ਰਜਿ: ਨੰ: PB/JL-124/2018-20
RNI Regd No. 23/1979

ਕੇਂਦਰ ਸਰਕਾਰ ਨੇ ਕੋਵਿਸ਼ੀਲਡ ਅਤੇ ਕੋਵੈਕਸੀਨ ਦੀਆਂ 44 ਕਰੋੜ ਖ਼ੁਰਾਕਾਂ ਦਾ ਦਿੱਤਾ ਆਰਡਰ
 
BY admin / June 09, 2021
ਨਵੀਂ ਦਿੱਲੀ, 9 ਜੂਨ, (ਯੂ.ਐਨ.ਆਈ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਵੀਂ ਟੀਕਾਕਰਨ ਨੀਤੀ ਦੇ ਐਲਾਨ ਮਗਰੋਂ ਕੇਂਦਰ ਨੇ ਕੋਰੋਨਾ ਰੋਕੂ ਟੀਕਿਆਂ- ਕੋਵਿਸ਼ੀਲਡ ਅਤੇ ਕੋਵੈਕਸੀਨ ਦੀਆਂ 44 ਕਰੋੜ ਖ਼ੁਰਾਕਾਂ ਲਈ ਆਰਡਰ ਦਿੱਤਾ ਹੈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਕੇਂਦਰ ਸਰਕਾਰ ਸੂਬਿਆਂ ਦੇ ਖਰੀਦ ਕੋਟੇ ਨੂੰ ਆਪਣੇ ਹੱਥਾਂ ‘ਚ ਲੈ ਲਵੇਗਾ ਅਤੇ 18 ਸਾਲ ਤੋਂ ਉੱਪਰ ਉਮਰ ਵਰਗ ਦੇ ਲੋਕਾਂ ਲਈ ਸੂਬਿਆਂ ਨੂੰ ਟੀਕੇ ਮੁਫ਼ਤ ਉਪਲੱਬਧ ਕਰਵਾਏ ਜਾਣਗੇ। ਕੇਂਦਰੀ ਸਿਹਤ ਮੰਤਰਾਲਾ ਨੇ ਕਿਹਾ ਕਿ ਨਿਰਮਾਤਾਵਾਂ ਵਲੋਂ ਕੋਵਿਡ ਰੋਕੂ ਟੀਕਿਆਂ ਦੀਆਂ ਇਨ੍ਹਾਂ 44 ਕਰੋੜ ਖ਼ੁਰਾਕਾਂ ਦੀ ਸਪਲਾਈ ਦਸੰਬਰ ਤੱਕ ਉਪਲੱਬਧ ਕਰਵਾਈ ਜਾਵੇਗੀ, ਜਿਸ ਦੀ ਸ਼ੁਰੂਆਤ ਹੁਣ ਤੋਂ ਹੋ ਰਹੀ ਹੈ ਇਸ ਸਬੰਧ ਵਿਚ ਇਕ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰੀ ਕੋਵਿਡ ਟੀਕਾਕਰਨ ਪ੍ਰੋਗਰਾਮ ਦੇ ਦਿਸ਼ਾ-ਨਿਰਦੇਸ਼ਾਂ ਵਿਚ ਬਦਲਾਅ ਦੀ ਪ੍ਰਧਾਨ ਮੰਤਰੀ ਵਲੋਂ ਐਲਾਨ ਕੀਤੇ ਜਾਣ ਤੋਂ ਬਾਅਦ ਕੇਂਦਰ ਨੇ ਸੀਰਮ ਇੰਸਟੀਚਿਊਟ ਨੂੰ ਕੋਵਿਸ਼ੀਲਡ ਦੀਆਂ 25 ਕਰੋੜ ਅਤੇ ਭਾਰਤ ਬਾਇਓਟੈੱਕ ਨੂੰ ਕੋਵੈਕਸੀਨ ਦੀਆਂ 19 ਕਰੋੜ ਖ਼ੁਰਾਕਾਂ ਦਾ ਆਰਡਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਦੋਹਾਂ ਕੋਵਿਡ ਰੋਕੂ ਟੀਕਿਆਂ ਦੀ ਖਰੀਦ ਲਈ 30 ਫ਼ੀਸਦੀ ਰਾਸ਼ੀ ਸੀਰਮ ਇੰਸਟੀਚਿਊਟ ਆਫ਼ ਇੰਡੀਆ ਅਤੇ ਭਾਰਤ ਬਾਇਓਟੈੱਕ ਨੂੰ ਜਾਰੀ ਕਰ ਦਿੱਤੀ ਗਈ ਹੈ। ਅਧਿਕਾਰੀ ਨੇ ਕਿਹਾ ਕਿ ਕੇਂਦਰ ਇਸ ਸਾਲ 16 ਜਨਵਰੀ ਤੋਂ ਸ਼ੁਰੂ ਟੀਕਾਕਰਨ ਮੁਹਿੰਮ ਲਈ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਕੋਸ਼ਿਸ਼ਾਂ ਦਾ ਸਮਰਥਨ ਕਰ ਰਿਹਾ ਹੈ। ਸਰਕਾਰ ਨੇ ਦੇਸ਼ ‘ਚ ਉਪਲੱਬਧ ਤਿੰਨ ਕੋਵਿਡ ਰੋਕੂ ਟੀਕਿਆਂ ਲਈ ਪ੍ਰਾਈਵੇਟ ਹਸਪਤਾਲਾਂ ਵਲੋਂ ਵਸੂਲੇ ਜਾਣ ਵਾਲਾ ਵੱਧ ਤੋਂ ਵੱਧ ਮੁੱਲ ਵੀ ਤੈਅ ਕਰ ਦਿੱਤਾ ਹੈ। ਇਸ ਦੇ ਤਹਿਤ ਪ੍ਰਾਈਵੇਟ ਹਸਪਤਾਲ ਕੋਵਿਸ਼ੀਲਡ ਲਈ 780 ਰੁਪਏ, ਕੋਵੈਕਸੀਨ ਲਈ 1410 ਰੁਪਏ ਅਤੇ ਰੂਸ ਨਿਰਮਿਤ ਸਪੂਤਨਿਕ-ਵੀ ਲਈ 1145 ਰੁਪਏ ਵਸੂਲ ਕਰ ਸਕਦੇ ਹਨ। ਇਸ ਦਰਮਿਆਨ ਸਿਹਤ ਮੰਤਰਾਲਾ ਨੇ ਮੰਗਲਵਾਰ ਨੂੰ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਚਿੱਠੀ ਭੇਜ ਕੇ ਕਿਹਾ ਕਿ ਜੇਕਰ ਨਿਜੀ ਟੀਕਾਕਰਨ ਕੇਂਦਰ ਟੀਕਿਆਂ ਲਈ ਤੈਅ ਮੁੱਲ ਤੋਂ ਵੱਧ ਕੀਮਤ ਵਸੂਲ ਕਰਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਉੱਚਿਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।