ਰਜਿ: ਨੰ: PB/JL-124/2018-20
RNI Regd No. 23/1979

ਕੀ ਪੰਜਾਬ ਵਿੱਚ ਡੇਰਾ ਪੇ੍ਰਮੀ ਭਾਜਪਾ ਦੀ ਬੇੜੀ ਪਾਰ ਲਾਉਣਗੇ?
 
BY admin / June 09, 2021
ਡੇਰਾ ਸਿਰਸਾ ਮੁਖੀ ਰਾਮ ਰਹੀਮ ਬੇਸ਼ੱਕ ਆਪਣੇ ਗਲਤ ਕੰਮਾਂ ਕਾਰਣ ਸਜ਼ਾ ਭੁਗਤ ਰਿਹਾ ਹੈ ਪਰ ਪਿਛਲੇ ਕੁੱਝ ਸਮੇਂ ਤੋਂ ਜਿਸ ਤਰ੍ਹਾਂ ਉਹ ਚਰਚਾ ਵਿੱਚ ਹੈ ਉਸ ਨੂੰ ਵੇਖਕੇ ਕਈ ਤਰ੍ਹਾਂ ਦੇ ਸਵਾਲ ਪੈਦਾ ਹੋ ਰਹੇ ਹਨ। ਰਾਮ ਰਹੀਮ ਅੱਜ ਸਲਾਖ਼ਾਂ ਪਿੱਛੇ ਹੈ ਫਿਰ ਵੀ ਉਸਦੇ ਸ਼ਰਧਾਲੂਆਂ ਵਿੱਚ ਕਮੀਂ ਨਹੀਂ ਆਈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਮਾਲਵੇ ਵਿੱਚ ਡੇਰਾ ਪੇ੍ਰਮੀਆਂ ਦਾ ਕਾਫ਼ੀ ਪ੍ਰਭਾਵ ਹੈ। ਇਹੀ ਕਾਰਣ ਹੈ ਕਿ ਚੋਣਾਂ ਮੌਕੇ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਦੀਆਂ ਮਾਲਵੇ ਵਿੱਚ ਸਰਗਰਮੀਆਂ ਵਧ ਜਾਂਦੀਆਂ ਹਨ। ਡੇਰਾ ਮੁਖੀ ਨੂੰ ਜਦ ਅਦਾਲਤ ਨੇ ਸਜ਼ਾ ਸੁਣਾਈ ਉਸ ਵੇਲੇ ਸਮਝਿਆ ਜਾ ਰਿਹਾ ਸੀ ਕਿ ਰਾਮ ਰਹੀਮ ਦੇ ਜੇਲ੍ਹ ਜਾਣ ਦੇ ਬਾਅਦ ਉਸਦੀ ਮਾਇਆ ਨਗਰੀ ਦੀ ਖੇਡ ਖ਼ਤਮ ਹੋ ਜਾਵੇਗੀ ਪਰ ਅਜਿਹਾ ਨਹੀਂ ਹੋਇਆ। ਰਾਮ ਰਹੀਮ ਅੰਦਰ ਹੈ ਪਰ ਬਾਹਿਰ ਉਸਦੇ ਨਾਂ ਦਾ ਜਲਵਾ ਬਰਕਰਾਰ ਹੈ। ਇਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਰਾਮ ਰਹੀਮ ਤੋਂ ਬੇਸ਼ੱਕ ਸਾਰੀਆਂ ਪਾਰਟੀਆਂ ਦੇ ਲੀਡਰ ਅਸ਼ੀਰਵਾਦ ਲੈਂਦੇ ਰਹੇ ਹਨ ਪਰ ਭਾਰਤੀ ਜਨਤਾ ਪਾਰਟੀ ਉਪਰ ਉਸਦੀ ਵਿਸ਼ੇਸ਼ ਨਜ਼ਰੇ-ਇਨਾਇਤ ਰਹੀ ਹੈ। ਹਰਿਆਣੇ ਵਿੱਚ ਭਾਜਪਾ ਨੂੰ ਸੱਤਾ ਦੀ ਕੁਰਸੀ ’ਤੇ ਬਿਠਾਉਣ ਵਿੱਚ ਡੇਰਾ ਮੁਖੀ ਨੇ ਜੋ ਭੂਮਿਕਾ ਨਿਭਾਈ ਉਹ ਕਿਸੇ ਤੋਂ ਲੁਕੀ ਨਹੀਂ। ਇਸ ਸੰਦਰਭ ਵਿੱਚ ਜੇਕਰ ਭਾਜਪਾ ਦੀ ਪੰਜਾਬ ਇਕਾਈ ਨੂੰ ਜ਼ੇਰੇ-ਗ਼ੌਰ ਲਿਆਈਏ ਤਾਂ ਇਸ ਸੰਭਾਵਨਾ ਨੂੰ ਦਰਗੁਜ਼ਰ ਨਹੀਂ ਕੀਤਾ ਜਾ ਸਕਦਾ ਕਿ ਪੰਜਾਬ ਵਿੱਚ ਚੋਣਾਂ ਮੌਕੇ ਭਾਜਪਾ, ਡੇਰਾ ਪੇ੍ਰਮੀਆਂ ਨੂੰ ਆਪਣੇ ਭਰੋਸੇ ਵਿੱਚ ਲੈਣ ਦੀ ਕੋਸ਼ਿਸ਼ ਕਰ ਸਕਦੀ ਹੈ। ਜਿਥੋਂ ਤੱਕ ਅਕਾਲੀ ਦਲ ਦਾ ਸਵਾਲ ਹੈ ਉਹ ਇਸ ਵਾਰ ਅਜਿਹਾ ਨਹੀਂ ਕਰੇਗਾ ਕਿਉਕਿ ਉਸ ਉਪਰ ਪਹਿਲਾਂ ਹੀ ਰਾਮ ਰਹੀਮ ਨਾਲ ਹੱਥ ਮਿਲਾਉਣ ਦਾ ਦੋਸ਼ ਲੱਗ ਚੁੱਕਾ ਹੈ। ਭਾਜਪਾ ਜੇ ਡੇਰਾ ਪ੍ਰੇਮੀਆਂ ਦੀ ਬਾਂਹ ਫੜ੍ਹਕੇ ਹਰਿਆਣੇ ਵਿੱਚ ਸੱਤਾ ਦੀ ਕੁਰਸੀ ’ਤੇ ਬੈਠ ਸਕਦੀ ਹੈ ਤਾਂ ਪੰਜਾਬ ਵਿੱਚ ਵੀ ਅਜਿਹਾ ਕਰਨ ਬਾਰੇ ਸੋਚ ਸਕਦੀ ਹੈ। ਪੰਜਾਬ ਵਿੱਚ ਭਾਜਪਾ ਅੱਜ ਜਿਥੇ ਖੜੀ ਹੈ ਉਸ ਨੂੰ ਵੇਖਕੇ ਜਾਪਦਾ ਹੈ ਕਿ ਪੰਜਾਬ ਦੀ ਸਿਆਸੀ ਧਰਤੀ ਉਪਰ ਪੈਰ ਰੱਖਣ ਲਈ ਉਸ ਨੂੰ ਜਗ੍ਹਾ ਨਹੀਂ ਮਿਲ ਰਹੀ। ਕਿਸਾਨਾਂ ਦਾ ਵਿਰੋਧ ਕਰਕੇ ਭਾਜਪਾ ਨੇ ਪੰਜਾਬ ਵਿੱਚ ਆਪਣੀ ਵਿਦਾਇਗੀ ਲਈ ਰਾਹ ਪੱਧਰਾ ਕਰ ਲਿਆ ਹੈ। ਭਾਜਪਾ ਲੀਡਰ ਅਨਿਲ ਜੋਸ਼ੀ ਦੇ ਬਾਅਦ ਹੁਣ ਮਾਸਟਰ ਮੋਹਨ ਲਾਲ ਨੇ ਵੀ ਕੇਂਦਰੀ ਲੀਡਰਾਂ ਨੂੰ ਕਿਸਾਨਾਂ ਦੀ ਮੰਗ ਮੰਨਣ ਉਪਰ ਜ਼ੋਰ ਪਾਇਆ ਹੈ। ਉਹ ਵੀ ਜਾਣ ਗਏ ਹਨ ਕਿ ਕਿਸਾਨਾਂ ਦਾ ਵਿਰੋਧ ਕਰਕੇ ਭਾਜਪਾ ਪੰਜਾਬ ਵਿੱਚ ਆਪਣੇ ਚੰਗੇ ਦਿਨਾਂ ਦੀ ਆਸ ਨਹੀਂ ਕਰ ਸਕਦੀ। ਜੇਕਰ ਕਿਸੇ ਵੀ ਹਾਲਤ ਵਿੱਚ ਸਰਕਾਰ ਅਤੇ ਕਿਸਾਨਾਂ ਵਿਚਕਾਰ ਸਮਝੌਤਾ ਨਹੀਂ ਹੁੰਦਾ ਤਾਂ ਭਾਜਪਾ ਕੋਲ ਕੇਵਲ ਸਿਰਸਾ ਮੁਖੀ ਦਾ ਹੀ ਸਹਾਰਾ ਹੈ। ਇਸ ਸਬੰਧ ਵਿੱਚ ਸਾਡਾ ਕਹਿਣਾ ਹੈ ਕਿ ਚੋਣਾਂ ਵਿੱਚ ਹਾਲੇ ਸਮਾਂ ਹੈ। ਤਦ ਤੱਕ ਕਿਹੋ ਜਿਹੇ ਹਾਲਾਤ ਅਤੇ ਸੰਭਾਵਨਾਵਾਂ ਪੈਦਾ ਹੁੰਦੀਆਂ ਹਨ ਕੋਈ ਨਹੀਂ ਜਾਣਦਾ ਫਿਰ ਵੀ ਜੇਕਰ ਭਾਜਪਾ ਨੇ ਡੇਰਾ ਪੇ੍ਰਮੀਆਂ ਨਾਲ ਹੱਥ ਮਿਲਾਕੇ ਚੋਣ ਮੈਦਾਨ ਵਿੱਚ ਉਤਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਸਿੱਖ ਭਾਈਚਾਰੇ ਦੇ ਜ਼ੋਰਦਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲੇ ਤੱਕ ਬੇਅਦਬੀ ਕਾਂਡ ਨੂੰ ਲੈ ਕੇ ਸਿੱਖਾਂ ਦੀ ਨਾਰਾਜ਼ਗੀ ਲਗਾਤਾਰ ਜਾਰੀ ਹੈ। ਇਸ ਦੌਰਾਨ ਭਾਜਪਾ ਨੇ ਜੇ ਡੇਰਾ ਪੇ੍ਰਮੀਆਂ ਨੂੰ ਹਾਸ਼ੀਏ ’ਚੋਂ ਕੱਢ ਕੇ ਮੋਹਰਲੀ ਕਤਾਰ ਵਿੱਚ ਖੜੇ ਕਰਨ ਬਾਰੇ ਸੋਚਿਆ ਤਾਂ ਇਹ ਬਲ੍ਹਦੀ ਉਪਰ ਤੇਲ ਪਾਉਣ ਦੇ ਬਰਾਬਰ ਹੋਵੇਗਾ। ਅਕਾਲੀ ਦਲ ਭਾਵੇਂ ਜਾਂਚ ਰਿਪੋਰਟ ਹਾਈ ਕੋਰਟ ਵਲੋਂ ਰੱਦ ਕੀਤੇ ਜਾਣ ਦੇ ਬਾਅਦ ਰਾਹਤ ਮਹਿਸੂਸ ਕਰ ਰਿਹਾ ਹੈ ਪਰ ਸਿੱਖਾਂ ਨੇ ਉਸ ਨੂੰ ਮੁਆਫ਼ ਕਰ ਦਿੱਤਾ ਹੋਵੇ, ਅਜਿਹਾ ਨਹੀਂ ਹੈ। ਪੰਜਾਬ ਸਰਕਾਰ ਵੀ ਇਸ ਮੁੱਦੇ ’ਤੇ ਦੋ ਧੜਿਆਂ ਵਿੱਚ ਵੰਡੀ ਗਈ ਹੈ। ਸੱਚਾਈ ਇਹ ਹੈ ਕਿ ਬੇਅਦਬੀ ਕਾਂਡ ਲਈ ਡੇਰਾ ਪੇ੍ਰਮੀ ਜ਼ਿੰਮੇਵਾਰ ਹਨ ਜਿਨ੍ਹਾਂ ਨੇ ਇਸ ਗੱਲ ਨੂੰ ਮੰਨਿਆ ਹੈ। ਅਜਿਹੀ ਹਾਲਤ ਵਿੱਚ ਕੋਈ ਵੀ ਪਾਰਟੀ ਜੇ ਡੇਰੇ ਤੋਂ ਸਮਰਥਨ ਮੰਗੇਗੀ ਤਾਂ ਉਹ ਨਾ ਕੇਵਲ ਉਸ ਪਾਰਟੀ ਲਈ ਬਲਕਿ ਪੰਜਾਬ ਲਈ ਠੀਕ ਨਹੀਂ ਹੋਵੇਗਾ। ਇਸ ਦੌਰਾਨ ਇਹ ਸੰਭਾਵਨਾ ਲਗਾਤਾਰ ਬਣੀ ਹੋਈ ਹੈ ਕਿ ਪੰਜਾਬ ਅਤੇ ਯੂ. ਪੀ. ਵਿੱਚ ਚੋਣਾਂ ਤੋਂ ਪਹਿਲਾਂ ਕਿਸਾਨਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾਉਣ ਲਈ ਸਰਕਾਰ ਆਪਣੇ ਅਹੰਕਾਰ ਦੀ ਸਿਖ਼ਰ ਤੋਂ ਹੇਠਾਂ ਉਤੱਰ ਕੇ ਕਿਸਾਨਾਂ ਨਾਲ ਹੱਥ ਮਿਲਾ ਸਕਦੀ ਹੈ। ਰਾਜਨੀਤੀ ਵਿੱਚ ਸਭ ਸੰਭਵ ਹੈ। ਉਝ ਵੀ ਪੱਛਮੀ ਬੰਗਾਲ ਵਿੱਚ ਭਾਜਪਾ ਦੀ ਹਾਰ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਪਹਿਲਾਂ ਵਾਲੇ ਜਲਾਲ ਵਿੱਚ ਨਹੀਂ ਹਨ। ਪੰਜਾਬ ਵਿੱਚ ਭਾਜਪਾ ਦੀ ਹਾਰ ਉਨ੍ਹਾਂ ਦੀ ਛਵੀ ਨੂੰ ਹੋਰ ਢਾਅ ਲਗਾਕੇ, ਆਰ. ਐਸ. ਐਸ. ਨੂੰ ਕਿਸੇ ਵੱਡੇ ਬਦਲਾਅ ਬਾਰੇ ਸੋਚਣ ਲਈ ਮਜਬੂਰ ਕਰ ਸਕਦੀ ਹੈ। ਇਸ ਤਰ੍ਹਾਂ ਪੰਜਾਬ ਵਿੱਚ ਭਾਜਪਾ ਨੂੰ ਬਚਾਉਣਾ ਕੇਂਦਰ ਦੀ ਪ੍ਰਾਥਮਿਕਤਾ ਬਣ ਸਕਦੀ ਹੈ। ਇਸ ਨੂੰ ਕਿਸ ਤਰ੍ਹਾਂ ਅਮਲੀਜਾਮਾ ਪਹਿਨਾਇਆ ਜਾਂਦਾ ਹੈ, ਇਹ ਵੇਖਣ ਵਾਲੀ ਗੱਲ ਹੋਵੇਗੀ।