ਰਜਿ: ਨੰ: PB/JL-124/2018-20
RNI Regd No. 23/1979

ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਹਲਕਾ ਸੰਗਰੂਰ ਦੇ ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ ਦੀ ਅਗਵਾਈ ‘ਚ ਸਫਾਈ ਦਾ ਹੱਲ ਕੱਢਣ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ 
 
BY admin / June 10, 2021
ਸੰਗਰੂਰ, 10 ਜੂਨ (ਅਵਤਾਰ ਸਿੰਘ ਛਾਜਲੀ) - ਸ਼ਹਿਰ ‘ਚ ਫੈਲੀ ਗੰਦਗੀ ਤੇ ਦਿਨੋਂ-ਦਿਨ ਵੱਡੇ ਹੋ ਰਹੇ ਟਨਾਂ ਦੇ ਹਿਸਾਬ ਨਾਲ ਕੂੜੇ ਦੇ ਢੇਰਾਂ ਤੋਂ ਦੁਖੀ ਹੋ ਕੇ ਵੀਰਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਹਲਕਾ ਸੰਗਰੂਰ ਦੇ ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ ਦੀ ਅਗਵਾਈ ‘ਚ ਸਿਵਲ ਹਸਪਤਾਲ ਦੇ ਸਾਹਮਣੇ ਧਰਨਾ ਦੇ ਕੇ ਸ਼ਹਿਰ ‘ਚ ਸਫ਼ਾਈ ਵਿਵਸਥਾ ਬਣਾਉਣ ਦੀ ਗੱਲ ਕੀਤੀ ਤੇ ਇਸ ਦੇ ਨਾਲ ਹੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਫ਼ਾਈ ਮੁਲਾਜ਼ਮਾਂ ਦੀਆਂ ਮੰਗਾਂ ਮੰਨ ਕੇ ਉਨ੍ਹਾਂ ਤੇ ਸਰਕਾਰ ਵਿਚਕਾਰ ਚੱਲ ਰਿਹਾ ਡੈਡਲਾਕ ਖ਼ਤਮ ਕਰੇ। ਧਰਨੇ ਤੋਂ ਪਹਿਲਾਂ ਬਾਬੂ ਗਰਗ ਦੀ ਅਗਵਾਈ ‘ਚ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਸਫ਼ਾਈ ਦਾ ਹੱਲ ਕੱਢਣ ਦੀ ਅਪੀਲ ਕੀਤੀ। ਸਿਵਲ ਹਸਪਤਾਲ ਮੂਹਰੇ ਧਰਨੇ ਨੂੰ ਸੰਬੋਧਨ ਕਰਦਿਆਂ ਬਾਬੂ ਪ੍ਰਕਾਸ਼ ਚੰਦ ਗਰਗ ਨੇ ਕਿਹਾ ਕਿ ਬੜੇ ਹੀ ਦੁੱਖ ਦੀ ਗੱਲ ਹੈ ਕਿ ਕਈ ਹਫ਼ਤਿਆਂ ਦਾ ਸਮਾਂ ਬੀਤਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਸਫ਼ਾਈ ਮੁਲਾਜ਼ਮਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਤੇ ਜਿਸ ਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਦਿਨੋਂ-ਦਿਨ ਸ਼ਹਿਰਾਂ ‘ਚ ਕੂੜੇ ਦੇ ਢੇਰ ਲੱਗ ਰਹੇ ਹਨ। ਉਨ੍ਹਾਂ ਕਿਹਾ ਇਕ ਪਾਸੇ ਤਾਂ ਕੋਵਿਡ-19 ਕਾਰਨ ਲੋਕ ਲੰਮੇ ਸਮੇਂ ਤੋਂ ਘਰਾਂ ‘ਚ ਵੜੇ ਬੈਠੇ ਹਨ, ਉਪਰੋਂ ਸ਼ਹਿਰ ‘ਚ ਸਫ਼ਾਈ ਨਾ ਹੋਣ ਕਾਰਨ ਇੱਥੇ ਕਦੇ ਵੀ ਕੋਈ ਭਿਆਨਕ ਬਿਮਾਰੀ ਫੈਲ ਸਕਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਸ਼ਹਿਰ ਨਾਲ ਸਬੰਧਤ ਕੈਬਨਿਟ ਮੰਤਰੀ ਆਪਣਾ ਹੰਕਾਰ ਛੱਡ ਕੇ ਗ਼ਰੀਬ ਲੋਕਾਂ ਦੀਆਂ ਮੰਗਾਂ ਮੰਨਣ ਪਰ ਦੁੱਖ ਦੀ ਗੱਲ ਹੈ ਕਿ ਸਰਕਾਰ ਹਾਲੇ ਤਾਈਂ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਉਨ੍ਹਾਂ ਕਿਹਾ ਜੇਕਰ ਅਗਲੇ ਦਿਨਾਂ ਤਕ ਸ਼ਹਿਰ ‘ਚ ਸਫ਼ਾਈ ਦਾ ਕੰਮ ਨਾ ਆਰੰਭ ਕਰਾਇਆ ਤਾਂ ਸ਼੍ਰੋਮਣੀ ਅਕਾਲੀ ਦਲ ਇਸ ਦੇ ਖ਼ਿਲਾਫ਼ ਤਕੜਾ ਪ੍ਰਦਰਸ਼ਨ ਕਰੇਗਾ। ਅੱਜ ਦੇ ਇਸ ਧਰਨੇ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਅਕਾਲੀ ਦਲ ਜ਼ਿਲ੍ਹਾ ਲੀਗਲ ਸੈੱਲ ਦੇ ਪ੍ਰਧਾਨ ਰਣਧੀਰ ਸਿੰਘ ਭੰਗੂ, ਮੁੱਖ ਸਲਾਹਕਾਰ ਸੁਖਵੀਰ ਸਿੰਘ ਪੂਨੀਆ ਤੇ ਦਲਜੀਤ ਸਿੰਘ ਸੇਖੋਂ ਤੋਂ ਇਲਾਵਾ ਬੀਬੀ ਪਰਮਜੀਤ ਕੌਰ ਵਿਰਕ, ਇਕਬਾਲ ਸਿੰਘ ਪੂਨੀਆ ਵੱਲੋਂ ਸੰਬੋਧਨ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਭਵਾਨੀਗੜ੍ਹ ਦੇ ਸਾਬਕਾ ਪ੍ਰਧਾਨ ਪ੍ਰੇਮ ਚੰਦ ਗਰਗ, ਨਰੇਸ਼ ਕੁਮਾਰ, ਬੰਟੀ ਨੰਬਰਦਾਰ, ਹੈਪੀ ਠੇਕੇਦਾਰ, ਗੁਰਵਿੰਦਰ ਸਿੰਘ, ਰਾਜਵਿੰਦਰ ਸਿੰਘ ਕਾਕੜਾ, ਵਰਿੰਦਰ ਸਿੰਘ, ਨਛੱਤਰ ਸਿੰਘ ਪ੍ਰਧਾਨ ਬੀਸੀ ਸੈਲ ਅਕਾਲੀ ਦਲ, ਰਿੰਕੂ ਪ੍ਰਧਾਨ ਰੇਹੜੀ ਯੂਨੀਅਨ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮੌਜ਼ੂਦ ਸਨ।