਾਈ ਨੰਦ ਲਾਲ ਜੀ ਦੇ ਖ਼ਾਨਦਾਨ ਵਿੱਚੋਂ ਭਾਈ ਰਾਮਦੇਵ ਨਾਂ ਦਾ ਇੱਕ ਸ਼ਰਧਾਲੂ ਵੀ ਮੌਜੂਦ ਸੀ। ਜੋ ਬੜੀ ਸੇਵਾ ਕਰਦਾ ਸੀ। ਇੱਕ ਦਿਨ ਭਾਈ ਰਾਮਦੇਵ ਨੇ ਮਸਤ ਹੋ ਕੇ ਗੁਰੂ ਦਰਬਾਰ ਅੱਗੇ ਅਜਿਹਾ ਜਲ ਦਾ ਛਿੜਕਾ ਕੀਤਾ ਕਿ ਇੱਕ ਤਰ੍ਹਾਂ ਨਾਲ ਮੀਂਹ ਪਾ ਦਿੱਤਾ। ਗੁਰੂ ਸਾਹਿਬ ਨੇ ਖ਼ੁਸ਼ ਹੋ ਕੇ ਉਸ ਨੂੰ ‘ਭਾਈ ਮੀਹਾਂ’ ਦੀ ਪਦਵੀ ਪ੍ਰਦਾਨ ਕੀਤੀ ਤੇ ਕਿਹਾ, ‘‘ ਸਿੱਖਾ! ਤੇਰੀ ਸੇਵਾ ਥਾਂਇ ਪਈ ਹੈ।’’ ਗੁਰੂ ਸਾਹਿਬ ਤੋਂ ਬਖ਼ਸ਼ਿਸ਼ਾਂ ਲੈ ਕੇ ਝੰਡਾ ਹੱਥ ਵਿੱਚ ਫੜਿਆ ਤੇ ਗੁਰੂ ਜੀ ਦੀਆਂ ਖੜਾਵਾਂ ਲੈ ਕੇ ਉਸ ਨਗਰ ਵਿੱਚ ਸਤਿਨਾਮੁ ਵਾਹਿਗੁਰੂ ਦਾ ਸੰਦੇਸ਼ ਦਿੰਦਾ ਹੋਇਆ ਵਿਚਰਨ ਲੱਗਾ। ਭਾਈ ਮੀਹਾਂ ਜੀ ਇਸ ਧਾਰਮਿਕ ਅਸਥਾਨ ਦੇ ਪਹਿਲੇ ਮਹੰਤ ਸਨ ਜਿਨ੍ਹਾਂ ਨੇ ਤਨ-ਮਨ ਕਰਕੇ ਗੁਰੂ ਜੀ ਦੇ ਹੁਕਮ ਦੀ ਪਾਲਣਾ ਕੀਤੀ। ਉਹਨਾਂ ਨੇ ਗੁਰੂ ਸਾਹਿਬ ਦਾ ਉਪਦੇਸ਼ ਮਾਲਵਾ, ਦੁਆਬਾ, ਮਾਂਝਾ ਤੇ ਸਿੰਧ ਦੀਆਂ ਸੰਗਤਾਂ ਤੱਕ ਪਹੁੰਚਾਇਆ।  1693 ਵਿੱਚ ਦੱਗੋ ਦੇ ਦਿਹਾਂਤ ਮਗਰੋਂ ਗੁਰੂ ਗੋਬਿੰਦ ਸਿੰਘ ਨੇ ਵੀ ਧਮਤਾਨ ਵਿੱਚ ਆਪਣੇ ਚਰਨ ਪਾਏ। ਭਾਈ ਦੱਗੋ ਦੇ ਬੇਟੇ ਭਾਈ ਨਗਾਹੀਆ ਨੇ ਤਨਦੇਹੀ ਨਾਲ ਗੁਰੂ ਸਾਹਿਬ ਦੀ ਸੇਵਾ ਕੀਤੀ। ਗੁਰੂ ਸਾਹਿਬ ਨੇ ਭਾਈ ਨਗਾਹੀਆ ਨੂੰ ਬਾਂਗਰ ਦੇਸ਼ ਦਾ ਮਸੰਦ ਥਾਪਿਆ।  ਧਮਤਾਨ ਸਾਹਿਬ ਪਹਿਲਾਂ ਰਿਆਸਤ ਪਟਿਆਲਾ ਤਹਿਸੀਲ ਸੁਨਾਮ ਦਾ ਪਿੰਡ ਸੀ। ਸੰਨ 1798-1845 ਵਿੱਚ ਪਟਿਆਲੇ ਦਾ ਮਹਾਰਾਜਾ ਕਰਮ ਸਿੰਘ ਨੇ ਬੜੀ ਸ਼ਰਧਾ ਨਾਲ ਬਹੁਤ ਸਾਰਾ ਧਨ ਖ਼ਰਚ ਕਰਕੇ ਇਸ ਅਸਥਾਨ ਦੀ ਉਸਾਰੀ ਕਰਵਾਈ। ਇਹ ਇਮਾਰਤ ਇੱਕ ਹਵੇਲੀ ਵਰਗੀ ਹੈ। ਇਸ ਤੇ ਬਹੁਤੀ ਲੱਕੜ ਹੀ ਇਸਤੇਮਾਲ ਕੀਤੀ ਗਈ ਹੈ। ਪ੍ਰਕਾਸ਼ ਅਸਥਾਨ ਉਸ ਥਾਂ ਤੇ ਬਣਿਆ ਹੈ। ਜਿੱਥੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਬਿਰਾਜੇ ਸਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉੱਚੇ ਥੜ੍ਹੇ ਤੇ ਵਿਚਕਾਰ ਕੀਤਾ ਜਾਂਦਾ ਹੈ। ਮਹਾਰਾਜਾ ਕਰਮ ਸਿੰਘ ਨੇ ਗੁਰਦੁਆਰੇ ਦਾ ਨਿਰਮਾਣ ਕਰਾਉਣ ਦੇ ਨਾਲ-ਨਾਲ ਸੇਵਾ ਸੰਭਾਲ ਲਈ 3200 ਰੁਪਏ ਸਾਲਾਨਾ ਤੇ 2200 ਵਿੱਘੇ ਜ਼ਮੀਨ ਗੁਰਦੁਆਰੇ ਦੇ ਨਾਂ ਲਗਵਾ ਦਿੱਤੀ। ਉਸ ਸਮੇਂ ਗੁਰਦੁਆਰੇ ਦਾ ਪ੍ਰਬੰਧ ਭਾਈ ਅਘੜ ਸਿੰਘ ਮਹੰਤ ਦੇ ਹੱਥ ਵਿੱਚ ਰਿਹਾ ਤੇ 1956 ਤੋਂ ਪੈਪਸੂ ਪੰਜਾਬ ਕਾਇਮ ਹੋਣ ਤੇ ਇਸ ਇਤਿਹਾਸਕ ਸਥਾਨ ਦਾ ਪ੍ਰਬੰਧ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਰਤਸਰ ਦੇ ਹੱਥ ਆ ਗਿਆ।  ਗੁਰਦੁਆਰਾ ਸਾਹਿਬ ਵਿੱਚ ਇੱਕ ਇਤਿਹਾਸਿਕ ਯਾਦਗਾਰ ਵਜੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ੍ਰੀ ਸਾਹਿਬ (ਕਿ੍ਰਪਾਨ) ਰੱਖੀ ਹੋਈ ਹੈ। ਇਹ ਸ੍ਰੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਮਤ 1765 ਬਿਕਰਮੀ ਸੰਨ 1708 ਈ: ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ੍ਰੀ ਅਬਿਚਲ ਨਗਰ ਹਜ਼ੂਰ ਸਾਹਿਬ ਨਾਂਦੇੜ ਦੱਖਣ ਵਿੱਚ ਉਸ ਦੇ ਪੰਜਾਬ ਨੂੰ ਚਾਲੇ ਪਾਉਣ ਸਮੇਂ ਦਿੱਤੀ ਸੀ। ਇਸ ਸ੍ਰੀ ਸਾਹਿਬ ਦਾ ਫਲ ਦੋ ਫੁੱਟ ਸਾਢੇ ਛੇ ਇੰਚ ਲੰਬਾ, ਵਿਚਕਾਰੋਂ ਸਵਾ ਇੰਚ ਚੌੜਾ ਮੁੱਠ ਧਾਰੀਦਾਰ ਰਹੰਮਾ ਜਮਨਾ ਸੋਨੇ-ਚਾਂਦੀ ਦੀ ਹੈ।  ਸ਼੍ਰੀ ਗੁਰੂ ਗੋਬਿੰਦਰ ਸਿੰਘ ਜੀ ਨੇ ਇਸ ਇਤਿਹਾਸਕ ਅਸਥਾਨ ਨੂੰ ਸੱਚ-ਖੰਡ ਸ਼੍ਰੀ ਹਜ਼ੂਰ ਸਾਹਿਬ ਦੀ ਡਿਉੜੀ ਦਾ ਵਰ ਦਿੱਤਾ ਹੋਇਆ ਹੈ। ਹਜ਼ੂਰ ਸਾਹਿਬ ਦੀ ਯਾਤਰਾ ਨੂੰ ਜਾਣ ਵਾਲੇ ਪਹਿਲਾਂ ਇਸ ਅਸਥਾਨ ਤੇ ਯਾਤਰਾ ਕਰਕੇ ਫਿਰ ਸ਼੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਲਈ ਜਾਂਦੇ ਸਨ।  ਇਸ ਅਸਥਾਨ ਤੇ ਹਰ ਮਹੀਨੇ ਚੌਦਸ ਤੇ ਮੱਸਿਆ ਦੀ ਦਰਮਿਆਨੀ ਰਾਤ ਨੂੰ ਬੜਾ ਭਾਰੀ ਧਾਰਮਿਕ ਦੀਵਾਨ ਸਜਦਾ ਹੈ। ਇਸ ਤੋਂ ਇਲਾਵਾ ਹਰ ਸਾਲ ਦੋ ਮੇਲੇ ਹੋਲਾ-ਮਹੱਲਾ ਅਤੇ ਦੁਸਹਿਰਾ ਬੜੀ ਧੂਮਧਾਮ ਨਾਲ ਮਨਾਏ ਜਾਂਦੇ ਹਨ। ਧਮਤਾਨ ਸਾਹਿਬ ਵਿੱਚ ਸਿੱਖਾਂ ਦੀ ਵੱਸੋਂ ਘੱਟ ਹੋਣ ਕਾਰਨ, ਆਸ-ਪਾਸ ਦੇ ਪਿੰਡਾਂ ਤੋਂ ਅਤੇ ਦੂਰ-ਦੁਰੇਡੇ ਤੋਂ ਸੰਗਤਾਂ ਦਰਸ਼ਨਾਂ ਲਈ ਆਉਂਦੀਆਂ ਹਨ। ਇਸ ਨਗਰ ਦੇ ਨਵੇਂ ਵਿਆਹੇ ਜੋੜੇ ਸੱਜ-ਧੱਜ ਕੇ, ਢੋਲ-ਢਮੱਕੇ ਤੇ  ਬੈਂਡ ਵਾਜਿਆਂ ਨਾਲ ਗੁਰੂ ਘਰ ਵਿੱਚ ਪੁੱਜ ਕੇ ਨਿਸ਼ਾਨ ਸਾਹਿਬ ਦੀ ਚਾਰ ਵਾਰ ਪਰਕਰਮਾ ਕਰਦੇ ਹਨ। ਯਾਤਰੀਆਂ ਦੀ ਰਿਹਾਇਸ਼ ਲਈ ਸੁਚੱਜਾ ਪ੍ਰਬੰਧ ਹੈ। ਗੁਰੂ ਕਾ ਲੰਗਰ ਅਤੁੱਟ ਵਰਤਦਾ ਹੈ। 
ਕਰਨੈਲ ਸਿੰਘ ਐਮ. ਏ.