ਰਜਿ: ਨੰ: PB/JL-124/2018-20
RNI Regd No. 23/1979

ਸਿਖ਼ਰਲੀ ਕੁਰਸੀ ਲਈ ਕਾਂਗਰਸ ਦੀ ਲੜਾਈ ਲੋਕਾਂ ਨੂੰ ਮਹਿੰਗੀ ਪੈ ਰਹੀ ਹੈ : ਬਿਕਰਮ ਸਿੰਘ ਮਜੀਠੀਆ
 
BY admin / June 09, 2021
ਖੰਨਾ, 9 ਜੂਨ, (ਯੂ.ਐਨ.ਆਈ.)- ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਕਾਂਗਰਸ ਪਾਰਟੀ ਦੇ ਸਿਖ਼ਰਲੀ ਕੁਰਸੀ ਲਈ ਲੜਾਈ ਵਿਚ ਰੁੱਝੇ ਰਹਿਣ ਕਾਰਨ ਡੀ ਐਸ ਪੀ ਹਰਜਿੰਦਰ ਸਿੰਘ ਦੀ ਜਾਨ ਚਲੀ ਗਈ ਹੈ ਹਾਲਾਂਕਿ ਉਸਦੇ ਪਰਿਵਾਰ ਨੇ ਵਾਰ ਵਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਤੇ ਵਿੱਤ ਮੰਤਰੀ ਨੂੰ ਅਪੀਲ ਕੀਤੀ ਸੀ ਕਿ ਉਸਦੇ ਫੇਫੜਿਆਂ ਬਦਲਣ ਲਈ ਸਹੂਲਤਾ ਦਿੱਤੀਆਂ ਜਾਣ ਤੇ ਇਹ ਅਪੀਲਾਂ ਬੋਲੇ ਕੰਨੇ ’ ਤੇ ਪਈਆਂ। ਸਰਦਾਰ ਬਿਕਰਮ ਸਿੰਘ ਮਜੀਠੀਆ ਇਥੇ ਯਾਦਵਿੰਦਰ ਸਿੰਘ ਯਾਦੂ ਵੱਲੋਂ ਸ਼ੁਰੂ ਕੀਤੀ ਗਈ ਆਕਸੀਜ਼ਨ ਸੇਵਾ ਦਾ ਉਦਘਾਟਨ ਕਰਨ ਆਏ ਸਨ।  ਸਾਬਕਾ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਪੰਜਾਬੀ ਇਸ ਕਰਕੇ ਪੀੜਤ ਹਨ ਕਿਉਕਿ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਉਹਨਾਂ ਦੇ ਹਾਲ ’ਤੇ ਛੱਡ ਦਿੱਤਾ ਹੈ ਤੇ ਕਾਂਗਰਸ ਦੇ ਲੀਡਰ ਮੁੱਖ ਮੰਤਰੀ ਨੂੰ ਕੁਰਸੀ ਤੋਂ ਲਾਹੁਣ ਤੇ ਬਣਾਈ ਰੱਖਣ ਦੀ ਲੜਾਈ ਵਿਚ ਦਿੱਲੀ ਰੁੱਝੇ ਹਨ। ਉਹਨਾਂ ਕਿਹਾ ਕਿ ਜਿਹੜੇ ਮੁਸੀਬਤ ਵਿਚ ਫਸੇ ਹਨ, ਉਹਨਾਂ ਦੀ ਮਦਦ ਲਈ ਕੁਝ ਨਹੀਂ ਕੀਤਾ ਜਾ ਰਿਹਾ ਜਿਵੇਂ ਕਿ ਡੀ ਐਸ ਪੀ ਹਰਜਿੰਦਰ ਸਿੰਘ ਦੇ ਕੇਸ ਵਿਚ ਹੋਇਆ ਹੈ। ਉਸਦਾ ਪਰਿਵਾਰ ਕਦੇ ਇਕ ਤੇ ਕਦੇ ਦੂਜੇ ਪਾਸੇ ਟੱਕਰਾਂ ਮਾਰਦਾ ਰਿਹਾ। ਉਹਨਾਂ ਕਿਹਾ ਕਿ ਹਾਲਾਤ ਅਜਿਹੇ ਹਨ ਕਿ ਮੁੱਖ ਮੰਤਰੀ ਦੇ ਜੱਦੀ ਸ਼ਹਿਰ ਪਟਿਆਲਾ ਵਿਚ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਮੌਤ ਦਰ ਬਹੁਤ ਜ਼ਿਆਦਾ ਹੈ। ਉਹਨਾਂ ਕਿਹਾ ਕਿ ਇਸੇ ਤਰੀਕੇ ਮੁਹਾਲੀ ਦੇ ਸਰਕਾਰੀ ਹਸਪਤਾਲ ਵਿਚ ਇਕ ਵੀ ਵੈਂਟੀਲੇਟਰ ਨਹੀਂ ਹਨ ਜਦੋਂ ਕਿ ਇਹ ਸਿਹਤ ਮੰਤਰੀ ਦਾ ਹਲਕਾ ਹੈ ਤੇ ਮੰਤਰੀ ਨੇ ਇਹ ਪ੍ਰਾਈਵੇਟ ਹਸਪਤਾਲਾਂ ਨੂੰ ਸੌਂਪ ਦਿੱਤੇ ਹਨ। ਉਹਨਾਂ ਕਿਹਾਕਿ  ਇਹਨਾਂ ਕਾਰਨਾਂ ਕਰ ਕੇ ਹੀ ਅਸੀਂ 15000 ਤੋਂ ਜ਼ਿਆਦਾ ਜਾਨਾਂ ਗੁਆ ਲਈਆਂ ਹਨ। 
ਸਰਦਾਰ ਬਿਕਰਮ ਮਜੀਠੀਆ ਨੇ ਕਿਹਾ ਕਿ ਵੈਕਸੀਨ ਤੇ ਫਤਿਹ ਕਿੱਟ ਘੁਟਾਲੇ ਸਾਬਤ ਕਰਦੇ ਹਨ ਕਿ ਕਾਂਗਰਸ ਸਰਕਾਰ ਲੋਕਾਂ ਦੀਆਂ ਤਕਲੀਫਾਂ ਪ੍ਰਤੀ ਕਿੰਨੀ ਬੇਪਰਵਾਹ ਹੈ। ਉਹਨਾਂ ਕਿਹਾ ਕਿ ਕੁਝ ਵੀ ਪਵਿੱਤਰ ਨਹੀਂ ਰਿਹਾ। ਉਹਨਾਂ ਕਿਹਾ ਕਿ ਸਰਕਾਰ ਨੇ ਕੋਰੋਨਾ ਮਰੀਜ਼ਾਂ ਲਈਅ ਾਈਆਂ ਵੈਕਸੀਨ ਤੇ ਦਵਾਈਆਂ ਮੁਨਾਫਾ ਕਮਾ ਕੇ ਵੇਚ ਦਿੱਤੀਆਂ ਤੇ ਲੋਕਾਂ ਦੀਆਂ ਜਾਨਾਂ ਨਾਲ ਖੇਡਿਆ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਮੰਤਰੀ ਦੇ ਖਿਲਾਫ ਕੁਝ ਨਹੀਂ ਕੀਤਾ ਤੇ ਉਹ ਬਲਬੀਰ ਸਿੱਧੂ ਦਾ ਉਲਟਾਂ ਬਚਾਅ ਕਰ ਰਹੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਚੁੱਪ ਬੈਠਣ ਵਾਲਾ ਨਹੀਂ ਹੈ। ਅਸੀਂ 15 ਜੂਨ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਾਂਗੇ ਅਤੇ ਮੰਗ ਕਰਾਂਗੇ ਕਿ ਸਿੱਧੂ ਨੂੰ ਬਰਖ਼ਾਸਤ ਕੀਤਾ ਜਾਵੇ ਤੇ ਵੈਕਸੀਨ ਤੇ ਫਤਿਹ ਕਿੱਟ ਘੁਟਾਲਿਆਂ ਦੀ ਸੀ ਬੀ ਆਈ ਤੋਂ ਜਾਂਚ ਕਰਵਾਈ ਜਾਵੇ। 
ਸਰਕਾਰੀ ਹਸਪਤਾਲਾਂ ਵਿਚ ਸਹੂਲਤਾਂ ਦੀ ਘਾਟ ਬਾਰੇ ਗੱਲ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਸਰਕਾਰ ਹਸਪਤਾਲਾਂ ਨੁੰ ਅਪਗ੍ਰੇਡ ਕਰਨ ਵਿ ਨਾਕਾਮ ਰਹੀ ਹੈ ਹਾਲਾਂਕਿ ਉਹ ਦਾਅਵੇ ਕਰਦੀ ਹੈ ਕਿ ਉਸਨੇ ਇਕ ਸਾਲ ਵਿਚ ਇਸ ਵਾਸਤੇ1100 ਕਰੋੜ ਰੁਪਏ ਖਰਚ ਕੀਤੇ ਹਨ। ਉਹਨਾਂ ਕਿਹਾ ਕਿ ਇਹ ਵੀ ਵੱਡਾ ਘੁਟਾਲਾ ਹੈ। ਉਹਨਾਂ ਕਿਹਾ ਕਿ ਸੂਬੇ ਵਿਚ ਡੇਢ ਸਾਲ ਤੋਂ ਜਦੋਂ ਤੋਂ ਕੋਰੋਨਾ ਆਇਆ ਹੈ ਲੋਕਾਂ ਨੂੰ ਮਿਆਰੀ ਸਿਹਤ ਸੰਭਾਲ ਸਹੂਲਤਾਂ ਪ੍ਰਦਾਨ ਕਰਨ ਵਾਸਤੇ ਕੁਝ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ 17 ਜ਼ਿਲਿਆਂ ਵਿਚ ਤਾਂ ਆਈ ਸੀ ਯੂ ਸਹੂਲਤਾਂ ਹੀ ਨਹੀਂ ਹਨ। ਕੇਂਦਰ ਤੋਂ ਪ੍ਰਾਪਤ ਹੋਏ ਵੈਂਟੀਲੇਟਰ ਮਹੀਨਿਆਂ ਤੱਕ ਖੋਲ ਕੇ ਨਹੀਂ ਵੇਖੇ ਗਏ ਤੇ ਬਾਅਦ ਵਿਚ ਪ੍ਰਾਈਵੇਟ ਹਸਪਤਾਲਾਂ ਨੁੰ ਦੇ ਦਿੱਤੇ ਗਏ ਤੇ ਸਰਕਾਰ ਇਹਨਾਂ ਨੁੰ ਚਲਾਉਣ ਲਈ ਲੋੜੀਂਦਾ ਸਟਾਫ ਭਰਤੀ ਕਰਨ ਵਿਚ ਨਾਕਾਮ ਰਹੀ। ਉਹਨਾਂ ਕਿਹਾ ਕਿ ਬਲਾਕ ਪੱਧਰ ’ਤੇ ਕੋਰੋਨਾ ਕੇਅਰ ਸੈਂਟਰ ਖੋਲਣ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਲੋਕਾਂ ਨੇ ਪਹਿਲਾਂ ਹੀ ਵੇਖਿਆ ਹੈ ਕਿ ਸਰਕਾਰ ਨੇ 400 ਰੁਪਏ ਪ੍ਰਤੀ ਵੈਕਸੀਨ ਖਰੀਦ ਕੇ 1060 ਰੁਪਏ ਵਿਚ ਪ੍ਰਾਈਵੇਟ ਹਸਪਤਾਲਾਂ ਨੁੰ ਵੇਚ ਦਿੱਤੀ ਤੇ ਹਸਪਤਾਲਾਂ ਨੇ ਅੱਗੇ ਇਹ 1560  ਤੋਂ 2000 ਰੁਪਏ ਵਿਚ ਲੋਕਾਂ ਨੂੰ ਲਗਾ ਦਿੱਤੀ। ਉਹਨਾਂ ਕਿਹਾ ਕਿ ਇਸੇ ਤਰੀਕੇ ਫਤਿਹ ਕਿੱਟ ਲਈ ਪਹਿਲਾਂ 837 ਰੁਪਏ ’ਤੇ ਟੈਂਗਰ ਲਗਾਇਆ ਪਰ ਬਾਅਦ ਵਿਚ ਮੁੜ ਟੈਂਡਰ ਲਗਾ ਕੇ ਕਿੱਟ ਦਾ ਰੇਟ 1400 ਰੁਪਏ ਪ੍ਰਤੀ ਕਿੱਟ ਕਰ ਦਿੱਤਾ ਗਿਆ।