ਰਜਿ: ਨੰ: PB/JL-124/2018-20
RNI Regd No. 23/1979

ਝੋਨੇ ਦੀ ਬਿਜਾਈ ਵੇਲੇ ਵੀ ਦਿੱਲੀ ਮੋਰਚੇ ’ਚ ਕਿਸਾਨਾਂ ਦੇ ਕਾਫ਼ਲੇ ਲਗਾਤਾਰ ਸ਼ਮੂਲੀਅਤ ਕਰਨਗੇ: ਬੱਗਾ
 
BY admin / June 10, 2021
ਸਮਰਾਲਾ, 10 ਜੂਨ (ਦਿਨੇਸ਼ ਭਾਰਦਵਾਜ/ਵਿਨੈ ਕਸ਼ੱਅਪ)-ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਬਾਰਡਰਾਂ ’ਤੇ ਚੱਲ ਰਹੇ ਕਿਸਾਨਂ ਸੰਘਰਸ਼ ਨੂੰ ਝੋਨੇ ਦੀ ਬਿਜਾਈ ਦੇ ਸੀਜ਼ਨ ਵਿੱਚ ਵੀ ਪਹਿਲਾ ਵਾਂਗ ਮਜ਼ਬੂਤ ਬਣਾਏ ਰੱਖਣ ਲਈ ਅੱਜ ਇਥੇ ਕੁੱਬੇ ਟੋਲ ਪਲਾਜ਼ਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਬਲਾਕ ਪੱਧਰ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਮੀਟਿੰਗ ਹੋਈ। ਇਸ ਮੀਟਿੰਗ ਦੀ ਅਗਵਾਈ ਕਰਦਿਆ ਜਥੇਬੰਦੀ ਦੇ ਬਲਾਕ ਕਾਰਜ਼ਕਾਰੀ ਪ੍ਰਧਾਨ ਸੁਪਿੰਦਰ ਸਿੰਘ ਬੱਗਾ ਨੇ ਆਖਿਆ ਕਿ ਝੋਨੇ ਦੀ ਬਿਜਾਈ ਦੇ ਸੀਜ਼ਨ ਦੌਰਾਨ ਵੀ ਵੱਖ-ਵੱਖ ਪਿੰਡਾਂ ਵਿੱਚੋਂ ਕਿਸਾਨੀ ਜੱਥਿਆਂ ਦੇ ਦਿੱਲੀ ਸੰਘਰਸ਼ ਵਿੱਚ ਸ਼ਮੂਲੀਅਤ ਨੂੰ ਲਗਾਤਾਰ ਜਾਰੀ ਰੱਖਣ ਲਈ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਉਨਾਂ ਕਿਹਾ ਕਿ ਕਿਸਾਨ ਮੋਰਚੇ ਨੂੰ ਫਤਿਹ ਕਰਨ ਲਈ ਸਮਾਜ ਦੇ ਹਰ ਵਰਗ ਦਾ ਵੱਧ ਤੋਂ ਵੱਧ ਸਹਿਯੋਗ ਲੈਣ ਲਈ ਵੀ ਅੱਜ ਦੀ ਮੀਟਿੰਗ ਵਿੱਚ ਵਿਊਤਬੰਦੀ ਕੀਤੀ ਗਈ ਹੈ।  ਇਸ ਤੋਂ ਪਹਿਲਾ ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਨੂੰ ਤਬਾਹ ਕਰਨ ਉੱਤੇ ਤੁਲੀ ਹੋਈ ਹੈ ਅਤੇ ਝੋਨੇ ਦੇ ਸਮਰਥਨ ਮੁੱਲ ਵਿੱਚ ਕੀਤੇ ਮਾਮੂਲੀ ਵਾਧੇ ਨੂੰ ਉਹ ਰੱਦ ਕਰਦੇ ਹਨ। ਕਿਊਕਿ ਸਰਕਾਰ ਨੇ ਝੋਨੇ ਦੇ ਭਾਅ ਨੂੰ ਮਿੱਥਣ ਲਈ ਡੀਜ਼ਲ ਅਤੇ ਖਾਦਾਂ ਸਮੇਤ ਖੇਤੀ ਉਪਯੋਗੀ ਵਸਤੂਆਂ ਦੇ ਰੇਟਾਂ ਵਿੱਚ ਕੀਤੇ ਅਥਾਹ ਵਾਧੇ ਨੂੰ ਧਿਆਨ ਵਿੱਚ ਰੱਖੇ ਬਿਨਾਂ ਝੋਨੇ ਦਾ ਭਾਅ ਮਿੱਥ ਕੇ ਕਿਸਾਨਾਂ ਨੂੰ ਹੋਰ ਵੀ ਆਰਥਿਕ ਬਰਬਾਦੀ ਵਾਲੇ ਪਾਸੇ ਧਕੇਲਣ ਵਾਲੀ ਚਾਲ ਚੱਲੀ ਹੈ।     ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਲੋਪੋਂ, ਗੁਰਦੀਪ ਸਿੰਘ ਦੀਪੀ, ਗੁਰੀ ਲੱਲ ਕਲਾਂ, ਸੱਜਣ ਸਿੰਘ, ਪਲਮਿੰਦਰ ਸਿੰਘ, ਜੀਤ ਸਿੰਘ, ਪਰਮਿੰਦਰ ਸਿੰਘ ਕੁੱਬੇ, ਗੁਰਪ੍ਰੀਤ ਸਿੰਘ ਰਾਮਪੁਰ, ਪਰਮਜੀਤ ਸਿੰਘ ਨੀਲੋਂ ਅਤੇ ਜੱਸਾ ਪੂਨੀਆ ਆਦਿ ਸਮੇਤ ਵੱਡੀ ਗਿਣਤੀ ਵਿੱਚ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ।