ਰਜਿ: ਨੰ: PB/JL-124/2018-20
RNI Regd No. 23/1979

ਰਾਕੇਸ਼ ਟਿਕੈਤ ਨੇ ਕੀਤੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ
 
BY admin / June 09, 2021
ਨਵੀਂ ਦਿੱਲੀ, 9 ਜੂਨ, (ਯੂ.ਐਨ.ਆਈ.)- ਭਾਰਤੀ ਕਿਸਾਨ ਯੂਨੀਅਨ ( ਬੀਕੇਯੂ ) ਦੇ ਨੇਤਾ ਰਾਕੇਸ ਟਿਕੈਤ ਨੇ ਬੁੱਧਵਾਰ ਨੂੰ ਕੋਲਕਾਤਾ ਦੇ ਸਕੱਤਰੇਤ ਵਿਖੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਰਾਕੇਸ ਟਿਕੈਤ ਨੇ ਕਿਸਾਨਾਂ ਦਾ ਮੁੱਦਾ ਚੁੱਕਿਆ। ਦੱਸ ਦੇਈਏ ਕਿ ਰਾਕੇਸ ਟਿਕੈਤ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੌਰਾਨ ਰਾਜ ਵਿੱਚ ਮੀਟਿੰਗਾਂ ਕੀਤੀਆਂ ਸੀ। ਰਾਕੇਸ ਟਿਕੈਤ ਨਾਲ ਮੁਲਾਕਾਤ ਤੋਂ ਪਹਿਲਾਂ ਬੀਕੇਯੂ ਦੇ ਜਨਰਲ ਸੱਕਤਰ ਯੁੱਧਵੀਰ ਸਿੰਘ ਨੇ ਕਿਹਾ , “ ਅਸੀਂ ਮਮਤਾ ਬੈਨਰਜੀ ਨੂੰ ਚੋਣ ਜਿੱਤ ਲਈ ਧੰਨਵਾਦ ਕਰਨਾ ਚਾਹੁੰਦੇ ਹਾਂ ਅਤੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਲਈ ਸਹੀ ਐਮਐਸਪੀ ਪਾਉਣ ਦੇ ਕਦਮ ਲਈ ਉਨ੍ਹਾਂ ਦਾ ਸਮਰਥਨ ਲੈਣਾ ਚਾਹਾਂਗੇ। “ ਯੁੱਧਵੀਰ ਸਿੰਘ ਨੇ ਕਿਹਾ ਕਿ ਉਹ ਬੈਨਰਜੀ ਤੋਂ ਪੱਛਮੀ ਬੰਗਾਲ ਵਿਚ ਫਲਾਂ , ਸਬਜੀਆਂ ਅਤੇ ਦੁੱਧ ਤੋਂ ਬਣੇ ਪਦਾਰਥਾਂ ਲਈ ਐਮਐਸਪੀ ਤੈਅ ਕਰਨ ਦੀ ਮੰਗ ਕਰਨਾ ਚਾਹੁੰਦੇ ਹਨ ਕਿਉਂਕਿ ਇਹ ਹੋਰ ਥਾਂਵਾਂ ‘ਤੇ ‘ਮਾਡਲ ਵਾਂਗ ਕੰਮ ਕਰੇਗਾ।‘ ਰਾਕੇਸ ਟਿਕੈਤ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਗਾਜ਼ੀਪੁਰ ਸਰਹੱਦ ‘ਤੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਹਨ। ਇਸਦੇ ਨਾਲ ਹੀ ਉਹ ਲਗਾਤਾਰ ਕਈ ਸੂਬਿਆਂ ਦਾ ਦੌਰਾ ਕਰ ਲੋਕਾਂ ਨੂੰ ਖੇਤੀ ਕਾਨੂੰਨਾਂ ਅਤੇ ਕਿਸਾਨ ਅੰਦੋਲਨ ਬਾਰੇ ਜਾਗਰੂਕ ਕਰ ਰਹੇ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਦਾਅਵਾ ਕੀਤਾ ਸੀ ਕਿ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦਾ ਜੋ ਹਾਲ ਹੋਇਆ ਉਹ ਉਤਰ ਪ੍ਰਦੇਸ ਦੀਆਂ ਅਗਾਮੀ ਚੋਣਾਂ ਵਿੱਚ ਵੀ ਹੋਏਗਾ। ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦਾ ਮੰਨਣਾ ਹੈ ਕਿ ਇਹ ਕਾਨੂੰਨ ਖੇਤੀਬਾੜੀ ਦਾ ਮੰਡੀਕਰਨ ਕਰਨਗੇ ਅਤੇ ਛੋਟੇ ਕਿਸਾਨਾਂ ਨੂੰ ਵੱਡੀਆਂ ਪ੍ਰਚੂਨ ਕੰਪਨੀਆਂ ਦੇ ਸੋਸਣ ਤੋਂ ਉਚਿਤ ਸੁਰੱਖਿਆ ਨਹੀਂ ਮਿਲੇਗੀ।