ਰਜਿ: ਨੰ: PB/JL-124/2018-20
RNI Regd No. 23/1979

ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ  ’ਆਪਸਚ ਮਿਲ ਕੇ ਵਿਧਾਨ ਸਭਾ ਚੋਣਾਂ ਲੜ ਸਕਦੇ ਹਨ
 
BY admin / June 09, 2021
ਜਲੰਧਰ, 9 ਜੂਨ, (ਪਨਵਦੀਪ ਸਿੰਘ)- ਪੰਜਾਬ ‘ਚ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਟੁੱਟਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਹੁਣ ਬਹੁਜਨ ਸਮਾਜ ਪਾਰਟੀ ਦੇ ਨਾਲ ਮਿਲ ਕੇ ਵਿਧਾਨ ਸਭਾ ਚੋਣਾਂ 2022 ਲੜਨ ਦੀ ਤਿਆਰੀ ਕਰ ਰਿਹਾ ਹੈ। ਪੰਜਾਬ ਵਿੱਚ ਜਲਦ ਹੀ ਅਕਾਲੀ ਦਲ ਅਤੇ ਬਸਪਾ ਵਿਚਕਾਰ ਗੱਠਜੋੜ ਹੋ ਸਕਦਾ ਹੈ। ਪਿਛਲੇ ਕਰੀਬ 2 ਮਹੀਨਿਆਂ ਤੋਂ ਮੈਰਾਥਨ ਦੀਆਂ ਕੀਤੀਆਂ 3 ਬੈਠਕਾਂ ਤੋਂ ਬਾਅਦ ਉਨ੍ਹਾਂ ਨੇ ਆਖਰ ਇਸ ਗਠਜੋੜ ਨੂੰ ਆਖਰੀ ਰੂਪ ਦੇ ਦਿੱਤਾ। ਹਾਲਾਂਕਿ ਇਸ ਦੇ ਬਾਰੇ ਦੋਵਾਂ ਪਾਰਟੀਆਂ ਨੇ ਅਜੇ ਤੱਕ ਕੋਈ ਰਸਮੀ ਐਲਾਨ ਨਹੀਂ ਕੀਤਾ ਅਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਦੋਵਾਂ ਧਿਰਾਂ ਨੇ ਸੀਟਾਂ ਨੂੰ ਲੈ ਕੇ ਅਜੇ ਤੱਕ ਕੋਈ ਫੈਸਲਾ ਨਹੀਂ ਕੀਤਾ। ਚਰਚਾ ਇਹ ਵੀ ਹੈ ਕਿ ਅਕਾਲੀ ਦਲ ਅਤੇ ਬਸਪਾ ਵਿਚਾਲੇ ਗੱਠਜੋੜ ਲੱਗਭਗ ਤੈਅ ਹੋ ਚੁੱਕਾ ਹੈ ਅਤੇ ਇਸ ਬਾਰੇ ਮਹਿਜ ਰਸਮੀ ਐਲਾਨ ਬਾਕੀ ਰਹਿ ਗਿਆ ਹੈ। ਸੂਤਰਾਂ ਮੁਤਾਬਕ ਦੋਵਾਂ ਪਾਰਟੀਆਂ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਵੀ ਸਮਝੌਤਾ ਹੋ ਚੁੱਕਾ ਹੈ। ਸ੍ਰੋਮਣੀ ਅਕਾਲੀ ਦਲ ਭਾਜਪਾ ਦੀ ਤਰ੍ਹਾਂ ਹੀ ਬਸਪਾ ਨੂੰ ਸੀਮਤ ਸੀਟਾਂ ਦੇਣਾ ਚਾਹੁੰਦੀ ਹੈ ਪਰ ਸੂਤਰਾਂ ਤੋਂ ਪਤਾ ਲੱਗਾ ਕਿ ਬਸਪਾ ਵਧੇਰੇ ਸੀਟਾਂ ਦੀ ਮੰਗ ਕਰ ਰਹੀ ਹੈ। ਬਸਪਾ ਲਗਭਗ 30 ਫੀਸਦੀ ਸੀਟਾਂ ਭਾਵ 37 ਤੋਂ 40 ਸੀਟਾਂ ਦੀ ਮੰਗ ਕਰ ਰਿਹਾ ਹੈ, ਜਦਕਿ ਸ੍ਰੋਮਣੀ ਅਕਾਲੀ ਦਲ ਉਨ੍ਹਾਂ ਨੂੰ ਸਿਰਫ 18 ਸੀਟਾਂ ਹੀ ਦੇਣਾ ਚਾਹੁੰਦੀ ਹੈ। ਸ੍ਰੋਮਣੀ ਅਕਾਲੀ ਦਲ ਦੇ ਡਾ: ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਸਬੰਧ ਵਿੱਚ ਇੱਕ ਰਣਨੀਤੀ ਤਿਆਰ ਕਰ ਰਿਹਾ ਹੈ। ਪੰਜਾਬ ਦੀਆਂ ਚੋਣਾਂ ਨੂੰ ਦਲਿਤ ਵੋਟ ਬੈਂਕ ਵੱਡੇ ਤੌਰ ‘ਤੇ ਪ੍ਰਭਾਵਿਤ ਕਰਦਾ ਹੈ।ਖਾਸ ਕਰਕੇ ਦੋਆਬੇ ਦੇ ਖੇਤਰ ਵਿੱਚ ਦਲਿਤ ਵੋਟਾਂ ਦੀ ਗਿਣਤੀ ਕਾਫੀ ਜਅਿਾਦਾ ਹੈ। ਹਰ ਸਿਆਸੀ ਦਲ ਇਹ ਵੋਟ ਕੈਸ਼ ਕਰਨ ਲਈ ਸਮੇਂ-ਸਮੇਂ ‘ਤੇ ਕਈ ਤਰ੍ਹਾਂ ਦੇ ਐਲਾਨ ਕਰਦੇ ਰਹੇ ਹਨ। ਗੌਰਤਲਬ ਹੈ ਕਿ ਪੰਜਾਬ ਵਿੱਚ ਚਿਰਾਂ ਤੋਂ ਦਲਿਤ ਚਿਹਰੇ ਨੂੰ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਬਣਾਉਣ ਦੀ ਮੰਗ ਉੱਠ ਰਹੀ ਹੈ ਪਰ ਕਿਸੇ ਵੀ ਸਰਕਾਰ ਨੇ ਇਹ ਮੰਗ ਪੂਰੀ ਨਹੀਂ ਕੀਤੀ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਇਹ ਐਲਾਨ ਕੀਤਾ ਸੀ ਪਰ ਵੋਟਰਾਂ ਨੇ ਉਨ੍ਹਾਂ ਨੂੰ ਸਰਕਾਰ ਬਣਾਉਣ ਦਾ ਮੌਕਾ ਨਹੀਂ ਦਿੱਤਾ। ਇਸ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਸਮੇਂ ਸੁਖਬੀਰ ਸਿੰਘ ਬਾਦਲ ਉੱਪ ਮੰਤਰੀ ਰਹੇ ਸਨ ਤੇ ਹੁਣ ਕੈਪਟਨ ਦੀ ਸਰਕਾਰ ਵਿੱਚ ਇਹ ਅਹੁਦਾ ਕਿਸੇ ਵੀ ਵਿਅਕਤੀ ਨੂੰ ਨਹੀਂ ਮਿਲਿਆ। ਜੇਕਰ ਹੁਣ ਅਕਾਲੀ ਦਲ ਅਤੇ ਬਸਪਾ ਦਾ ਗੱਠਜੋੜ ਹੁੰਦਾ ਹੈ ਤਾਂ ਨਿਸਚਿਤ ਹੀ ਦੋਆਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮਾੜੀ ਹਾਲਤ ਮੁੜ ਪੈਰਾਂ ਸਿਰ ਹੋ ਸਕਦੀ ਹੈ ਕਿਉਂਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਦੋਆਬਾ ਖੇਤਰ ਵਿੱਚ ਅਕਾਲੀ ਦਲ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅੰਕੜੇ ਦੱਸਦੇ ਹਨ ਕਿ 2017 ਵਿੱਚ ਬਸਪਾ ਨੇ 117 ਵਿਧਾਨ ਸਭਾ ਸੀਟਾਂ ‘ਤੇ ਆਪਣੇ ਉਮੀਦਵਾਰ ਉਤਾਰੇ ਸਨ ਅਤੇ ਕੁੱਲ 234400 ਵੋਟਾਂ ਪ੍ਰਾਪਤ ਕੀਤੀਆਂ ਸਨ ਜੋ ਕੁੱਲ ਵੋਟਾਂ ਦਾ 2 ਫੀਸਦ ਤੋਂ ਵੱਧ ਬਣਦਾ ਸੀ। 2019 ਵਿੱਚ ਜਲੰਧਰ ਲੋਕ ਸਭਾ ਸੀਟ ‘ਤੇ ਬਸਪਾ ਉਮੀਦਵਾਰ ਨੂੰ 2 ਲੱਖ ਤੋਂ ਵੱਧ, ਹੁਸ਼ਿਆਰਪੁਰ 1 ਲੱਖ ਅਤੇ ਆਨੰਦਪੁਰ ਲੋਕ ਸਭਾ ਸੀਟ ਤੋਂ ਵੀ 1 ਲੱਖ ਤੋਂ ਵੱਧ ਵੋਟਾਂ ਮਿਲੀਆਂ ਸਨ। ਹੁਸ਼ਿਆਰਪੁਰ ‘ਚ ਪਿਛਲੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ 16 ਫੀਸਦ ਤੇ ਆਨੰਦਪੁਰ ਸਾਹਿਬ 7 ਫੀਸਦ ਵੱਧ ਵੋਟਾਂ ਮਿਲੀਆਂ ਸਨ। ਇਨ੍ਹਾਂ ਚੋਣਾਂ ਵਿੱਚ ਬਸਪਾ ਨੂੰ ਕੁੱਲ 3.50 ਫੀਸਦ ਵੋਟਾਂ ਮਿਲਣਾ ਇਹ ਦਰਸਾਉਂਦਾ ਹੈ ਕਿ ਬਸਪਾ ਨਾਲ ਗੱਠਜੋੜ ਅਕਾਲੀ ਦਲ ਦੇ ਪੱਖ ਵਿੱਚ ਰਹਿ ਸਕਦਾ ਹੈ।