ਰਜਿ: ਨੰ: PB/JL-124/2018-20
RNI Regd No. 23/1979

ਸੇਵਾ ਤੇ ਸਿਮਰਨ ਦੇ ਪੁੰਜ-ਮਹੰਤ ਹਰਬੰਸ ਸਿੰਘ ‘ਸੇਵਾਪੰਥੀ’ 

BY admin / June 10, 2021
ਅਰਦਾਸ ਸਮਾਗਮ ’ਤੇ ਵਿਸ਼ੇਸ਼
ਭਾਈ ਕਨੱਈਆ ਰਾਮ ਜੀ ਤੋਂ ਚੱਲੀ ਸੰਪਰਦਾਇ ਵਿੱਚ ਅਨੇਕਾਂ ਸੰਤ ਮਹਾਤਮਾ ਪੈਦਾ ਹੋਏ ਹਨ। ਇਸ ਸੰਪਰਦਾਇ ਵਿੱਚ ਇੱਕ ਨਾਮਵਰ ਮਹਾਂਪੁਰਸ਼ ਹੋਏ ਹਨ। ਜਿਨ੍ਹਾਂ ਦਾ ਆਪਾ ਪ੍ਰਭੂ ਭਗਤੀ, ਸੇਵਾ, ਸਿਮਰਨ ਅਤੇ ਦੂਸਰਿਆਂ ਨੂੰ ਪਰਮਾਤਮਾ ਨਾਲ ਜੋੜਨ ਲਈ ਚਾਨਣ-ਮੁਨਾਰਾ ਹੁੰਦਾ ਸੀ। ਇਹੋ ਜਿਹੇ ਹੀ ਮਹਾਨ ਤਿਆਗੀ, ਵੈਰਾਗੀ, ਤਪੱਸਵੀ, ਪਰਉਪਕਾਰੀ ਮਹੰਤ ਹਰਬੰਸ ਸਿੰਘ ਜੀ ਸੇਵਾਪੰਥੀ ਪੰਜਾਬੀ ਬਾਗ਼ ਦਿੱਲੀ ਵਾਲੇ ਸਨ। ਮਹੰਤ ਹਰਬੰਸ ਸਿੰਘ ਜੀ ਦਾ ਜਨਮ 19 ਨਵੰਬਰ 1960ਈ: ਨੂੰ ਪਿਤਾ ਸ੍ਰ: ਪ੍ਰੀਤਮ ਸਿੰਘ ਅਤੇ ਮਾਤਾ ਗੁਰਬਚਨ ਕੌਰ ਦੇ ਘਰ ਗਾਂਧੀ ਨਗਰ ਦਿੱਲੀ ਵਿਖੇ ਹੋਇਆ। ਮਹੰਤ ਹਰਬੰੰਸ ਸਿੰਘ ਜੀ ਦੇ ਮਾਤਾ-ਪਿਤਾ ਟਿਕਾਣਾ ਭਾਈ ਮੂਲਾ ਸਾਹਿਬ ਜੀ ਰੋਹਤਕ ਵਿਖੇ ਆਉਂਦੇ ਜਾਂਦੇ ਰਹਿੰਦੇ ਸਨ। ਇੱਕ ਵਾਰ ਮਹੰਤ ਗੁਰਮੁਖ ਸਿੰਘ ਜੀ ਨੂੰ ਮਾਤਾ ਜੀ ਨੇ ਮੱਥਾ ਟੇਕਿਆ ਤੇ ਬੇਨਤੀ ਕੀਤੀ, ‘‘ਕਿ ਘਰ ਵਿੱਚ ਇੱਕ ਲੜਕੀ ਹੈ, ਔਲਾਦ ਹੋਵੋ।’’ ਮਹੰਤ ਗੁਰਮੁਖ ਸਿੰਘ ਜੀ ਕਹਿਣ ਲੱਗੇ, ‘‘ਜੇ ਤੀਜਾ ਬੱਚਾ ਟਿਕਾਣਾ ਸਾਹਿਬ ਤੇ ਭੇਟ ਕਰੋਗੇ ਤਾਂ ਅਰਦਾਸ ਕਰਦੇ ਹਾਂ। ਤੇਰੇ ਘਰ ਔਲਾਦ ਹੋਵੇ ਜਾਵੇਗੀ।’’ ਮਾਤਾ ਗੁਰਬਚਨ ਕੌਰ ਨੇ ਕਿਹਾ, ‘‘ਤੁਹਾਡਾ ਹੁਕਮ ਸਿਰ ਮੱਥੇ, ਤੀਜਾ ਬੱਚਾ ਮੈਂ ਟਿਕਾਣਾ ਸਾਹਿਬ ਤੇ ਭੇਟ ਕਰ ਦਿਆਂਗੀ।’’ ‘ਸਾਧੂ ਬੋਲੇ ਸਹਿਜ ਸੁਭਾਇ’’ ਸਾਧ ਕਾ ਬੋਲਿਆ ਬਿਰਥਾ ਨਾ ਜਾਇ’’
ਮਹੰਤ ਗੁਰਮੁਖ ਸਿੰਘ ਜੀ ਦੇ ਬਚਨਾਂ ਅਨੁਸਾਰ ਇਹਨਾਂ ਦੇ ਘਰ ਤਿੰਨ ਪੁੱਤਰ ਹੋਏ। ਪਹਿਲੇ ਦਾ ਨਾਂ ਗੁਰਸ਼ਰਨ ਸਿੰਘ, ਦੂਜੇ ਦਾ ਨਾਂ ਦਰਸ਼ਨ ਸਿੰਘ ਤੇ ਤੀਜੇ ਪੁੱਤਰ ਦਾ ਨਾਂ ਹਰਬੰਸ ਸਿੰਘ ਰੱਖਿਆ ਗਿਆ। ਜਦੋਂ ਹਰਬੰਸ ਸਿੰਘ ਜੀ ਚਾਰ-ਪੰਜ ਸਾਲ ਦੇ ਹੋਏ ਤਾਂ ਮਾਤਾ ਜੀ ਟਿਕਾਣਾ ਭਾਈ ਮੂਲਾ ਸਾਹਿਬ ਭਿਵਾਨੀ ਰੋਡ ਰੋਹਤਕ ਵਿਖੇ ਮਹੰਤ ਗੁਰਮੁਖ ਸਿੰਘ ਜੀ ਕੋਲ ਲੈ ਆਏ। ਮਹੰਤ ਜੀ ਨੇ ਮਾਤਾ ਜੀ ਨੂੰ ਕਿਹਾ, ਇਹ ਹਾਲੇ ਛੋਟਾ ਹੈ, ਵੱਡਾ ਹੋਵੇਗਾ ਤਾਂ ਲੈ ਲਵਾਂਗੇ। 
ਮਹੰਤ ਹਰਬੰਸ ਸਿੰਘ ਜੀ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗਾਂਧੀ ਨਗਰ ਦਿੱਲੀ ਵਿਖੇ ਚੱਲ ਰਹੇ ਗੁਰੂ ਨਾਨਕ ਹਾਈ ਸਕੂਲ ਵਿੱਚ ਚੌਥੀ ਜਮਾਤ ਤੱਕ ਵਿੱਦਿਆ ਪ੍ਰਾਪਤ ਕੀਤੀ। ਮਾਤਾ-ਪਿਤਾ ਨੇ ਹਰਬੰਸ ਸਿੰਘ ਨੂੰ ਨੌਂ ਸਾਲ ਦੀ ਉਮਰ ਵਿੱਚ ਟਿਕਾਣਾ ਸਾਹਿਬ ਵਿਖੇ ਮਹੰਤ ਗੁਰਮੁਖ ਸਿੰਘ ਜੀ ਕੋਲ ਸੌਂਪ ਦਿੱਤਾ। ਟਿਕਾਣੇ ਵਿੱਚ ਆਪ ਅੰਮਿ੍ਰਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਨਿੱਤ-ਨੇਮ ਕਰਨਾ ਆਪ ਦੇ ਜੀਵਨ ਦਾ ਆਧਾਰ ਬਣ ਗਏ। ਗੁਰੂ ਨਾਨਕ ਹਾਈ ਸਕੂਲ ਕਿਲ੍ਹਾ ਮਹੱਲਾ ਰੋਹਤਕ ਤੋਂ ਪੰਜਵੀਂ ਸ਼ੇ੍ਰਣੀ ਪਾਸ ਕੀਤੀ। ਉਸ ਤੋਂ ਬਾਅਦ ਬਾਬਾ ਭਗਵਾਨ ਸਿੰਘ ਜੀ, ਗੁਰਭਾਈ ਮਹੰਤ ਗੁਰਮੁਖ ਸਿੰਘ ਜੀ ਪਾਸੋਂ ਜਪੁਜੀ ਸਾਹਿਬ, ਸੁਖਮਨੀ ਸਾਹਿਬ, ਰਹਰਾਸਿ ਸਾਹਿਬ ਦੇ ਪਾਠ ਦੀ ਸੰਥਿਆ ਰੋਹਤਕ ਵਿਖੇ ਪ੍ਰਾਪਤ ਕੀਤੀ। ਬਾਬਾ ਭਗਵਾਨ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਸੰਤ ਮਨੋਹਰ ਸਿੰਘ ਜੀ ਰਾਗੀ ਪਾਸੋਂ ਪੰਜ ਗ੍ਰੰਥੀ, ਬਾਈ ਵਾਰਾਂ, ਭਗਤ ਬਾਣੀ ਆਦਿਕ ਪੜ੍ਹੀ।  ਟਿਕਾਣਾ ਭਾਈ ਮੂਲਾ ਸਾਹਿਬ ਜੀ ਭਿਵਾਨੀ ਰੋਡ ਤੇ ਰੋਹਤਕ ਵਿਖੇ ਰੋਜ਼ਾਨਾ ਸ਼ਾਮ ਨੂੰ ਆਰਤੀ, ਸ਼ਬਦ ਕੀਰਤਨ ਤੋਂ ਬਾਅਦ ਗੁਰ ਪ੍ਰਤਾਪ ਸੂਰਜ ਗ੍ਰੰਥ (ਸੂਰਜ ਪ੍ਰਕਾਸ਼) ਦੀ ਕਥਾ ਹੁੰਦੀ ਸੀ। ਮਹੰਤ ਹਰਬੰਸ ਸਿੰਘ ਜੀ ਰੋਜ਼ਾਨਾ ਪੋਥੀ ਪੜ੍ਹਦੇ ਸਨ। ਮਹੰਤ ਗੁਰਮੁਖ ਸਿੰਘ ਜੀ ਦੀ ਕਿਰਪਾ ਸਦਕਾ ਅਤੇ ਵੱਡਿਆਂ ਦੀਆਂ ਅਸੀਸਾਂ ਸਦਕਾ ਕਥਾ ਸੁਣ ਕੇ ਕੁਝ ਗਿਆਨ ਪ੍ਰਾਪਤ ਹੋ ਗਿਆ। ਦੋ ਸਾਲ ਬਾਅਦ ਮਹੰਤ ਗੁਰਮੁਖ ਸਿੰਘ ਜੀ ਦੀ ਮੁੱਠੀ-ਚਾਪੀ ਕਰਨੀ,ਪੱਖਾ ਝੱਲਣਾ, ਲੰਗਰ ਛਕਾਉਣਾ। ਜਦੋਂ ਤੋਂ ਆਪ ਨੂੰ ਟਿਕਾਣਾ ਸਾਹਿਬ ਵਿਖੇ ਸੌਂਪਿਆ ਗਿਆ, ਆਪ ਪਰਿਵਾਰਿਕ ਮੋਹ ਤੋਂ ਬਿਲਕੁਲ ਮੁਕਤ ਸਨ। ਮਹੰਤ ਗੁਰਮੁਖ ਸਿੰਘ ਜੀ ਨੇ ਆਪ ਨੂੰ ਇਤਨਾ ਪਿਆਰ ਦਿੱਤਾ ਕਿ ਘਰ ਜਾਣ ਲਈ ਮਨ ਹੀ ਨਹੀਂ ਕਰਦਾ ਸੀ। ਮਹਾਂਪੁਰਸ਼ਾਂ ਦੀ ਸੇਵਾ ਸਦਕਾ ਆਪ ਉੱਚ ਕੋਟੀ ਦੇ ਚੰਗੇ ਕਥਾਕਾਰ ਬਣ ਗਏ। ਮਹੰਤ ਗੁਰਮੁਖ ਸਿੰਘ ਜੀ ਨੇ ਆਪ ਨੂੰ ਵੱਡੇ ਮਹਾਂਪੁਰਖਾਂ ਦੇ ਬਚਨ ਸੁਣਾਉਣੇ, ਸ਼ੁੱਭ ਸਿੱਖਿਆ ਦੇਣੀ। ਆਪ ਜੀ ਨੇ ਮਹੰਤ ਗੁਰਮੁਖ ਸਿੰਘ ਜੀ ‘ਸੇਵਾਪੰਥੀ’ ਦਾ ਹਰ ਬਚਨ ਸਤ ਕਰਕੇ ਮੰਨਿਆ।  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ, ਰਹਰਾਸਿ ਸਾਹਿਬ, ਕੀਰਤਨ ਸੋਹਿਲਾ ਦੇ ਪਾਠ ਉਪਰੰਤ ਅਰਦਾਸ ਤੇ ਸੁਖਾਸਣ ਕਰਨਾ, ਕੜਾਹ-ਪ੍ਰਸ਼ਾਦ ਬਣਾਉਣਾ, ਪਾਠੀ  ਸਿੰਘਾਂ ਦੀਆਂ ਸਾਰੇ ਕੰਮਾਂ ਵਿੱਚ ਡਿਉੂਟੀਆਂ ਲਗਾਉਣੀਆਂ। ਮਹੰਤ ਜੀ ਨੇ ਸਕੂਲ ਤੇ ਹਸਪਤਾਲ ਦੀਆਂ ਮੀਟਿੰਗਾਂ ਵਿੱਚ ਬਹੁਤ ਸਮਾਂ ਬਿਤਾਉਣਾ, ਭੇਖ ਭਗਵਾਨ ਸਾਧੂ-ਸੰਤਾਂ ਦੀ ਮੀਟਿੰਗ ਅਤੇ ਚੱਲਦੇ ਅਦਾਰਿਆਂ ਦੀਆਂ ਮੀਟਿੰਗਾਂ ਵਿੱਚ ਮਹੰਤ ਹਰਬੰਸ ਸਿੰਘ ਜੀ ਨੂੰ ਨਿਪੁੰਨ ਕੀਤਾ। ਮਹੰਤ ਗੁਰਮੁਖ ਸਿੰਘ ਜੀ ਨੇ ਆਪਣੇ ਜਿਉੂਂਦੇ-ਜੀਅ ਹੀ ਮਹੰਤ ਹਰਬੰਸ ਸਿੰਘ ਜੀ ‘ਸੇਵਾਪੰਥੀ’ ਨੂੰ ਪੰਜਾਬੀ ਬਾਗ਼ ਦਿੱਲੀ ਡੇਰੇ ਦੀ ਸਾਰੀ ਜ਼ੁੰਮੇਵਾਰੀ ਸੌਂਪ ਦਿੱਤੀ ਸੀ। ਮਹੰਤ ਗੁਰਮੁਖ ਸਿੰਘ ਜੀ ‘ਸੇਵਾਪੰਥੀ’ ਦੇ 8 ਫ਼ਰਵਰੀ 1993 ਈ: ਨੂੰ ਸੱਚ-ਖੰਡ ਪਿਆਨਾ ਕਰ ਜਾਣ ਉਪਰੰਤ ਸੇਵਾਪੰਥੀ ਭੇਖ ਅਤੇ ਸਰਬੱਤ ਸਾਧਸੰਗਤ ਨੇ ਟਿਕਾਣੇ ਦੀ ਸੇਵਾ 24 ਫ਼ਰਵਰੀ 1993 ਈ: ਨੂੰ ਮਹੰਤ ਹਰਬੰਸ ਸਿੰਘ ਜੀ ‘ਸੇਵਾਪੰਥੀ’ ਨੂੰ ਸਰਬੱਤ ਸਾਧਸੰਗਤ ਦੇ ਭਾਰੀ ਇਕੱਠ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮਹੰਤ ਤੀਰਥ ਸਿੰਘ ਜੀ ‘ਸੇਵਾਪੰਥੀ’ ਪ੍ਰਧਾਨ, ਮਹੰਤ ਪਰਮਜੀਤ ਸਿੰਘ ਜੀ ‘ਸੇਵਾਪੰਥੀ’ ਜਨਰਲ ਸਕੱਤਰ, ਬਾਵਾ ਜੀ (ਗੁਰਭਾਈ) ਮਹਾਰਾਜ ਨੇ ਪੰਜ ਦਸਤਾਰਾਂ ਅਤੇ ਝਾੜੂ ਤੇ ਬਾਟਾ ਦੇ ਕੇ ਸੌਂਪੀ ਟਿਕਾਣਾ ਭਾਈ ਆਇਆ ਰਾਮ ਜੀ ਦਿੱਲੀ, ਟਿਕਾਣਾ ਭਾਈ ਮੂਲਾ ਸਾਹਿਬ ਜੀ ਭਿਵਾਨੀ ਰੋਡ ਰੋਹਤਕ, ਗੁਰਦੁਆਰਾ ਮਹੰਤ ਹਰਿਦਰਸ਼ਨ ਸਿੰਘ ਜੀ (ਆਸ਼ਰਮ ਹਰਿਦਰਸ਼ਨ ਦੁਆਰ ਹਰਿਦੁਆਰ), ਗੁਰੂ ਨਾਨਕ ਹਾਈ ਸਕੂਲ ਕਿਲ੍ਹਾ ਮਹੱਲਾ ਰੋਹਤਕ, 50 ਏਕੜ ਜ਼ਮੀਨ ਪਿੰਡ ਸੈਂਪਲ ਜ਼ਿਲ੍ਹਾ ਰੋਹਤਕ, ਚੱਲ ਅਚੱਲ ਸੰਪਤੀ ਦੀ ਜ਼ੁੰਮੇਵਾਰੀ ਵੀ ਸੌਂਪੀ। ਮਹੰਤ ਹਰਬੰਸ ਸਿੰਘ ਜੀ ਨੂੰ ਮਹੰਤ ਗੁਰਮੁਖ ਸਿੰਘ ਜੀ ਟ੍ਰਸਟ ਦਾ ਚੇਅਰਮੈਨ ਬਣਾਇਆ। 
ਮਹੰਤ ਹਰਬੰਸ ਸਿੰਘ ਜੀ ‘ਸੇਵਾਪੰਥੀ’ ਨੇ 1993 ਤੋਂ 2021 ਈ: ਤੱਕ ਲਗਾਤਾਰ 28 ਸਾਲ ਇਸ ਸੇਵਾ ਨੂੰ ਬੜੀ ਤਨਦੇਹੀ ਨਾਲ ਨਿਭਾਇਆ। ਮਹੰਤ ਜੀ ਨੇ ਟਿਕਾਣੇ ਦੀ ਸੇਵਾ ਸੰਭਾਲਣ ਉਪਰੰਤ ਕਥਾ-ਕੀਰਤਨ, ਗੁਰਬਾਣੀ ਦਾ ਅਥਾਹ ਪ੍ਰਵਾਹ, ਗੁਰੂ ਕਾ ਲੰਗਰ ਦਾ ਅਤੁੱਟ ਪ੍ਰਵਾਹ, ਆਏ ਰਾਹਗੀਰ ਮੁਸਾਫ਼ਰਾਂ ਦੇ ਲਈ ਸੁੱਖ ਆਰਾਮ ਦਾ ਜੋ ਪ੍ਰਵਾਹ ਚਲਾਇਆ, ਉਹ ਆਪਣੀ ਮਿਸਾਲ ਆਪ ਹੈ। ਮਹੰਤ ਹਰਬੰਸ ਸਿੰਘ ਜੀ ਨੇ ਆਪਣੇ ਸੇਵਾ ਕਾਲ ਦੌਰਾਨ ਟਿਕਾਣੇ ਦਾ ਬਹੁਤ ਵਿਸਥਾਰ ਕੀਤਾ। ਮਹੰਤ ਹਰਬੰਸ ਸਿੰਘ ਜੀ ਕੋਲ ਟਿਕਾਣਾ ਸਾਹਿਬ ਵਿਖੇ ਗ਼ਰੀਬ, ਲੋੜਵੰਦ, ਦੁਖੀ ਜੋ ਵੀ ਆ ਜਾਂਦਾ, ਆਪ ਉਸ ਦੀ ਵੱਧ ਤੋਂ ਵੱਧ ਸਹਾਇਤਾ ਕਰਦੇ ਸਨ। ਮਹੰਤ ਜੀ ਸੁਭਾਅ ਦੇ ਨਰਮ, ਮਿੱਠਬੋਲੜੇ, ਦਿਆਲੂ, ਗੁਰਮੁਖ ਤੇ ਸਾਧੂ-ਸੁਭਾਅ ਵਾਲੇ ਸਨ। ਮਹੰਤ ਹਰਬੰਸ ਸਿੰਘ ਜੀ ‘ਸੇਵਾਪੰਥੀ’ ਦੀ ਸਰਪ੍ਰਸਤੀ ਵਿੱਚ ਟਿਕਾਣਾ ਸਾਹਿਬ ਵਿਖੇ ਹਰ ਸਾਲ ਦੋ ਸਾਲਾਨਾ ਸਮਾਗਮ ਹੁੰਦੇ ਸਨ। ਪਹਿਲਾ, ਭਾਈ ਆਇਆ ਰਾਮ ਜੀ, ਮਹੰਤ ਸਾਹਿਬ ਦਿਆਲ ਜੀ, ਮਹੰਤ ਹਰਿਦਰਸ਼ਨ ਸਿੰਘ ਜੀ, ਸੰਤ ਬਾਵਾ ਹਰਬੰਸ ਲਾਲ ਜੀ, ਮਹੰਤ ਗੁਰਮੁਖ ਸਿੰਘ ਜੀ ‘ਸੇਵਾਪੰਥੀ’ ਦਾ ਯੱਗ-ਭੰਡਾਰਾ ਅਤੇ ਕੀਰਤਨ ਦਰਬਾਰ 8 ਫ਼ਰਵਰੀ ਨੂੰ ਅਤੇ ਦੂਜਾ 31 ਦਸੰਬਰ ਰਾਤ ਨੂੰ ਸਾਹਿਬ-ਏ-ਕਮਾਲ, ਦੁਸ਼ਟ ਦਮਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਦੇ ਸੰਬੰਧ ਵਿੱਚ ਅਤੇ ਨਵੇਂ ਸਾਲ ਦੇ ਆਗਮਨ ਦੀ ਖ਼ੁਸ਼ੀ ਵਿੱਚ ਹੁੰਦਾ। ਦੋਨੋਂ ਸਮਾਗਮਾਂ ਵਿੱਚ ਪੰਥ ਦੇ ਪ੍ਰਸਿੱਧ ਰਾਗੀ, ਪ੍ਰਚਾਰਕ, ਵਿਦਵਾਨ, ਸੰਤ-ਮਹਾਂਪੁਰਸ਼ ਅੰਮਿ੍ਰਤਮਈ ਬਾਣੀ ਦੁਆਰਾ ਸੰਗਤਾਂ ਨੂੰ ਨਿਹਾਲ ਕਰਦੇ। ਗੁਰੂ ਕਾ ਲੰਗਰ ਅਤੁੱਟ ਵਰਤਦਾ। ਸੇਵਾ, ਸਿਮਰਨ ਦੇ ਪੁੰਜ, ਪਰਉਪਕਾਰੀ ਮਹੰਤ ਹਰਬੰਸ ਸਿੰਘ ਜੀ ‘ਸੇਵਾਪੰਥੀ’ 26 ਮਈ 2021 ਦਿਨ ਬੁੱਧਵਾਰ ਨੂੰ 61 ਸਾਲ ਦੀ ਉਮਰ ਬਤੀਤ ਕਰਕੇ ਸੱਚ-ਖੰਡ ਜਾ ਬਿਰਾਜੇ। ਉਹਨਾਂ ਦੀ ਮਿੱਠੀ ਯਾਦ ਵਿੱਚ ਅਰਦਾਸ ਸਮਾਗਮ ਸੇਵਾਪੰਥੀ ਗੁਰਦੁਆਰਾ ਟਿਕਾਣਾ ਸਾਹਿਬ, 27/41, ਪੰਜਾਬੀ ਬਾਗ਼ ਨਵੀਂ ਦਿੱਲੀ ਵਿਖੇ 11 ਜੂਨ ਦਿਨ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗਾ। ਜਿਸ ਵਿੱਚ ਮੀਰੀ ਪੀਰੀ ਖ਼ਾਲਸਾ ਜਥਾ, ਭਾਈ ਗਗਨਦੀਪ ਸਿੰਘ ਜੀ ਗੰਗਾਨਗਰ, ਭਾਈ ਚਮਨਜੀਤ ਸਿੰਘ ਜੀ ਲਾਲ ਦਿੱਲੀ, ਸਿੰਘ ਸਾਹਿਬਾਨ, ਸੇਵਾਪੰਥੀ, ਨਿਰਮਲੇ, ਉਦਾਸੀ ਸੰਤ  ਮਹਾਂਪੁਰਖ ਅੰਮਿ੍ਰਤਮਈ ਬਚਨਾਂ ਤੇ ਵੈਰਾਗਮਈ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰਦੁਆਰਾ ਸਾਹਿਬ ਵਿੱਚ ਮਾਸਕ ਲਗਾ ਕੇ ਰੱਖਣਾ, ਹੱਥ ਸੈਨੇਟਾਇਜ਼ ਕਰਕੇ ਆਉਣਾ ਅਤੇ ਹਾਜ਼ਰੀ ਭਰਦੇ ਹੋਏ ਦੂਰੀ ਬਣਾ ਕੇ ਰੱਖਣਾ ਜ਼ਰੂਰੀ ਹੈ। ਅਰਦਾਸ ਸਮਾਗਮ ਦਾ ਸਿੱਧਾ ਪ੍ਰਸਾਰਣ ਐਮ.ਐਚ.ਵਨ., ਬਾਣੀ ਡੋਟ ਨੈੱਟ, ਅੰਮਿ੍ਰਤ ਬਾਣੀ ਡੋਟ ਨੈੱਟ ਤੇ ਹੋਵੇਗਾ। 
ਕਰਨੈਲ ਸਿੰਘ ਐਮ. ਏ. ਲੁਧਿਆਣਾ
#1138/63-ਏ, ਗੁਰੂ ਤੇਗ਼ ਬਹਾਦਰ ਨਗਰ
ਗਲੀ ਨੰਬਰ-1, ਚੰਡੀਗੜ੍ਹ ਰੋਡ
ਜਮਾਲਪੁਰ, ਲੁਧਿਆਣਾ
 
0.