ਰਜਿ: ਨੰ: PB/JL-124/2018-20
RNI Regd No. 23/1979

ਆਪਣੇ ਬੱਚਿਆਂ ਨੂੰ ਉੱਚ ਵਿੱਦਿਆ ਦਿਓ - ਸੰਤ ਸਰਵਣ ਦਾਸ ਜੀ

BY admin / June 10, 2021
ਡੇਰਾ ਸੱਚਖੰਡ ਬੱਲਾਂ ਦੀ ਪਵਿੱਤਰ ਧਰਤੀ ’ਤੇ ਮਹਾਨ ਮਹਾਂਪੁਰਸ਼, ਮਹਾਨ ਵਿਦਵਾਨ, ਗਰੀਬਾਂ ਤੇ ਮਜਲੂਮਾਂ ਦੇ ਹਮਦਰਦ, ਸਮਾਨਤਾ, ਸੁਤੰਤਰਤਾ ਤੇ ਭਾਈਚਾਰੇ ਦੇ ਪ੍ਰਤੀਕ, ਬਾਣੀ ਦੇ ਰੱਸੀਏ, ਰਵਿਦਾਸੀਆ ਕੌਮ ਨੂੰ ਚੜ੍ਹਦੀ ਕਲਾ ’ਚ ਲਿਜਾਣ ਵਾਲੇ, ਬ੍ਰਹਮ ਗਿਆਨੀ, ਰੱਬੀ ਜੋਤ, ਮਹਾਨ ਸੰਤ, ਬੇਗਮਪੁਰੇ ਦੇ ਸੰਕਲਪ ਨੂੰ ਪੂਰਾ ਕਰਨ ਲਈ ਯਤਨਸ਼ੀਲ, ਮਹਾਨ ਤਪੱਸਵੀ, ਬਨਾਰਸ ਦੀ ਧਰਤੀ ’ਤੇ ਦਲਿਤਾਂ ਦਾ ਮਹਾਨ ਤੀਰਥ ਅਸਥਾਨ ਸਥਾਪਿਤ ਕਰਨ ਵਾਲੇਮਹਾਂਪੁਰਸ਼, ਸਤਿਗੁਰੂ ਰਵਿਦਾਸ ਮਿਸ਼ਨ ਨੂੰ ਸਮਰਪਿਤ ਸ੍ਰੀ 108 ਸੰਤ ਸਰਵਣ ਦਾਸ ਜੀ ਅੱਜ ਦੇ ਦਿਨ 11 ਜੂਨ 1972 ਨੂੰ ਸਾਡੇ ਤੋਂ ਸਰੀਰਕ ਰੂਪ ’ਚ ਰੁੱਖਸਤ ਹੋ ਗਏ ਪ੍ਰੰਤੂ ਉਹਨਾਂ ਦੇ ਕੌਮ ਪ੍ਰਤੀ ਕੀਤੇ ਗਏ ਉਪਕਾਰਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਇਹ ਰਵਿਦਾਸੀਆ ਕੌਮ ਮਹਾਨ ਸੰਤਾਂ ਦੀ ਹਮੇਸ਼ਾ ਰਿਣੀ ਰਹੇਗੀ। ਸੰਤਾਂ ਦਾ ਜਨਮ ਭਾਵੇਂ 15 ਫਰਵਰੀ 1895 ਈ. ਨੂੰ ਸਤਿਕਾਰਯੋਗ ਬਾਬਾ ਪਿੱਪਲ ਦਾਸ ਜੀ ਤੇ ਸਤਿਕਾਰਯੋਗ ਮਾਤਾ ਸ਼ੋਭਾਵੰਤੀ ਜੀ ਦੇ ਗ੍ਰਹਿ ਪਿੰਡ ਗਿੱਲ ਪੱਤੀ, ਜਿਲ੍ਹਾ ਬਠਿੰਡਾ (ਪੰਜਾਬ) ’ਚ ਹੋਇਆ ਪ੍ਰੰਤੂ ਉਹਨਾਂ ਨੇ ਵੱਡੇ ਹੋ ਕੇ ਬੱਲਾਂ ਦੀ ਧਰਤੀ ਨੂੰ ਪਵਿੱਤਰ ਕਰਕੇ ਜੰਗਲ ’ਚ ਮੰਗਲ ਲਗਾ ਦਿੱਤਾ। ਜਿੱਥੇ ਲੱਖਾਂ ਦੀ ਗਿਣਤੀ ’ਚ ਸ਼ਰਧਾਲੂ ਦੇਸ਼ਾਂ-ਵਿਦੇਸ਼ਾਂ ਤੋਂ ਆ ਕੇ ਨਤਮਸਤਕ ਹੁੰਦੇ ਹਨ। ਏਨਾ ਹੀ ਨਹੀਂ, ਉਹਨਾਂ ਦੀਆਂ ਅਨੇਕਾਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ। ਮਨ ਨੂੰ ਸ਼ਾਂਤੀ ਮਿਲਦੀ ਹੈ। ਸ਼ਾਂਤ ਮਨ ਨਾਲ ਭਾਈਚਾਰਕ ਸਾਂਝ ਪੈਦਾ ਹੁੰਦੀ ਹੈ। ਸ਼ਰਧਾਲੂ ਕੌਮ ਦੀ ਚੜ੍ਹਦੀ ਕਲਾ ਲਈ ਤਨ, ਮਨ ਤੇ ਧੰਨ ਨਾਲ ਸਹਿਯੋਗ ਕਰਦੇ ਹਨ। ਸੰਤ ਸਰਵਣ ਦਾਸ ਜੀ ਨੇ ਮੁੱਢਲੀ ਵਿੱਦਿਆ ਸੰਤ ਕਰਤਾ ਨੰਦ ਜੀ ਪਾਸੋਂ ਪ੍ਰਾਪਤ ਕੀਤੀ। ਨਾਮ ਦੀ ਦਾਤ ਸੁਆਮੀ ਹਰਨਾਮ ਦਾਸ ਜੀ ਪਾਸੋਂ ਪ੍ਰਾਪਤ ਕੀਤੀ। ਨਾਮ ਦੀ ਸੱਚੀ ਕਮਾਈ ਕਰਕੇ ਡੇਰੇ ’ਚ ਸੰਗਤਾਂ ਨੂੰ ਨਾਮ ਨਾਲ ਜੋੜਿਆ। ਇੱਥੇ ਹੀ ਬੱਸ ਨਹੀਂ, ਉਹਨਾਂ ਨੇ ਗਰੀਬ ਬੱਚਿਆਂ ਨੂੰ ਡੇਰੇ ’ਚ ਪੜ੍ਹਾਇਆ। ਉਨ੍ਹਾਂ ਨੂੰ ਉੱਚ ਸਿੱਖਿਆ ਪ੍ਰਦਾਨ ਕੀਤੀ। ਬੱਚਿਆਂ ਦਾ ਪੜ੍ਹਾਈ ’ਚ ਉਤਸ਼ਾਹ ਵਧਾਉਣ ਲਈ ਉਹਨਾਂ ਨੂੰ ਖੀਰ, ਪੂੜੀ, ਮਾਹਲ-ਪੂੜੇ ਖੁਆ ਕੇ ਉਹਨਾਂ ਦੇ ਮਨੋਬਲ ਨੂੰ ਉੱਚਾ ਚੁੱਕਿਆ। ਉਹਨਾਂ ਸਮਾਨਤਾ, ਸੁਤੰਤਰਤਾ ਤੇ ਭਾਈਚਾਰੇ ਦੀ ਸਾਂਝ ਪੱਕੀ ਕਰਨ ਲਈ ਡੇਰੇ ’ਚ ਲੰਗਰ ਪ੍ਰਥਾ ਸ਼ੁਰੂ ਕੀਤੀ ਤੇ ਇੱਕੋ ਪੰਗਤ ’ਚ ਬੈਠਾ ਕੇ ਜਾਤ-ਪਾਤ ਵਰਗੀ ਭਿਆਨਕ ਬੀਮਾਰੀ ਨੂੰ ਜੜ੍ਹੋਂ ਖਤਮ ਕੀਤਾ। ਸੰਤਾਂ ਨੇ ਗਰੀਬ ਬੱਚਿਆਂ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਹਨਾਂ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਲਈ, ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ਾਂ ’ਚ ਵੀ ਭੇਜਿਆ। ਮਹਾਂਪੁਰਸ਼ਾਂ ਨੇ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਲਈ ਸੀਰ ਗੋਵਰਧਨਪੁਰ ਬਨਾਰਸ ’ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜਨਮ ਭੂਮੀ ’ਤੇ ਇੱਕ ਆਲੀਸ਼ਾਨ ਮੰਦਰ ਬਣਾ ਕੇ, ਉਹਨਾਂ ਨੂੰ ਧਾਰਮਿਕ ਤੌਰ ’ਤੇ ਦੂਸਰਿਆਂ ਦੇ ਬਰਾਬਰ ‘ਮਹਾਨ ਤੀਰਥ ਅਸਥਾਨ’ ਬਣਾ ਕੇ ਦਿੱਤਾ, ਜਿਸ ਦਾ ਨੀਂਹ ਪੱਥਰ 14 ਜੂਨ 1965 ਈ. ਹਾੜ੍ਹ ਦੀ ਸੰਗਰਾਂਦ ਵਾਲੇ ਦਿਨ ਰੱਖਿਆ ਗਿਆ ਸੀ, ਜਿੱਥੇ ਅੱਜ ਸੱਤ ਮੰਜ਼ਿਲਾ ਮੰਦਰ ਬਣ ਕੇ ਤਿਆਰ ਹੋ ਗਿਆ ਹੈ। ਮੰਦਰ ਦੇ 31 ਗੁੰਬਦਾਂ ਨੂੰ ਸੋਨੇ ’ਚ ਮੜ੍ਹਿਆ ਜਾ ਚੁੱਕਾ ਹੈ। ਇਸ ਮੰਦਰ ਦੀ ਉਸਾਰੀ ’ਚ ਡੇਰੇ ਦੇ ਮਹਾਂਪੁਰਸ਼ਾਂ ਵੱਲੋਂ ਸਮੇਂ-ਸਮੇਂ ਤੇ ਆਪਣੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ‘ਸ੍ਰੀ ਗੁਰੂ ਰਵਿਦਾਸ ਗੇਟ’ ਦਾ ਉਦਘਾਟਨ ਭਾਰਤ ਦੇ ਰਾਸ਼ਟਰਪਤੀ ਮਾਨਯੋਗ ਕੋਚਰਿਲ ਰਮਨ ਨਰਾਇਣਨ ਅਤੇ ਸੱਤ ਮੰਜਿਲਾਂ ਮੰਦਰ ਦੇ ਉਪਰਲੇ ਵੱਡੇ ਗੁੰਬਦਾਂ ’ਤੇ ਸੱਤ ਫੁੱਟ ਸੋਨੇ ਦੇ ਕਲਸ਼ ਦਾ ਉਦਘਾਟਨ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਮਾਨਯੋਗ ਸਾਹਿਬ ਕਾਂਸ਼ੀ ਰਾਮ ਜੀ ਕਰ ਚੁੱਕੇ ਹਨ। ਸੰਤ ਸਰਵਣ ਦਾਸ ਜੀ ਦੇ ਮਹਾਨ ਪਰਉਪਕਾਰਾਂ ਕਰਕੇ ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਮਹਾਂਪੁਰਸ਼ਾਂ ਵੱਲੋਂ ਸੰਤ ਸਰਵਣ ਦਾਸ ਚੈਰੀਟੇਬਲ ਹਸਪਤਾਲ ਅੱਡਾ ਕਠਾਰ, ਸੰਤ ਸਰਵਣ ਦਾਸ ਅੱਖਾਂ ਦਾ ਹਸਪਤਾਲ ਬੱਲ, ਬੇਗਮਪੁਰਾ ਸ਼ਹਿਰ ਸਪਤਾਹਿਕ ਪੱਤਿ੍ਰਕਾ, ਸੰਤ ਸਰਵਣ ਦਾਸ ਮਾਡਲ ਸਕੂਲ ਹਦੀਆਬਾਦ (ਫਗਵਾੜਾ), ਸ੍ਰੀ ਗੁਰੂ ਰਵਿਦਾਸ ਸਤਿਸੰਗ ਭਵਨ, ਸੰਤ ਹਰੀ ਦਾਸ ਸਤਿਸੰਗ ਹਾਲ, ਲੰਗਰ ਹਾਲ ਆਦਿ ਉਸਾਰ ਕੇ ਸੰਗਤਾਂ ਦੀਆਂ ਸਹੂਲਤਾਂ ਲਈ ਚਾਰ ਚੰਨ ਲਾਏ ਗਏ ਹਨ ਤਾਂ ਕਿ ਰੋਗੀਆਂ ਦੀ ਕੋਈ ਵੀ ਬੀਮਾਰੀ ਦਾ ਇਲਾਜ ਸਸਤਾ ਤੇ ਅਸਾਨੀ ਨਾਲ ਕੀਤਾ ਜਾ ਸਕੇ। ਵਿਆਨਾ ’ਚ ਸੰਤ ਰਾਮਾ ਨੰਦ ਜੀ ਦੀ ਸ਼ਹਾਦਤ ਤੋਂ ਬਾਅਦ ‘‘ਸ੍ਰੀ ਗੁਰੂ ਰਵਿਦਾਸ ਅੰਮਿ੍ਰਤਬਾਣੀ’’ 30 ਜਨਵਰੀ 2010 ਨੂੰ ਹੋਂਦ ’ਚ ਆਈ। ਅੱਜ ਤੱਕ ਹਜਾਰਾਂ ਦੀ ਗਿਣਤੀ ’ਚ ਇਹਨਾਂ ਨੂੰ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਆਪਣੇ ਧਾਰਮਿਕ ਅਸਥਾਨਾਂ, ਘਰਾਂ ’ਚ ਲਿਜਾ ਕੇ ਸੁਸ਼ੋਭਿਤ ਕਰ ਚੁੱਕੇ ਹਨ। ਕੌਮ ਦਾ ਨਿਸ਼ਾਨ ‘ਹਰਿ’, ਧਰਮ ‘ਰਵਿਦਾਸੀਆ’, ਨਾਅਰਾ ‘ਜੈ ਗੁਰਦੇਵ’, ਨੂੰ ਮਾਣਤਾ ਦਿੱਤੀ ਗਈ ਹੈ। ਡੇਰੇ ਵੱਲੋਂ 60 ਦੇ ਲੱਗਭਗ ਵਿਦਵਾਨਾਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ ਜੋ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਘਰਘਰ ਪਹੁੰਚਾਉਣ ਲਈ ਕਿਤਾਬਾਂ ਲਿਖ ਚੁੱਕੇ ਹਨ। ਕਈ ਸੈਂਕੜਿਆਂ ਦੀ ਗਿਣਤੀ ’ਚ ਸੀਡੀਜ਼, ਡੀ.ਵੀ.ਡੀ., ਕੈਸਿਟਾਂ, ਵੀਡਿਓ ਕੈਸਿਟਾਂ ਕਲਾਕਾਰਾਂ ਵੱਲੋਂ ਸੰਤਾਂ ਦੀ ਪ੍ਰੇਰਨਾ ਨਾਲ ਰਿਲੀਜ਼ ਹੋ ਚੁੱਕੀਆਂ ਹਨ। ਇਹ ਸਭ ਮਹਾਂਪੁਰਸ਼ ਸੰਤ ਸਰਵਣ ਦਾਸ ਜੀ ਦੀ ਮਹਾਨ ਦੇਣ ਸਕਦਾ ਹੈ। ਡੇਰੇ ਨੂੰ ਚੜ੍ਹਦੀ ਕਲਾ ’ਚ ਲਿਜਾਣ ਲਈ ਮੌਜੂਦਾ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਜੀ ਦੀ ਅਗਵਾਈ ’ਚ ਕਾਰਜ ਹੋ ਰਿਹਾ ਹੈ। ਸੋ ਸਾਨੂੰ ਇੱਕਮੁੱਠ ਦਾ ਸਬੂਤ ਦੇ ਕੇ ਆਪਣੀ ਕੌਮ ਦੀ ਬੇਹਤਰੀ ਲਈ ਅੱਗੇ ਆਉਣਾ ਚਾਹੀਦਾ ਹੈ। ਆਪਣੇ ਬੱਚਿਆਂ ਨੂੰ ਉੱਚ ਵਿੱਦਿਆ ਦਿਓ, ਨਸ਼ਿਆਂ ਦਾ ਤਿਆਗ ਕਰੋ, ਤਾਂ ਹੀ ਅਸੀਂ ਤੇ ਰਵਿਦਾਸੀਆਂ ਕੌਮ ਅੱਗੇ ਵੱਧ ਸਕਦੀ ਹੈ। ਇਹੋ ਹੀ ਸੁਨੇਹਾ ਮਹਾਨ ਸੰਤ ਸਰਵਣ ਦਾਸ ਜੀ ਦਾ ਸੀ, ਜੋ ਸਾਨੂੰ ਉਹਨਾਂ ਦੀ ਬਰਸੀ ਸਮਾਗਮ ਤੋਂ ਪ੍ਰੇਰਨਾ ਲੈ ਕੇ, ਅਮਲੀ ਜਾਮਾ ਪਹਿਨਾਉਣਾ ਚਾਹੀਦਾ ਹੈ।
- ਡਾ. ਬੀ.ਆਰ. ਅੰਬੇਡਕਰ
ਪਿ੍ਰੰਸੀਪਲ ਪਰਮਜੀਤ ਜੱਸਲ
ਪਬਲਿਕ ਸੀਨੀਅਰ ਸੈਕੰਡਰੀ ਸਕੂਲ,
ਬੁਲੰਦਪੁਰ (ਜਲੰਧਰ)
ਮੋ. 98721-80653