ਰਜਿ: ਨੰ: PB/JL-124/2018-20
RNI Regd No. 23/1979

ਪੰਜਾਬ ਪੁਲਸ ਲਈ ਸਿਰਦਰਦੀ ਬਣੇ ਖ਼ਤਰਨਾਕ ਗੈਂਗਸਟਰ ਜੈਪਾਲ ਭੁੱਲਰ ਦਾ ਐਨਕਾਊਂਟਰ
 
BY admin / June 09, 2021
ਚੰਡੀਗੜ੍ਹ, 9 ਜੂਨ, (ਰਾਜ ਕੁਮਾਰ ਵਰਮਾ)- ਪੰਜਾਬ ਪੁਲਸ ਲਈ ਸਿਰਦਰਦੀ ਬਣੇ ਅਤੇ ਜਗਰਾਓਂ ਦੀ ਦਾਣਾ ਮੰਡੀ ਵਿਚ ਦੋ ਥਾਣੇਦਾਰਾਂ ਨੂੰ ਕਤਲ ਕਰਨ ਵਾਲੇ ਏ ਕੈਟਾਗਿਰੀ ਦੇ ਖਤਰਨਾਕ ਗੈਂਗਸਟਰ ਜੈਪਾਲ ਭੁੱਲਰ ਅਤੇ ਗੈਂਗਸਟਰ ਜਸਪ੍ਰੀਤ ਸਿੰਘ ਜੱਸੀ ਦਾ ਐਨਕਾਊਂਟਰ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਸ ਵਲੋਂ ਕਲਕੱਤਾ ਵਿਚ ਦੋਵਾਂ ਗੈਂਗਸਟਰਾਂ ਦਾ ਐਕਨਕਾਊਂਟਰ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਦੋ-ਤਿੰਨ ਸੂਬਿਆਂ ਦੀ ਪੁਲਸ ਵਲੋਂ ਮਿਲ ਕੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਦਰਅਸਲ ਜਗਰਾਓਂ ਦੀ ਦਾਣਾ ਮੰਡੀ ਵਿਚ ਬੀਤੇ ਦਿਨੀਂ ਜੈਪਾਲ ਭੁੱਲਰ ਅਤੇ ਇਸ ਦੇ ਸਾਥੀਆਂ ਵਲੋਂ ਥਾਣੇਦਾਰ ਭਗਵਾਨ ਸਿੰਘ ਅਤੇ ਦਲਵਿੰਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਵਾਰਦਾਤ ਤੋਂ ਬਾਅਦ ਹੀ ਓਕੂ (ਓ. ਸੀ. ਸੀ. ਯੂਨਿਟ) ਟੀਮ ਵਲੋਂ ਭੁੱਲਰ ਦੀ ਪੈੜ ਨੱਪੀ ਜਾ ਰਹੀ ਸੀ। ਇਸ ਦਰਮਿਆਨ ਪੁਲਸ ਨੂੰ ਭੁੱਲਰ ਦੇ ਕਲਕੱਤਾ ਵਿਚ ਹੋਣ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਓਕੂ ਅਤੇ ਐੱਸ. ਟੀ. ਐੱਫ. ਵਲੋਂ ਸਾਂਝੇ ਆਪਰੇਸ਼ਨ ਦੌਰਾਨ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜੈਪਾਲ ਭੁੱਲਰ ਪਹਿਲਾਂ ਕਲਕੱਤਾ ਦੇ ਇਕ ਹੋਟਲ ਵਿਚ ਠਹਿਰਾਇਆ ਸੀ ਜਿਸ ਤੋਂ ਬਾਅਦ ਉਹ ਉਥੇ ਕਿਸੇ ਦੀ ਘਰ ਵਿਚ ਲੁੱਕ ਗਿਆ। ਪੁਲਸ ਵਲੋਂ ਲਗਾਤਾਰ ਤਿੰਨ ਦਿਨ ਤਕ ਭੁੱਲਰ ਦੀ ਰੇਕੀ ਕੀਤੀ ਗਈ ਅਤੇ ਅੱਜ ਪੁਲਸ ਨੇ ਪੂਰੀ ਤਰ੍ਹਾਂ ਘੇਰਾਬੰਦੀ ਕਰਕੇ ਪਹਿਲਾਂ ਭੁੱਲਰ ਨੂੰ ਆਤਮਸਮਰਪਣ ਕਰਨ ਲਈ ਆਖਿਆ ਜਿਸ ‘ਤੇ ਦੋਵਾਂ ਪਾਸਿਓਂ ਹੋਈ ਗੋਲੀਬਾਰੀ ਵਿਚ ਗੈਂਗਸਟਰ ਜੈਪਾਲ ਭੁੱਲਰ ਅਤੇ ਗੈਂਗਸਟਰ ਜਸਪ੍ਰੀਤ ਜੱਸੀ ਦੀ ਮੌਤ ਹੋ ਗਈ। ਗੈਂਗਸਟਰ ਜੈਪਾਲ ਭੁੱਲਰ ਏ-ਕੈਟਾਗਰੀ ਦਾ ਗੈਂਗਸਟਰ ਸੀ ਅਤੇ ਪੰਜਾਬ ਪੁਲਸ ਪਿਛਲੇ ਲੰਬੇ ਸਮੇਂ ਤੋਂ ਉਸ ਦੀ ਭਾਲ ਕਰ ਰਹੀ ਹੈ। ਭੁੱਲਰ ‘ਤੇ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ ਅਤੇ ਯੂ. ਪੀ. ਵਿਚ ਵੀ ਅਨੇਕਾਂ ਮਾਮਲੇ ਦਰਜ ਸਨ। ਪੰਜਾਬ ਪੁਲਸ ਵਲੋਂ ਜੈਪਾਲ ਭੁੱਲਰ ‘ਤੇ ਇਨਾਮ ਵੀ ਰੱਖਿਆ ਗਿਆ ਸੀ। ਜੈਪਾਲ ਭੁੱਲਰ ਦੇ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਨਾਲ ਵੀ ਗੂੜ੍ਹੇ ਸੰਬੰਧ ਸਨ ਅਤੇ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦੀ ਮੌਤ ਤੋਂ ਬਾਅਦ ਭੁੱਲਰ ਉਨ੍ਹਾਂ ਦੀ ਗੈਂਗ ਨੂੰ ਚਲਾ ਰਿਹਾ ਸੀ। ਗੈਂਗਸਟਰ ਸੁੱਖਾ ਕਾਹਲਵਾਂ ਅਤੇ ਰੌਕੀ ਫਾਜਲਿਕਾ ਕਤਲ ਕਾਂਡ ਵਿਚ ਵੀ ਭੁੱਲਰ ਦਾ ਨਾਮ ਮੁੱਖ ਤੌਰ ‘ਤੇ ਸਾਹਮਣੇ ਆਇਆ ਸੀ। ਜਗਰਾਓਂ ਦੀ ਦਾਣਾ ਮੰਡੀ ਵਿਚ ਦੋ ਥਾਣੇਦਾਰਾਂ ਨੂੰ ਕਤਲ ਕੀਤੇ ਜਾਣ ਦੇ ਮਾਮਲੇ ‘ਚ ਪੁਲਸ ਦੀ ਓਕੂ (ਓ. ਸੀ. ਸੀ. ਯੂਨਿਟ) ਟੀਮ ਨੇ ਗੈਂਗਸਟਰ ਦਰਸ਼ਨ ਸਿੰਘ ਅਤੇ ਬਲਜਿੰਦਰ ਸਿੰਘ ਬੱਬੀ ਨੂੰ ਪਹਿਲਾਂ ਹੀ ਗਿ੍ਰਫਤਾਰ ਕਰ ਲਿਆ ਸੀ। ਪੁਲਸ ਨੇ ਦੋਵਾਂ ਨੂੰ ਮੱਧ ਪ੍ਰਦੇਸ਼ ‘ਚੋਂ ਕਾਬੂ ਕੀਤਾ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਜਗਰਾਓਂ ਦੀ ਨਵੀਂ ਦਾਣਾ ਮੰਡੀ ‘ਚ ਪੁਲਸ ਦੇ ਦੋ ਥਾਣੇਦਾਰਾਂ ਏ.ਐੱਸ.ਆਈ. ਭਗਵਾਨ ਸਿੰਘ ਤੇ ਦਲਵਿੰਦਰ ਸਿੰਘ ਬੱਬੀ ਦੀ ਗੈਂਗਸਟਰਾਂ ਵਲੋਂ ਹੱਤਿਆ ਕਰ ਦਿੱਤੀ ਗਈ ਸੀ। ਇਸ ਵਾਰਦਾਕ ਵਿਚ ਗੈਂਗਸਟਰ ਜੈਪਾਲ ਭੁੱਲਰ ਦਾ ਨਾਮ ਮੁੱਖ ਤੌਰ ‘ਤੇ ਸਾਹਮਣੇ ਆਇਆ ਸੀ ਅਤੇ ਇਹ ਦੋਵੇਂ ਗੈਂਗਸਟਰ ਵੀ ਵਾਰਦਾਤ ਮੌਕੇ ਜੈਪਾਲ ਦੇ ਨਾਲ ਸਨ।